ਅੰਮ੍ਰਿਤਸਰ – ਸਾਂਝੀਵਾਲਤਾ ਦੇ ਪ੍ਰਤੀਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਲਈ ‘ਵਰਲਡ ਬੁੱਕ ਆਫ ਰੀਕਾਰਡਜ਼’, ਲੰਡਨ (ਯੂ.ਕੇ.) ਵੱਲੋਂ ‘ਮੋਸਟ ਵਿਜ਼ਿਟਡ ਪਲੇਸ ਆਫ ਦਾ ਵਰਲਡ’ ਐਵਾਰਡ ਸ਼੍ਰੋਮਣੀ ਕਮੇਟੀ ਨੂੰ ਭੇਟ ਕੀਤਾ ਗਿਆ। ਇਹ ਐਵਾਰਡ ਦੇਸ਼-ਵਿਦੇਸ਼ਾਂ ਤੋਂ ਵੱਖ-ਵੱਖ ਧਰਮਾਂ, ਜਾਤਾਂ ਦੇ ਸ਼ਰਧਾਲੂਆਂ ਦੀ ਸਭ ਤੋਂ ਵੱਧ ਆਮਦ ਵਾਲਾ ਧਾਰਮਿਕ ਅਸਥਾਨ ਹੋਣ ਲਈ ਭੇਟ ਕੀਤਾ ਗਿਆ ਹੈ। ਇਹ ਐਵਾਰਡ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵੱਲੋਂ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਲੰਡਨ ਤੋਂ ਆਏ ਬੀਬੀ ਸੁਰਭੀ ਕੌਲ ਜਨਰਲ ਸੈਕਟਰੀ ਤੇ ਸ. ਰਨਦੀਪ ਸਿੰਘ ਕੋਹਲੀ ਪੰਜਾਬ ਪ੍ਰਧਾਨ ਦੀ ਟੀਮ ਪਾਸੋਂ ਪ੍ਰਾਪਤ ਕੀਤਾ। ਇਸ ਸਮੇਂ ਅੰਤ੍ਰਿੰਗ ਮੈਂਬਰ ਸ. ਸੁਰਜੀਤ ਸਿੰਘ ਭਿੱਟੇਵਡ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਸ. ਬਾਵਾ ਸਿੰਘ ਗੁਮਾਨਪੁਰਾ ਤੇ ਸ. ਹਰਜਾਪ ਸਿੰਘ ਸੁਲਤਾਨਵਿੰਡ ਵੀ ਮੌਜੂਦ ਸਨ। ਮੁੱਖ ਸਕੱਤਰ ਡਾ. ਰੂਪ ਸਿੰਘ ਵੱਲੋਂ ਬੀਬੀ ਸੁਰਭੀ ਕੌਲ, ਸ. ਰਨਦੀਪ ਸਿੰਘ ਕੋਹਲੀ, ਸ੍ਰੀ ਗੌਰਵ ਆਨੰਦ, ਕੈਪਟਨ ਅਭੀਨਵ ਗਰਗ, ਸ੍ਰੀ ਸਾਗਰ ਕਪੂਰ ਤੇ ਸ੍ਰੀ ਮਿਨੀ ਕੋਹਲੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦ ਸੁਨਹਿਰੀ ਮਾਡਲ, ਸਿਰੋਪਾਓ ਤੇ ਲੋਈ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ। ਰੂਪ ਸਿੰਘ ਨੇ ਵਰਲਡ ਬੁੱਕ ਆਫ ਰੀਕਾਰਡਜ਼ ਲੰਡਨ ਦੇ ਨੁਮਾਇੰਦਿਆਂ ਨੂੰ ਜੀ ਆਇਆਂ ਆਖਦਿਆਂ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਸ਼ਵ ਦਾ ਇਕੱਲਾ ਅਜਿਹਾ ਧਾਰਮਿਕ ਅਸਥਾਨ ਹੈ ਜਿੱਥੇ ਮਾਨਵਤਾ ਦੀ ਸੇਵਾ, ਹਰ ਵੇਲੇ ਹੁੰਦੀ ਸਰਬੱਤ ਦੇ ਭਲੇ ਦੀ ਅਰਦਾਸ, ਗੁਰਬਾਣੀ ਦਾ ਅਮੋਲਕ ਉਪਦੇਸ਼, ਸੰਗਤਾਂ ਲਈ ਕੀਤੇ ਜਾਂਦੇ ਵੱਡੇ ਪ੍ਰਬੰਧ, ਸਾਫ-ਸਫਾਈ, ਮਨੁੱਖੀ ਬਰਾਬਰਤਾ ਅਤੇ ਹਰ ਧਰਮ, ਜਾਤ-ਪਾਤ, ਨਸਲ, ਰੰਗ ਦੇ ਲੋਕਾਂ ਨੂੰ ਬਿਨਾਂ ਕਿਸੇ ਭੇਦ ਭਾਵ ਦੇ ਛਕਾਇਆ ਜਾਂਦਾ ਅਤੁੱਟ ਲੰਗਰ ਆਪਣੇ ਆਪ ਵਿਚ ਸਦੀਆਂ ਤੋਂ ਵਿਸ਼ਵ ਰੀਕਾਰਡ ਬਣਾ ਰਿਹਾ ਹੈ। ਇਸਦੀ ਵਿਲੱਖਣਤਾ ਹੀ ਦੁਨੀਆਂ ਭਰ ਦੇ ਲੋਕਾਂ ਅੰਦਰ ਇਥੇ ਆਉਣ ਲਈ ਖਿੱਚ ਪੈਦਾ ਕਰਦੀ ਹੈ। ਸੋ ਇਸ ਪਾਵਨ ਅਸਥਾਨ ਨੂੰ ਐਵਾਰਡ ਭੇਟ ਕਰਨ ਵਾਲੀ ਸੰਸਥਾ ਦੀ ਆਪਣੀ ਸੋਭਾ ਵੀ ਵਧਦੀ ਹੈ। ਉਨ੍ਹਾਂ ਕਿਹਾ ਕਿ ਇਹ ਐਵਾਰਡ ਮਿਲਣਾ ਵੀ ਸਿੱਖਾਂ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਸਿੱਖਾਂ ਨੇ ਘੱਟ-ਗਿਣਤੀ ਹੁੰਦਿਆਂ ਵੀ ਵਿਸ਼ਵ ਭਰ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਇਸ ਮੌਕੇ ਬੀਬੀ ਸੁਰਭੀ ਕੌਲ ਤੇ ਸ. ਰਨਦੀਪ ਸਿੰਘ ਕੋਹਲੀ ਨੇ ਸਾਂਝੇ ਰੂਪ ਵਿਚ ਐਵਾਰਡ ਦੇਣ ਦੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸਾਡਾ ਮਕਸਦ ਪ੍ਰਮੁੱਖ ਅਸਥਾਨਾਂ ਦੀ ਮਹਾਨਤਾ ਦਾ ਪ੍ਰਚਾਰ ਦੁਨੀਆਂ ਦੇ ਹਰੇਕ ਕੋਨੇ ਵਿਚ ਪਹੁੰਚਾਉਣਾ ਹੈ ਤਾਂ ਜੋ ਵਿਸ਼ਵ ਭਰ ਦੇ ਲੋਕਾਂ ਨੂੰ ਵੀ ਅਜਿਹੇ ਮਾਨਵ ਭਲਾਈ ਅਸਥਾਨਾਂ ਤੋਂ ਪ੍ਰੇਰਨਾ ਮਿਲ ਸਕੇ। ਜਨਰਲ ਸੈਕਟਰੀ ਬੀਬੀ ਸੁਰਭੀ ਕੌਲ ਨੇ ਕਿਹਾ ਕਿ ਲੋਕਾਂ ਦੀ ਆਮਦ, ਸ਼ਰਧਾ-ਸਤਿਕਾਰ, ਇਸ ਅਸਥਾਨ ਦੇ ਸਮਾਨਤਾ ਵਾਲੇ ਵਾਤਾਵਰਣ ਦੇ ਆਧਾਰ ‘ਤੇ ਇਸ ਪਾਵਨ ਅਸਥਾਨ ਨੂੰ ਇਹ ਐਵਾਰਡ ਭੇਟ ਕੀਤਾ ਗਿਆ ਹੈ।