ਨਵੀਂ ਦਿੱਲੀ : ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਮੌਕੇ ਦਿੱਲੀ ਵਿਖੇ ਹੋਏ ਮੁਖ ਸਮਾਗਮ ਦੌਰਾਨ ਬੁਲਾਰਿਆਂ ਨੇ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਦੇਸ਼ ’ਚ ਧਾਰਮਿਕ ਆਜ਼ਾਦੀ ਦੇ ਪੈਦਾ ਹੋਏ ਮਾਹੌਲ ਨੂੰ ਵਿਗਾੜਨ ਦੀਆਂ ਹੋ ਰਹੀਆਂ ਕੋਸ਼ਿਸ਼ਾਂ ਦੀ ਨਿਖੇਧੀ ਕੀਤੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਜਿਥੇ ਸ਼ਹਾਦਤਾਂ ਹੁੰਦੀਆਂ ਹਨ ਉਥੇ ਲੋਕਾਈ ਉਨ੍ਹਾਂ ਮਹਾਪੁਰਸ਼ਾ ਦੇ ਦਿਨ ਦਿਹਾੜੇ ਮੰਨਾਉਂਦੀ ਹੈ ਪਰ ਜਿਨ੍ਹਾਂ ਜੁਲਮ ਦੀ ਅਗਵਾਈ ਕੀਤੀ ਉਨ੍ਹਾਂ ਦੀਆਂ ਕਬਰਾ ’ਤੇ ਕੋਈ ਦੀਵਾ ਜਗਾਉਣ ਵਾਲਾ ਵੀ ਨਹੀਂ ਲੱਭਦਾ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੁਨੀਆਂ ’ਚ ਪਰਉਪਕਾਰਤਾ ਲਈ ਹੋਈ ਸ਼ਹਾਦਤ ਹੈ ਜਿਸਦੀ ਮਿਸ਼ਾਲ ਹੋਰ ਕਿਥੇ ਨਹੀਂ ਮਿਲਦੀ। ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਭਾਈ ਲੱਖੀ ਸ਼ਾਹ ਵਣਜਾਰਾ ਹਾਲ, ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਹੋਏ ਗੁਰਮਤਿ ਸਮਾਗਮ ਦੌਰਾਨ ਕਾਲਕਾ ਨੇ ਕਿਹਾ ਕਿ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਹਰ ਫੈਸਲੇ ਦਾ ਸਵਾਗਤ ਕਰਦੀ ਹੈ। ਅੱਜ ਕਈ ਲੋਕ ਗੁਰੂ ਸਾਹਿਬਾਨਾਂ ਦੇ ਪ੍ਰੋਗਰਾਮਾਂ ਸੰਬੰਧੀ ਭੁਲੇਖੇ ਪਾਉਣ ਦਾ ਜਤਨ ਕਰ ਰਹੇ ਹਨ ਜਦੋਂ ਕਿ ਸਿੱਖ ਇਤਿਹਾਸ ਦਾ ਹਰ ਦਿਨ ਦਿਹਾੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਮਨਾਇਆ ਜਾਣਾ ਚਾਹੀਦਾ ਹੈ।
ਕਾਲਕਾ ਨੇ ਕਿਹਾ ਜਿਥੇ ਵੱਡੇ ਪੱਧਰ ਤੇ ਸਿੱਖ ਪੰਥ ਵੱਲੋਂ ਸ਼ਰੀਰ ਦੀ ਭੁੱਖ ਮਿਟਾਉਣ ਵਾਸਤੇ ਲੰਗਰ ਲਗਾ ਕੇ ਸੇਵਾ ਕੀਤੀ ਜਾਂਦੀ ਹੈ ਉਥੇ ਹੀ ਦਿੱਲੀ ਕਮੇਟੀ ਵੱਲੋਂ ਵਿਦਿਆ ਦੇ ਖੇਤਰ ਵਿਚ ਸਿੱਖਿਆ ਦਾ ਲੰਗਰ ਕੌਮ ਦਾ ਭਵਿੱਖ ਸੁਨਹਿਰਾ ਬਣਾਉਣ ਲਈ ਕੈਰੀਅਰ ਗਾਇਡੈਂਸ ਕੈਂਪ ਦੇ ਤੌਰ ’ਤੇ ਲਗਾਇਆ ਜਾਂਦਾ ਹੈ। ਜਿਥੇ ਬੱਚੇ ਆਪਣੇ ਆਉਣ ਵਾਲੇ ਸਮੇਂ ਲਈ ਆਪਣੀ ਰਾਹ ਚੁਣ ਸਕਦੇ ਹਨ। ਕਾਲਕਾ ਨੇ 1947 ’ਚ ਦੇਸ਼ ਦੀ ਹੋਈ ਵੰਡ ਦੌਰਾਨ ਸਿੱਖਾਂ ਦੀਆਂ ਹੋਇਆਂ ਸ਼ਹਾਦਤਾ ਦੀ ਜਾਣਕਾਰੀ ਦੇਣ ਲਈ ਯਾਦਗਾਰ ਬਣਾਉਣ ਦੀ ਹਿਮਾਇਤ ਕਰਦੇ ਹੋਏ ਦੱਸਿਆ ਕਿ ਨਵੰਬਰ 1984 ਦੀ ਘਟਨਾਂ ਨਾਲ ਸੰਬੰਧਤ ਜੋ ਕਮੇਟੀ ਵੱਲੋਂ ਯਾਦਗਾਰ ਬਣਾਈ ਗਈ ਹੈ ਦੇਸ਼ਾਂ-ਵਿਦੇਸ਼ਾ ਦੀਆਂ ਸੰਗਤਾਂ ਵੱਲੋਂ ਇਸ ਮਸਲੇ ’ਤੇ ਕਮੇਟੀ ਨੂੰ ਭਰਵਾ ਹੁੰਗਾਰਾ ਮਿਲ ਰਿਹਾ ਹੈ।
ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ ਨੇ ਕਿਹਾ ਕਿ ਅੱਜ ਜੇਕਰ ਭਾਰਤ ’ਚ ਮੰਦਿਰ ਹਨ ਤਾਂ ਉਸਦੇ ਪਿੱਛੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਵੱਡਾ ਕਾਰਨ ਹੈ। ਜੇਕਰ ਅੱਜ ਹਰ ਧਰਮ ਇਸ ਮੁਲਕ ’ਚ ਧਾਰਮਿਕ ਆਜ਼ਾਦੀ ਦਾ ਨਿੱਘ ਮਾਣ ਰਿਹਾ ਹੈ ਤਾਂ ਉਹ ਗੁਰੂ ਸਾਹਿਬ ਦੀ ਹੋਈ ਸ਼ਹਾਦਤ ਦੀ ਦੇਣ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਗੁਰੂ ਤੇਗ ਬਹਾਦਰ ਦੇ ਮਿਸ਼ਨ ਨੂੰ ਵੀ ਦਬਾਇਆ ਜਾ ਰਿਹਾ ਹੈ। ਦਿੱਲੀ ’ਚ ਦਿਆਲ ਸਿੰਘ ਕਾਲਜ ਨੂੰ ਨਿਸ਼ਾਨਾ ਬਣਾ ਕੇ ਉਸਦੀ ਹੋਂਦ ਹਸਤੀ ਨੂੰ ਮਿਟਾਇਆ ਜਾ ਰਿਹਾ ਹੈ। ਜਦਕਿ ਪਾਕਿਸਤਾਨ ਨੇ ਉਸ ਵਿਰਾਸਤ ਨੂੰ ਸ਼ਾਂਭਿਆਂ ਹੋਇਆ ਹੈ। ਇਸ ਕਰਕੇ ਸਾਡੇ ਮੁਲਕ ’ਚ ਦਿਆਲ ਸਿੰਘ ਦੀ ਹੋਂਦ ਹਸਤੀ ਨੂੰ ਮਿਟਾਉਣ ਦੀਆਂ ਹੋ ਰਹੀਆਂ ਕੋਸ਼ਿਸ਼ਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਡਾ। ਜਸਪਾਲ ਸਿੰਘ ਸਾਬਕਾ ਵਾਇਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸ੍ਰੀ ਗੁਰੂ ਸਾਹਿਬ ਦੀ ਸ਼ਹਾਦਤ ਦਾ ਜਿਕਰ ਕਰਦਿਆਂ ਕਿਹਾ ਕਿ ਇਸ ਸ਼ਹਾਦਤ ਨੇ ਭਾਰਤੀ ਇਤਿਹਾਸ ਦੀ ਦਿਸ਼ਾ ਅਤੇ ਨੁਹਾਰ ਹੀ ਬਦਲ ਦਿੱਤੀ। 9ਵੇਂ ਪਾਤਿਸ਼ਾਹ ਆਪ ਜਨੇਊ ਨਹੀਂ ਪਾਉਂਦੇ ਸਨ, ਤਿਲਕ ਨਹੀਂ ਲਾਉਂਦੇ ਸਨ ਪਰ ਦੂਸਰੇ ਦਾ ਜਬਰਦਸ਼ਤੀ ਜਨੇਊ ਅਤੇ ਤਿਲਕ ਲਹਿਣ ਨਹੀਂ ਦਿੱਤਾ। ਇਹੀ ਇਸ ਸ਼ਹਾਦਤ ਦਾ ਨਿਵੇਕਲਾਪਨ ਹੈ ਜੋ ਮਨੁੱਖਤਾ ਦੀ ਮੌਲਿਕ ਅਧਿਕਾਰ ਦੀ ਅਸਲੀ ਰਾਖੀ ਹੈ।
ਉਨ੍ਹਾਂ ਕਿਹਾ ਕਿ ਅੱਜ ਵਿਦੇਸ਼ੀ ਮੁਲਕ ਵੀ ਅਜਿਹੇ ਮੌਲਿਕ ਅਧਿਕਾਰਾਂ ਦੀ ਗੱਲ ਹੋ ਰਹੀ ਹੈ। ਗੁਰੂ ਪਰੰਪਰਾਂ ਤੋਂ ਪਹਿਲਾ ਭਾਰਤੀ ਸੰਸਕ੍ਰਿਤੀ ਵਿਚ ਸ਼ਹਾਦਤ ਦਾ ਜਿਕਰ ਕਿੱਤੇ ਵੀ ਨਹੀਂ ਮਿਲਦਾ। ਕੇਵਲ ਆਪਣੇ ਸੁਆਰਥਾਂ ਲਈ ਬਲੀ ਦਿੱਤੇ ਜਾਣ ਦੀਆਂ ਘਟਨਾਵਾਂ ਮਿਲਦੀਆਂ ਹਨ। ਬਲੀ ਵੀ ਕਿਸੇ ਦੂਸਰੇ ਦੀ। ਪਰ ਗੁਰੂ ਸਾਹਿਬ ਦੀ ਸ਼ਹਾਦਤ ਇਸ ਕਰਕੇ ਵੀ ਨਿਵੇਕਲੀ ਹੈ ਕਿ ਉਹ ਆਪ ਕਾਤਲ ਕੋਲ ਆ ਕੇ ਆਪਣੀ ਸ਼ਹਾਦਤ ਦੇ ਕੇ ਲੋਕਤੰਤਰ ਦੀ ਪਰਿਭਾਸ਼ਾ ਦੱਸ ਰਹੇ ਹਨ। ਫਿਰ ਸ਼ਹਾਦਤ ਵੀ ਉਹ ਜੋ ਨਿਜ਼ ਸੁਆਰਥ ਨਾ ਹੋ ਕੇ, ਪਰਉਪਕਾਰੀ ਸੀ, ਦੂਸਰਿਆਂ ਦੇ ਭਲੇ ਲਈ ਸੀ। ਦਿੱਲੀ ’ਚ ਦਿਆਲ ਸਿੰਘ ਕਾਲਜ ਦਾ ਨਾਂ ਬਦਲਣ ਸੰਬੰਧੀ ਉਨ੍ਹਾਂ ਨੇ ਕਿਹਾ ਕਿ ਜਿਸ ਆਦਮੀ ਨੇ ਆਪਣਾ ਸਾਰਾ ਸਰਮਾਇਆ ਲੋਕਾਂ ਦੇ ਭਲੇ ਵਾਸਤੇ ਲਗਾਇਆ ਹੋਵੇ ਉਸਦਾ ਨਾਂ ਮੇਟਿਆ ਜਾਣਾ ਬੜੀ ਹੈਰਾਨੀ ਦੀ ਗੱਲ ਹੈ।
ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਤਿਹਾਸ ਸਬੰਧੀ ਜਾਣਕਾਰੀ ਦਿੰਦਿਆ ਕਮੇਟੀ ਵੱਲੋਂ ਮਨਾਏ ਜਾ ਰਹੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ । ਸਟੇਜ ਸਕੱਤਰ ਦੀ ਸੇਵਾ ਸਾਬਕਾ ਕਮੇਟੀ ਮੈਂਬਰ ਗੁਰਵਿੰਦਰ ਪਾਲ ਸਿੰਘ ਅਤੇ ਸਿੱਖ ਚਿੰਤਕ ਤੇਜਪਾਲ ਸਿੰਘ ਵੱਲੋਂ ਨਿਭਾਈ ਗਈ। ਇਸ ਮੌਕੇ ਪੰਥਕ ਸੇਵਾਵਾਂ ਲਈ ਜਸਪਾਲ ਸਿੰਘ ਚਾਵਲਾ ਦਾ ਕਮੇਟੀ ਵੱਲੋਂ ਸਨਮਾਨ ਵੀ ਕੀਤਾ ਗਿਆ। ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ ਨੇ ਸਿੱਖ ਇਤਿਹਾਸ ’ਚੋਂ ਗੁਰੂ ਸਾਹਿਬ ਦੀ ਸ਼ਹਾਦਤ ਦਾ ਹਵਾਲਾ ਦਿੱਤਾ। ਕਮੇਟੀ ਦੇ ਮੁਖ ਸਲਾਹਕਾਰ ਕੁਲਮੋਹਨ ਸਿੰਘ, ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ, ਆਤਮਾ ਸਿੰਘ ਲੁਬਾਣਾ, ਅਮਰਜੀਤ ਸਿੰਘ ਪਿੰਕੀ ਸਣੇ ਕਈ ਸਾਬਕਾ ਮੈਂਬਰ ਮੌਜੂਦ ਸਨ।