ਮਸ਼ਹੂਰ ਫਿਲਮ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੀ ਆ ਰਹੀ ਨਵੀਂ ਫਿਲਮ ‘ਪਦਮਾਵਤੀ’ ਬਾਰੇ ਮੌਜੂਦਾ ਵਿਵਾਦ ਦੇ ਬਹੁਤ ਸਾਰੇ ਪੱਖ ਹਨ। ਰਾਜਪੂਤਾਂ ਦੀ ਇੱਕ ਜਥੇਬੰਦੀ ‘ਕਰਨੀ ਸੈਨਾ’ ਵੱਲੋਂ ਇਸਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ। ਭਾਵੇਂ ਕਿ ਅਜੇ ਤੱਕ ਕਿਸੇ ਨੇ ਵੀ ਉਹ ਫਿਲਮ ਵੇਖੀ ਨਹੀਂ ਹੈ ਪਰ ਵਿਰੋਧ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਫਿਲਮਸਾਜ਼ ਦੀਆਂ ਕੁਝ ਗੱਲਾਂ ਤੋਂ ਸ਼ੱਕ ਹੋਇਆ ਹੈ ਕਿ ਜਰੂਰ ਹੀ ਇਸ ਵਿੱਚ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਚਿਤੌੜ ਦੀ ਰਾਣੀ ਪਦਮਿਨੀ (ਪਦਮਾਵਤੀ) ਜਿਸਨੇ ਦਿੱਲੀ ਸਲਤਨਤ ਦੇ ਬਾਦਸ਼ਾਹ ਅਲਾਉਦੀਨ ਖਿਲਜੀ ਦੀ ਗ਼ੁਲਾਮ ਬਣਨ ਦੀ ਥਾਂ ਮੌਤ ਨੂੰ ਗਲੇ ਲਗਾ ਲਿਆ ਸੀ, ਦਾ ਕਿਰਦਾਰ ਇਸ ਫਿਲਮ ਵਿੱਚ ਦੀਪਿਕਾ ਪਾਦੂਕੋਣ ਵੱਲੋਂ ਨਿਭਾਇਆ ਗਿਆ ਹੈ। ਫਿਲਮ ਵਿੱਚ ਰਾਣੀ ਪਦਮਿਨੀ ਨੂੰ ਘੂਮਰ ਡਾਂਸ ਕਰਦੇ ਵੀ ਵਿਖਾਇਆ ਗਿਆ ਹੈ ਅਤੇ ਡਾਂਸ ਦੌਰਾਨ ਪਹਿਨੀ ਗਈ ਪੁਸ਼ਾਕ ਬਾਰੇ ਵੀ ਵਿਰੋਧੀਆਂ ਦੇ ਇਤਰਾਜ਼ ਹਨ। ਉਹਨਾਂ ਨੂੰ ਇਹ ਵੀ ਸ਼ੱਕ ਹੈ ਕਿ ਅਲਾਉਦੀਨ ਅਤੇ ਪਦਮਿਨੀ ਵਿਚਕਾਰ ਕੋਈ ਸੁਪਨੇ ਦਾ ਦ੍ਰਿਸ਼ ਵੀ ਫਿਲਮਾਇਆ ਹੋ ਸਕਦਾ ਹੈ ਕਿਉਂਕਿ ਅਕਸਰ ਫਿਲਮਸਾਜ਼ ਇਹ ਤਕਨੀਕ ਵਰਤ ਲੈਂਦੇ ਹਨ। ਪਰ ਨਿਰਦੇਸ਼ਕ ਦਾ ਕਹਿਣਾ ਹੈ ਕਿ ਫਿਲਮ ਵਿੱਚ ਰਾਜਪੂਤ ਆਨ ਅਤੇ ਸ਼ਾਨ ਨੂੰ ਪੂਰੇ ਜਾਹੋ-ਜਲਾਲ ਨਾਲ ਵਿਖਾਇਆ ਗਿਆ ਹੈ ਅਤੇ ਫਿਲਮ ਵੇਖਣ ਤੋਂ ਬਿਨਾ ਹੀ ਸ਼ੱਕ ਦੇ ਆਧਾਰ ਉੱਤੇ ਵਿਰੋਧ ਕਰਨਾ ਬਿਲਕੁਲ ਗੈਰ-ਜ਼ਮਹੂਰੀ ਤਰੀਕਾ ਹੈ।
ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਰਾਣੀ ਪਦਮਿਨੀ ਕੋਈ ਇਤਿਹਾਸਕ ਪਾਤਰ ਹੈ ਜਾਂ ਨਹੀਂ, ਇਸ ਬਾਰੇ ਵੀ ਵੱਖ-ਵੱਖ ਇਤਿਹਾਸਕਾਰ ਇੱਕਮੱਤ ਨਹੀਂ ਹਨ, ਸਗੋਂ ਉਹਨਾਂ ਸਾਰਿਆਂ ਦੇ ਆਪੋ-ਆਪਣੇ ਵਿਚਾਰ ਹਨ। ਇਤਿਹਾਸ ਮੁਤਾਬਕ ਚਿਤੌੜਗੜ੍ਹ ਉੱਤੇ ਅਲਾਉਦੀਨ ਖਿਲਜੀ ਨੇ 1303 ਈਸਵੀ ਵਿੱਚ ਕਬਜ਼ਾ ਕੀਤਾ ਸੀ। ਖਿਲਜੀ ਦੇ ਸਮਕਾਲੀ ਇਤਿਹਾਸਕਾਰਾਂ ਅਮੀਰ ਖੁਸਰੋ ਅਤੇ ਜ਼ਿਆਉਦੀਨ ਬਰਨੀ ਨੇ ਕਿਤੇ ਵੀ ਪਦਮਿਨੀ ਨਾਮ ਦੀ ਕਿਸੇ ਰਾਣੀ ਬਾਰੇ ਕੋਈ ਜ਼ਿਕਰ ਨਹੀਂ ਕੀਤਾ। ਇਸੇ ਕਾਰਨ ਆਧੁਨਿਕ ਇਤਿਹਾਸਕਾਰ ਵੀ ਇਸ ਲੜਾਈ ਦਾ ਬਿਆਨ ਕਰਨ ਵੇਲੇ ਰਾਜੇ ਰਤਨ ਸਿੰਘ (ਰਤਨ ਰਾਵਲ) ਦੀ ਪਤਨੀ ਪਦਮਿਨੀ ਦੀ ਹੋਂਦ ਸੰਬੰਧੀ ਤੱਥਾਂ ਦੀ ਘਾਟ ਮਹਿਸੂਸ ਕਰਦੇ ਹਨ। ਉਹ ਰਾਣੀ ਪਦਮਿਨੀ ਨੂੰ ਕਾਲਪਨਿਕ ਪਾਤਰ ਅਤੇ ਉਸਦੀ ਕਹਾਣੀ ਨੂੰ ਮਹਿਜ਼ ਇੱਕ ਦੰਦ-ਕਥਾ ਹੀ ਮੰਨਦੇ ਹਨ। ਮਲਿਕ ਮੁਹੰਮਦ ਜਾਇਸੀ ਇੱਕ ਸੂਫ਼ੀ ਫਕੀਰ ਹੋਇਆ ਹੈ ਜਿਸ ਨੇ ਅਵਧੀ ਭਾਸ਼ਾ ਵਿੱਚ ‘ਪਦਮਾਵਤ’ ਨਾਮ ਦੀ ਇੱਕ ਮਸਨਵੀ (ਕਿੱਸਾ) ਦੀ ਰਚਨਾ ਕੀਤੀ। ਇਸ ਵਿੱਚ ਉਸ ਨੇ ਪਦਮਾਵਤੀ (ਪਦਮਿਨੀ) ਨੂੰ ਚਿਤੌੜ ਦੀ ਰਾਣੀ ਵਜੋਂ ਪੇਸ਼ ਕੀਤਾ ਸੀ। ਖਾਸ ਗੱਲ ਇਹ ਹੈ ਕਿ ਮਲਿਕ ਮੁਹੰਮਦ ਜਾਇਸੀ ਸ਼ੇਰ ਸ਼ਾਹ ਸੂਰੀ ਦਾ ਸਮਕਾਲੀ ਸੀ ਅਰਥਾਤ ਉਹ ਅਲਾਉਦੀਨ ਖਿਲਜੀ ਤੋਂ ਦੋ ਸਦੀਆਂ ਬਾਅਦ ਹੋਇਆ। ਉਸਦੀ ਰਚਨਾ ‘ਪਦਮਾਵਤ’ ਤੋਂ ਪਹਿਲਾਂ ਕਦੇ ਵੀ ਚਿਤੌੜ ਦੀ ਪਦਮਿਨੀ ਜਾਂ ਪਦਮਾਵਤੀ ਨਾਂਅ ਦੀ ਕਿਸੇ ਰਾਣੀ ਅਤੇ ਅਲਾਉਦੀਨ ਖਿਲਜੀ ਦੀ ਇਸ ਕਹਾਣੀ ਬਾਰੇ ਨਾ ਤਾਂ ਕੁਝ ਸੁਣਿਆ ਗਿਆ ਸੀ ਅਤੇ ਨਾ ਹੀ ਲਿਖਿਆ ਗਿਆ ਸੀ। ਇੱਕ ਚੌਹਾਨ ਰਾਜਪੂਤ ਰਾਜੇ ਹਮੀਰਾ ਦਾ ਜ਼ਿਕਰ ਜਰੂਰ ਸੁਣਨ ਨੂੰ ਮਿਲਦਾ ਹੈ ਜਿਸਨੇ ਖਿਲਜੀ ਦਾ ਡਟ ਕੇ ਮੁਕਾਬਲਾ ਕੀਤਾ ਸੀ। ਖਿਲਜੀ ਉਸ ਤੋਂ ਉਸਦੀ ਧੀ ਦਾ ਡੋਲਾ ਮੰਗਦਾ ਸੀ ਪਰ ਉਸਨੇ ਠੋਕ ਕੇ ਜਵਾਬ ਦੇ ਦਿੱਤਾ। ਫਿਰ ਜਦੋਂ ਉਸਦੀ ਫੌਜ ਖਿਲਜੀ ਤੋਂ ਹਾਰ ਗਈ ਤਾਂ ਉਸਦੀ ਧੀ ਅਤੇ ਹੋਰ ਔਰਤਾਂ ਨੇ ਜ਼ਲਾਲਤ ਤੋਂ ਬਚਣ ਲਈ ਜੌਹਰ ਦੀ ਰਸਮ ਨਿਭਾਈ ਅਤੇ ਸਾਰੀਆਂ ਨੇ ਆਪਣੇ ਆਪ ਨੂੰ ਅਗਨ-ਭੇਟ ਕਰ ਦਿੱਤਾ। ਹੋ ਸਕਦਾ ਹੈ ਕਿ ਜਾਇਸੀ ਨੇ ਇਸ ਲੋਕ ਕਥਾ ਤੋਂ ਪ੍ਰਭਾਵਿਤ ਹੋ ਕੇ ਇਸ ਵਿੱਚ ਕੁਝ ਫੇਰਬਦਲ ਕਰ ਕੇ ‘ਪਦਮਾਵਤ’ ਦੀ ਘਾੜਤ ਘੜ ਲਈ ਹੋਵੇ। ਅਕਬਰ ਦੇ ਦਰਬਾਰੀ ਲੇਖਕ ਅਬੁਲ ਫਜ਼ਲ ਨੇ ਵੀ ਇੱਕ ਥਾਂ ਪਦਮਿਨੀ ਦਾ ਜ਼ਿਕਰ ਤਾਂ ਕੀਤਾ ਹੈ ਪਰ ਉਸ ਨੇ ਵੀ ਆਪਣੇ ਜ਼ਿਕਰ ਦਾ ਆਧਾਰ ਜਾਇਸੀ ਦੀ ਰਚਨਾ ‘ਪਦਮਾਵਤ’ ਨੂੰ ਹੀ ਬਣਾਇਆ ਹੈ।
