ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਅਕੀਦਤ ਭੇਟ ਕਰਨ ਲਈ ਸ਼ਹੀਦੀ ਦਿਹਾੜੇ ਵਾਲੇ ਦਿਨ ਹਰ ਸਾਲ ਨਿਸ਼ਚਿਤ ਤੌਰ ‘ਤੇ ਸਰਕਾਰੀ ਛੁੱਟੀ ਦਾ ਐਲਾਨ ਕਰਨ ਅਤੇ ਉਸ ਦਿਨ ਦੇਸ਼ ਭਰ ਵਿੱਚ ਵਿਸ਼ੇਸ਼ ਸ਼ਹੀਦੀ ਸਮਾਗਮ ਕਰਾਏ ਜਾਣ ਦੀ ਅਪੀਲ ਕੀਤੀ ਹੈ।
ਦਿਲੀ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਅਸਥਾਨ ਗੁਰਦਵਾਰਾ ਸੀਸਗੰਜ ਸਾਹਿਬ ਵਿਖੇ ਸ਼ਹੀਦੀ ਸਮਾਗਮ ਵਿੱਚ ਹਿੱਸਾ ਲੈਂਦਿਆਂ ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ 12 ਵੱਜ ਕੇ 25 ਮਿੰਟ ‘ਤੇ ਹੋਈ ਸੀ, ਉਸ ਤੋਂ ਪਹਿਲਾਂ ਗੁਰੂ ਸਾਹਿਬ ਨੇ ਸ੍ਰੀ ਜਪੁਜੀ ਸਾਹਿਬ ਦਾ ਪਾਠ ਕੀਤਾ, ਜਿਸ ਨੂੰ ਦੇਖਦਿਆਂ ਸ਼ਹੀਦੀ ਦਿਹਾੜੇ ‘ਤੇ ਹਰ ਸਾਲ ਦੁਪਹਿਰ 12 ਵਜੇ ਜਪੁਜੀ ਸਾਹਿਬ ਦੇ ਪਾਠ ਕਰਨ ਦੀ ਪਰੰਪਰਾ ਕਾਇਮ ਕਰਨ ਦੀ ਕੀਤੀ ਗਈ ਉਹਨਾਂ ਦੀ ਅਪੀਲ ਨੂੰ ਦਿਲੀ ਸਿੱਖ ਗੁਰਦਵਾਰਾ ਕਮੇਟੀ ਵੱਲੋਂ ਮਨਜ਼ੂਰੀ ਦਿੱਤੀ ਗਈ।ਜਿਸ ਨਾਲ ਹਰ ਸਾਲ 12 ਵਜੇ ਸ੍ਰੀ ਜਪੁਜੀ ਸਾਹਿਬ ਦਾ ਪਾਠ ਆਰੰਭ ਹੋਇਆ ਕਰੇਗਾ। ਪ੍ਰੋ: ਸਰਚਾਂਦ ਸਿੰਘ ਵੱਲੋਂ ਦਿੱਤੀ ਜਾਣਕਾਰੀ ‘ਚ ਇਸ ਮੌਕੇ ਪੂਰੀ ਸ਼ਰਧਾ ਨਾਲ ਸ਼ਹੀਦੀ ਦਿਹਾੜਾ ਮਨਾਉਣ ਪਹੁੰਚੀਆਂ ਹਜ਼ਾਰਾਂ ਸੰਗਤਾਂ ਨੂੰ ਸੰਤ ਹਰਨਾਮ ਸਿੰਘ ਖ਼ਾਲਸਾ ਨੇ ਪਿਛਲੇ ਸਾਲ ਦੀ ਤਰਾਂ ਦਿਨ ਦੇ 12 ਵਜੇ ਸ੍ਰੀ ਜਪੁਜੀ ਸਾਹਿਬ ਦਾ ਪਾਠ ਆਪ ਸਰਵਨ ਕਰਾਇਆ ਅਤੇ ਅਰਦਾਸ ਉਪਰੰਤ ਸ਼ਹੀਦੀ ਬਿਰਤਾਂਤ ਸੁਣਾਇਆ। ਉਹਨਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਦੁਨੀਆ ਅੰਦਰ ਧਾਰਮਿਕ ਹੱਕਾਂ ਦੀ ਖ਼ਾਤਰ ਮਹਾਨ ਸ਼ਹਾਦਤ ਦਿੱਤੀ ਅਤੇ ਬਾਦਸ਼ਾਹ ਔਰੰਗਜ਼ੇਬ ਦੇ ਹਰ ਜ਼ੁਲਮ ਨੂੰ ਖਿੜੇ ਮੱਥੇ ਸਹਾਰਦਿਆਂ ਸ਼ਾਂਤੀ ਨਾਲ ਹਿੰਦੂ ਧਰਮ ਦੀ ਰੱਖਿਆ ਲਈ ਮਹਾਨ ਸ਼ਹਾਦਤ ਦਿੱਤੀ। ਉਹਨਾਂ ਕਿਹਾ ਕਿ ਦਸਮੇਸ਼ ਪਿਤਾ ਨੇ ਵੀ ਕਿਹਾ ਹੈ ਕਿ ਕਲਯੁਗ ਵਿੱਚ ਇੰਨਾ ਵੱਡਾ ਸਾਕਾ ਕਦੀ ਨਹੀਂ ਦੇਖਿਆ ਗਿਆ। ਉਹਨਾਂ ਕਿਹਾ ਕਿ ਕਿਸੇ ਵੀ ਪੀਰ, ਪੈਗੰਬਰ, ਅਵਤਾਰ ਜਾਂ ਰਹਿਬਰ ਵੱਲੋਂ ਕਿਸੇ ਦੂਸਰੇ ਧਰਮ ਲਈ ਇੰਨੀ ਵੱਡੀ ਕੁਰਬਾਨੀ ਜਾਂ ਸ਼ਹਾਦਤ ਨਹੀਂ ਦਿੱਤੀ ਗਈ। ਉਹਨਾਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਪ੍ਰਸੰਗ ਨੂੰ ਦੁਨੀਆ ਭਰ ‘ਚ ਪਹੁੰਚਾਇਆ ਜਾਣਾ ਚਾਹੀਦਾ ਹੈ।ਉਹਨਾਂ ਬਚਿਆਂ ਨੂੰ ਗੁਰਸਿੱਖੀ ਅਤੇ ਵਿਰਸੇ ਨਾਲ ਜੋੜੀ ਰੱਖਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਖ਼ਾਲਸੇ ਦੀ ਜ਼ੁਲਮ ਨਾਲ ਟੱਕਰ ਰਹੀ ਅਤੇ ਰਹੇਗੀ। ਉਹਨਾਂ ਸੰਗਤ ਨੂੰ ਅੰਮ੍ਰਿਤਧਾਰੀ ਹੋਣ ਅਤੇ ਗੁਰਸਿੱਖੀ ‘ਚ ਪਰਪੱਕ ਹੋਣ ਲਈ ਪ੍ਰੇਰਿਆ। ਇਸ ਤੋਂ ਪਹਿਲਾਂ ਉਹਨਾਂ ਗੁਰਦਵਾਰਾ ਸੀਸਗੰਜ ਸਾਹਿਬ ਤੋਂ ਗੁਰਦਵਾਰਾ ਰਕਾਬਗੰਜ ਤਕ ਦੇ ਨਗਰ ਕੀਰਤਨ ਦੀ ਆਰੰਭਤਾ ਮੌਕੇ ਹਿੱਸਾ ਲਿਆ।ਇਸ ਮੌਕੇ ਗੁਰਦਵਾਰਾ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਰਣਜੀਤ ਸਿੰਘ, ਗੁਰਦਵਾਰਾ ਰਕਾਬ ਗੰਜ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਜਿੰਦਰ ਸਿੰਘ, ਬਾਬਾ ਬੰਤਾ ਸਿੰਘ ਮੁੰਡਾ ਪਿੰਡ, ਧਰਮ ਪ੍ਰਚਾਰ ਕਮੇਟੀ ਦੇ ਮੁਖੀ ਰਾਣਾ ਪਰਮਜੀਤ ਸਿੰਘ ਰਾਣਾ, ਦਿਲੀ ਕਮੇਟੀ ਦੇ ਆਗੂ ਹਰਜੀਤ ਸਿੰਘ ਕਾਲਕਾ ਆਦਿ ਵੀ ਮੌਜੂਦ ਸਨ।