ਫ਼ਤਹਿਗੜ੍ਹ ਸਾਹਿਬ – “ਅੱਜ ਜੋ ਲੁਧਿਆਣਾ ਦੇ ਸੈ਼ਸ਼ਨ ਜੱਜ ਦੀ ਅਦਾਲਤ ਵਿਚ ਬਰਤਾਨੀਆ ਦੇ ਨਾਗਰਿਕ ਸ. ਜਗਤਾਰ ਸਿੰਘ ਜੌਹਲ ਅਤੇ ਸ. ਜਿੰਮੀ ਨੂੰ ਪੁਲਿਸ ਦੇ ਸੁਰੱਖਿਆ ਦਸਤਿਆਂ ਦੀ ਸੰਗੀਨਾਂ ਦੀ ਛਾਂ ਹੇਠ ਪੇਸ਼ ਕਰਨ ਤੋਂ ਹੀ ਇਹ ਗੱਲ ਪ੍ਰਤੱਖ ਹੋ ਜਾਂਦੀ ਹੈ ਕਿ ਸ. ਜੌਹਲ ਤੇ ਜਿੰਮੀ ਉਤੇ ਪੁਲਿਸ ਦਹਿਸ਼ਤਗਰਦੀ ਦਾ ਪ੍ਰਭਾਵ ਹੈ। ਇਹੀ ਵਜਹ ਹੈ ਕਿ ਬਰਤਾਨੀਆ ਤੋਂਂ ਇਨ੍ਹਾਂ ਉਪਰੋਕਤ ਨੌਜ਼ਵਾਨਾਂ ਦੇ ਕੇਸ ਸੰਬੰਧੀ ਜਾਣਕਾਰੀ ਲੈਣ ਲਈ ਪਹੁੰਚੇ ਡੈਪੁਟੇਸ਼ਨ ਨੂੰ ਉਪਰੋਕਤ ਦੋਵੇਂ ਨੌਜ਼ਵਾਨ ਆਪਣੇ ਮਨ-ਆਤਮਾ ਦੀ ਗੱਲ ਦਰਜ ਨਹੀਂ ਕਰਵਾ ਸਕੇ । ਜਦੋਂਕਿ ਪੰਜਾਬ ਦੀ ਪੁਲਿਸ ਅਤੇ ਇਥੋ ਦੀ ਅਫ਼ਸਰਸ਼ਾਹੀ ਦੇ ਤੀਜੇ ਦਰਜੇ ਦੇ ਇਨ੍ਹਾਂ ਨੌਜ਼ਵਾਨਾਂ ਉਤੇ ਮਾਨਸਿਕ ਤੇ ਸਰੀਰਕ ਤੌਰ ਤੇ ਤਸੱਦਦ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਦੂਸਰਾ ਲੰਮੇ ਸਮੇਂ ਦਾ ਪੁਲਿਸ ਰਿਮਾਂਡ ਪ੍ਰਾਪਤ ਕਰਨਾ ਵੀ ਗੈਰ-ਕਾਨੂੰਨੀ ਅਤੇ ਦਹਿਸ਼ਤ ਪਾਉਣ ਵਾਲੇ ਅਮਲ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਸੁਲਤਾਨ ਮਸੀਹ ਪਾਸਟਰ ਲੁਧਿਆਣਾ ਦੀ ਬੀਤੇ ਸਮੇਂ ਦੀ ਹੋਈ ਮੌਤ ਦੇ ਕੇਸ ਵਿਚ ਉਪਰੋਕਤ ਦੋਵਾਂ ਨੌਜ਼ਵਾਨਾਂ ਨੂੰ ਉਲਝਾਉਣ ਅਤੇ ਉਨ੍ਹਾਂ ਉਤੇ ਅਣਮਨੁੱਖੀ ਅਤੇ ਗੈਰ-ਕਾਨੂੰਨੀ ਢੰਗਾਂ ਰਾਹੀ ਤਸੱਦਦ ਕਰਕੇ ਦਹਿਸਤ ਪਾਉਣ ਦੇ ਕੀਤੀਆ ਜਾ ਰਹੀਆ ਕਾਰਵਾਈਆ ਦੀ ਜਿਥੇ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ, ਉਥੇ ਇਨ੍ਹਾਂ ਨੌਜ਼ਵਾਨਾਂ ਵੱਲੋ ਅਦਾਲਤ ਵਿਚ ਆਪਣੇ ਮਨ-ਆਤਮਾ ਦੀ ਗੱਲ ਨਾ ਕਹਿਣ ਨੂੰ ਵੀ ਦਹਿਸਤਗਰਦੀ ਦੇ ਪ੍ਰਭਾਵ ਨੂੰ ਮੁੱਖ ਤੌਰ ਤੇ ਦੋਸ਼ੀ ਠਹਿਰਾਉਦੇ ਹੋਏ ਜ਼ਾਹਰ ਕੀਤੇ। ਉਨ੍ਹਾਂ ਕਿਹਾ ਕਿ ਅੱਜ ਜਦੋਂ ਉਪਰੋਕਤ ਪਾਸਟਰ ਦੇ ਕਤਲ ਦੇ ਸੰਬੰਧ ਵਿਚ ਉਪਰੋਕਤ ਨੌਜ਼ਵਾਨਾਂ ਨੂੰ ਪੇਸ਼ ਕੀਤਾ ਗਿਆ, ਤਾਂ ਉਥੇ ਸਾਡੀ ਪਾਰਟੀ ਦੇ ਨੁਮਾਇੰਦੇ ਵੀ ਉਚੇਚੇ ਤੌਰ ਤੇ ਸਮੁੱਚੀ ਹੋਣ ਵਾਲੀ ਪ੍ਰਕਿਰਿਆ ਅਤੇ ਪੁਲਿਸ ਦੀਆਂ ਕਾਰਵਾਈਆਂ ਦਾ ਨਿਰੀਖਣ ਕਰਨ ਲਈ ਪਹੁੰਚੇ ਹੋਏ ਸਨ, ਜਿਨ੍ਹਾਂ ਨੇ ਉਪਰੋਕਤ ਨੌਜ਼ਵਾਨਾਂ ਉਤੇ ਦਹਿਸ਼ਤ ਦੇ ਪ੍ਰਭਾਵ ਨੂੰ ਖੂਬ ਪਹਿਚਾਣਿਆ ਅਤੇ ਮੇਰੇ ਨਾਲ ਇਹ ਸਾਂਝ ਕੀਤੀ । ਇਸ ਲਈ ਮੈਂ ਆਪਣੇ ਕੌਮੀ ਨੌਜ਼ਵਾਨਾਂ ਜਿਨ੍ਹਾਂ ਨੂੰ ਝੂਠੇ ਕੇਸਾਂ ਵਿਚ ਫਸਾਕੇ ਸਿੱਖ ਕੌਮ ਨੂੰ ਬਦਨਾਮ ਕਰਨ ਦੇ ਨਾਲ-ਨਾਲ ਤਸੱਦਦ ਢਾਹਿਆ ਜਾ ਰਿਹਾ ਹੈ, ਉਸ ਸੰਬੰਧੀ ਪੰਜਾਬ ਨਿਵਾਸੀਆਂ ਅਤੇ ਬਾਹਰਲੇ ਮੁਲਕਾਂ ਵਿਚ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਤੇ ਸਖਸ਼ੀਅਤਾਂ ਨੂੰ ਜਾਣਕਾਰੀ ਦੇਣਾ ਆਪਣਾ ਫਰਜ ਸਮਝਿਆ ਹੈ । ਇਸ ਲਈ ਇਹ ਪ੍ਰੈਸ ਰੀਲੀਜ਼ ਜਾਰੀ ਕੀਤੀ ਜਾ ਰਹੀ ਹੈ ।
ਸ. ਮਾਨ ਨੇ ਕਿਹਾ ਕਿ ਇਨ੍ਹਾਂ ਨੌਜ਼ਵਾਨਾਂ ਉਤੇ ਹੋ ਰਹੇ ਗੈਰ-ਕਾਨੂੰਨੀ ਤਸੱਦਦ ਵਿਰੁੱਧ ਅਸੀਂ ਜਲਦੀ ਹੀ ਹਿੰਦ ਦੇ ਗ੍ਰਹਿ ਵਜੀਰ ਨਾਲ ਮੁਲਾਕਾਤ ਕਰਨ ਜਾ ਰਹੇ ਹਾਂ । ਇਸ ਮੁਲਾਕਾਤ ਵਿਚ ਇਨ੍ਹਾਂ ਨੌਜ਼ਵਾਨਾਂ ਨਾਲ ਹੋ ਰਹੀ ਗੈਰ-ਕਾਨੂੰਨੀ ਕਾਰਵਾਈ ਤੇ ਹੋਰ ਸਿੱਖ ਨੌਜ਼ਵਾਨਾਂ ਨੂੰ ਨਿਸ਼ਾਨਾਂ ਬਣਾਉਣ ਦੇ ਦੁਖਦਾਇਕ ਅਮਲਾਂ ਵਿਰੁੱਧ ਸਾਰੀ ਜਾਣਕਾਰੀ ਦਿੰਦੇ ਹੋਏ ਇਨਸਾਫ਼ ਪ੍ਰਾਪਤ ਕਰਨ ਅਤੇ ਸਿੱਖ ਕੌਮ ਵਿਚ ਉੱਠ ਰਹੇ ਰੋਸ ਤੋ ਜਾਣਕਾਰੀ ਵੀ ਦੇਵਾਂਗੇ ।