‘ਪਦਮਾਵਤ’ ਵਿਚਲੀ ਕਹਾਣੀ ਅਨੁਸਾਰ ਚਿਤੌੜਗੜ੍ਹ ਦੇ ਰਾਜੇ ਰਤਨ ਸਿੰਘ ਨੂੰ ਸੰਗਲਾਦੀਪ (ਸ੍ਰੀ ਲੰਕਾ) ਦੇ ਰਾਜੇ ਗੰਧਰਵ ਸੇਨ ਦੀ ਧੀ ਪਦਮਾਵਤੀ ਦੇ ਹੁਸਨ ਬਾਰੇ ਇੱਕ ਬੋਲਣ ਵਾਲੇ ਤੋਤੇ ਰਾਹੀਂ ਭਿਣਕ ਪਈ। ਉਹ ਚਿਤੌੜ ਤੋਂ ‘ਸੱਤ ਸਮੁੰਦਰ’ ਪਾਰ ਕਰਕੇ ਸੰਗਲਾਦੀਪ ਪਹੁੰਚਿਆ ਅਤੇ ਕਿਸੇ ਢੰਗ ਨਾਲ ਰਾਜੇ ਨੂੰ ਪ੍ਰਭਾਵਤ ਕਰਕੇ ਪਦਮਾਵਤੀ ਨੂੰ ਵਿਆਹ ਲਿਆਇਆ। ਫਿਰ ਬਾਅਦ ਵਿੱਚ ਰਾਜੇ ਰਤਨ ਸਿੰਘ ਦੇ ਇੱਕ ਬ੍ਰਾਹਮਣ ਦਰਬਾਰੀ ਰਾਘਵ ਚੇਤਨ ਨਾਲ ਰਾਜੇ ਦੀ ਕਿਸੇ ਗੱਲੋਂ ਅਣਬਣ ਹੋ ਗਈ ਜਿਸ ਨੇ ਗੁੱਸਾ ਖਾ ਕੇ ਦਿੱਲੀ ਦੇ ਬਾਦਸ਼ਾਹ ਅਲਾਉਦੀਨ ਖਿਲਜੀ ਨੂੰ ਰਾਜੇ ਖਿਲਾਫ਼ ਜਾ ਭੜਕਾਇਆ। ਨਾਲ ਹੀ ਉਸਨੇ ਰਾਣੀ ਪਦਮਾਵਤੀ ਦੇ ਹੁਸਨ ਦੀ ਤਾਰੀਫ਼ ਕੁਝ ਵੱਧ ਹੀ ਮਸਾਲਾ ਲਗਾ ਕੇ ਕਰ ਦਿੱਤੀ ਜਿਸ ਕਰਕੇ ਖਿਲਜੀ ਪਦਮਾਵਤੀ ਨੂੰ ਵੇਖਣ ਲਈ ਬੇਤਾਬ ਹੋ ਉਠਿਆ ਅਤੇ ਚਿਤੌੜ ਉੱਤੇ ਹਮਲਾ ਕਰ ਦਿੱਤਾ। ਰਤਨ ਸਿੰਘ ਨੇ ਆਪਣੀ ਹਾਰ ਹੁੰਦੀ ਵੇਖ ਕੇ ਖਿਲਜੀ ਨਾਲ ਸਮਝੌਤਾ ਕਰ ਲਿਆ ਅਤੇ ਚਿਤੌੜ ਦੇ ਮਹਿਲ ਵਿੱਚ ਦੋਵਾਂ ਦੀ ਇੱਕ ਸਾਂਝੀ ਬੈਠਕ ਹੋਈ। ਜਦੋਂ ਖਿਲਜੀ ਮਹਿਲ ‘ਚੋਂ ਵਾਪਸ ਮੁੜਨ ਲੱਗਿਆ ਤਾਂ ਉਸਦੀ ਨਜ਼ਰ ਪਦਮਾਵਤੀ ਉੱਤੇ ਪੈ ਗਈ। ਉਸ ਨੇ ਮਹਿਲ ਤੋਂ ਬਾਹਰ ਛੱਡਣ ਆਏ ਰਤਨ ਸਿੰਘ ਨੂੰ ਧੋਖੇ ਨਾਲ ਕੈਦ ਕਰ ਲਿਆ। ਰਤਨ ਸਿੰਘ ਨੂੰ ਕੈਦ ਕਰਕੇ ਉਸ ਨੇ ਰਾਣੀ ਪਦਮਾਵਤੀ ਦੀ ਮੰਗ ਰੱਖ ਦਿੱਤੀ। ਰਾਜਪੂਤ ਯੋਧਿਆਂ ਗੋਰਾ ਅਤੇ ਬਾਦਲ ਨੇ ਖਿਲਜੀ ਨੂੰ ਭਰਮਾਉਣ ਲਈ ਉਹ ਮੰਗ ਮੰਨ ਲਈ ਅਤੇ ਬਹੁਤ ਸਾਰੀਆਂ ਪਾਲਕੀਆਂ ਖਿਲਜੀ ਦੇ ਕੈਂਪ ਵਿੱਚ ਭੇਜ ਦਿੱਤੀਆਂ ਅਤੇ ਕਿਹਾ ਕਿ ਉਹਨਾਂ ਵਿੱਚੋਂ ਇੱਕ ਪਾਲਕੀ ਵਿੱਚ ਪਦਮਾਵਤੀ ਹੈ। ਪਰ ਅਸਲ ਵਿੱਚ ਬਹੁਤੀਆਂ ਪਾਲਕੀਆਂ ਵਿੱਚ ਰਾਜਪੂਤ ਲੜਾਕੂ ਸਨ ਜਿੰਨ੍ਹਾਂ ਨੇ ਖਿਲਜੀ ਦੇ ਕੈਂਪ ਵਿੱਚ ਭਾਜੜ ਮਚਾ ਦਿੱਤੀ ਅਤੇ ਰਤਨ ਸਿੰਘ ਨੂੰ ਛੁਡਾ ਕੇ ਲੈ ਗਏ। ਰਤਨ ਸਿੰਘ ਦੀ ਗੈਰ-ਹਾਜ਼ਰੀ ਵਿੱਚ ਪਿੱਛੋਂ ਗੁਆਂਢੀ ਰਾਜ ਕੁੰਭਲਗੜ੍ਹ ਦੇ ਰਾਜੇ ਦੇਵਪਾਲ ਨੇ ਪਦਮਾਵਤੀ ਅੱਗੇ ਵਿਆਹ ਦੀ ਮੰਗ ਰੱਖ ਦਿੱਤੀ। ਵਾਪਸ ਆ ਕੇ ਰਤਨ ਸਿੰਘ ਉਸ ਰਾਜੇ ਨਾਲ ਖਹਿਬੜ ਪਿਆ ਅਤੇ ਲੜਾਈ ਵਿੱਚ ਦੋਵੇਂ ਰਾਜੇ ਇਕੱਠੇ ਹੀ ਮਾਰੇ ਗਏ। ਇਸ ਦੇ ਨਤੀਜੇ ਵਜੋਂ ਰਤਨ ਸਿੰਘ ਦੀਆਂ ਦੋਵੇਂ ਰਾਣੀਆਂ ਨਾਗਮਤੀ ਅਤੇ ਪਦਮਾਵਤੀ ਸਤੀ ਹੋ ਗਈਆਂ। ਜਦੋਂ ਤੱਕ ਖਿਲਜੀ ਆਪਣੀਆਂ ਫੌਜਾਂ ਲੈ ਕੇ ਹਮਲਾ ਕਰਨ ਲਈ ਪਹੁੰਚਿਆ ਤਾਂ ਸਭ ਕੁਝ ਖ਼ਤਮ ਹੋ ਚੁੱਕਾ ਸੀ।
ਜਾਇਸੀ ਨੇ ਖੁਦ ਹੀ ਆਪਣੀ ਰਚਨਾ ਦੇ ਅਖੀਰ ਵਿੱਚ ਮੰਨਿਆ ਹੈ ਕਿ ਪਦਮਾਵਤ ਉਸਦੀ ਕਲਪਨਾ ਦੀ ਕਹਾਣੀ ਹੈ। ਪਰ ਜੇਕਰ ਜਾਇਸੀ ਨੇ ਨਾ ਵੀ ਮੰਨਿਆ ਹੁੰਦਾ ਤਾਂ ਫੇਰ ਵੀ ਸਾਡੇ ਕੋਲ ਹੋਰ ਕਈ ਪ੍ਰਮਾਣ ਮੌਜੂਦ ਹਨ ਜਿਹੜੇ ਇਸ ਕਹਾਣੀ ਦੇ ਕਾਲਪਨਿਕ ਹੋਣ ਵੱਲ ਇਸ਼ਾਰਾ ਕਰਦੇ ਹਨ। ਇਸ ਵਿੱਚ ਬਹੁਤ ਸਾਰੀਆਂ ਅਜਿਹੀਆਂ ਕਮੀਆਂ ਹਨ ਜਿਹੜੀਆਂ ਇਸ ਨੂੰ ਇੱਕ ਇਤਿਹਾਸਿਕ ਕਹਾਣੀ ਦੇ ਰੂਪ ਵਿੱਚ ਖਾਰਜ ਕਰਦੀਆਂ ਹਨ। ਇਹ ਰਚਨਾ 1540 ਈਸਵੀ ਅਰਥਾਤ ਖਿਲਜੀ ਦੀ ਚਿਤੌੜ ਮੁਹਿੰਮ ਤੋਂ 237 ਸਾਲ ਬਾਅਦ ਪੂਰੀ ਹੋਈ, ਇਸ ਲਈ ਇਹ ਕਿਸੇ ਦੰਦ-ਕਥਾ ਉੱਤੇ ਆਧਾਰਿਤ ਵੀ ਹੋ ਸਕਦੀ ਹੈ। ਸ੍ਰੀ ਲੰਕਾ ਦੇ ਇਤਿਹਾਸ ਵਿੱਚ ਅਲਾਉਦੀਨ ਖਿਲਜੀ ਦਾ ਸਮਕਾਲੀ ਗੰਧਰਵ ਸੇਨ ਨਾਂਅ ਦਾ ਕੋਈ ਰਾਜਾ ਹੋਇਆ ਹੀ ਨਹੀਂ ਅਤੇ ਨਾ ਹੀ ਚਿਤੌੜਗੜ੍ਹ (ਰਾਜਸਥਾਨ) ਤੋਂ ਸ੍ਰੀ ਲੰਕਾ ਤੱਕ ਕੋਈ ਸੱਤ ਸਮੁੰਦਰ ਆਉਂਦੇ ਹਨ। ਰਾਜਾ ਰਤਨ ਸਿੰਘ ਚਿਤੌੜ ਦਾ ਰਾਜਾ 1301 ਈਸਵੀ ਵਿੱਚ ਬਣਿਆ ਮੰਨਿਆ ਜਾਂਦਾ ਹੈ ਅਤੇ 1303 ਈਸਵੀ ਵਿੱਚ ਖਿਲਜੀ ਨੇ ਉੱਥੇ ਹਮਲਾ ਕਰ ਦਿੱਤਾ। ਪਰ ‘ਪਦਮਾਵਤ’ ਦੀ ਕਹਾਣੀ ਇਹ ਕਹਿੰਦੀ ਹੈ ਕਿ ਰਤਨ ਸਿੰਘ ਅਤੇ ਪਦਮਿਨੀ ਨੇ ਰਾਜਾ-ਰਾਣੀ ਦੇ ਰੂਪ ਵਿੱਚ 8 ਸਾਲ ਬਿਤਾਏ। ਇੰਜ ਹੀ ਪਾਲਕੀਆਂ ਵਿੱਚ ਆਪਣੇ ਲੜਾਕੂ ਸਿਪਾਹੀ ਭੇਜਣ ਵਾਲੀ ਕਹਾਣੀ ਵੀ ਰੋਹਤਾਸ ਦੇ ਕਿਲੇ ਵਾਲੀ ਕਹਾਣੀ ਤੋਂ ਪ੍ਰੇਰਿਤ ਹੋ ਕੇ ਲਿਖੀ ਗਈ ਲੱਗਦੀ ਹੈ। ਰੋਹਤਾਸ ਦੇ ਕਿਲੇ ਵਾਲੀ ਘਟਨਾ 1539 ਈਸਵੀ ਵਿੱਚ ਵਾਪਰੀ ਸੀ ਜਿਸ ਵਿੱਚ ਸ਼ੇਰ ਸ਼ਾਹ ਸੂਰੀ ਨੇ ਰੋਹਤਾਸ ਦੇ ਹਿੰਦੂ ਰਾਜੇ ਨੂੰ ਧੋਖੇ ਨਾਲ ਆਪਣੇ ਜਾਲ ਵਿੱਚ ਫਸਾਇਆ ਸੀ। ਜਦੋਂ ਸ਼ੇਰ ਸ਼ਾਹ ਸੂਰੀ ਹਮਾਯੂੰ ਨਾਲ ਜੰਗ ਲੜ ਰਿਹਾ ਸੀ ਤਾਂ ਉਸਨੂੰ ਕਿਤੇ ਆਰਜ਼ੀ ਠਾਹਰ ਬਣਾਉਣ ਲਈ ਇੱਕ ਕਿਲੇ ਦੀ ਲੋੜ ਸੀ। ਉਸ ਨੇ ਚਲਾਕੀ ਨਾਲ ਰੋਹਤਾਸ ਦੇ ਹਿੰਦੂ ਸ਼ਾਸਕ ਨੂੰ ਮਨਾ ਲਿਆ ਕਿ ਉਸਦੀ ਫੌਜ ਦੀਆਂ ਔਰਤਾਂ, ਬੱਚਿਆਂ ਅਤੇ ਖਜ਼ਾਨੇ ਦੀ ਸੰਭਾਲ ਲਈ ਉਸ ਨੂੰ ਕੁਝ ਦੇਰ ਲਈ ਕਿਲੇ ਵਿੱਚ ਸ਼ਰਨ ਚਾਹੀਦੀ ਹੈ ਤਾਂ ਜੋ ਉਹ ਬੇਫਿਕਰ ਹੋ ਕੇ ਦੂਰ ਬੰਗਾਲ ਵਿੱਚ ਹਮਾਯੂੰ ਨਾਲ ਲੜ ਸਕੇ। ਰੋਹਤਾਸ ਦਾ ਹਾਕਮ ਲਾਲਚ ਅਤੇ ਵਿਸ਼ਵਾਸ ਵਿੱਚ ਆ ਗਿਆ। ਸੂਰੀ ਨੇ ਆਪਣੀਆਂ ਔਰਤਾਂ ਅਤੇ ਬੱਚਿਆਂ ਨੂੰ ਪਾਲਕੀਆਂ ਵਿੱਚ ਬਿਠਾ ਕੇ ਕਿਲੇ ਅੰਦਰ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਪਰ ਪਹਿਲੀਆਂ ਕੁਝ ਪਾਲਕੀਆਂ ਵਿੱਚ ਹੀ ਔਰਤਾਂ ਅਤੇ ਬੱਚੇ ਸਨ ਅਤੇ ਉਸ ਤੋਂ ਬਾਅਦ ਬੰਦ ਪਾਲਕੀਆਂ ਦੀ ਆੜ ਵਿੱਚ ਆਪਣੇ ਅਫ਼ਗਾਨ ਲੜਾਕੂ ਕਿਲੇ ਅੰਦਰ ਦਾਖ਼ਲ ਕਰ ਦਿੱਤੇ ਜਿੰਨ੍ਹਾਂ ਨੇ ਕਿਲੇ ਉੱਤੇ ਕਬਜ਼ਾ ਕਰ ਲਿਆ ਅਤੇ ਹਿੰਦੂ ਸ਼ਾਸਕ ਨੂੰ ਕਿਲਾ ਛੱਡ ਕੇ ਦੌੜਨ ਲਈ ਮਜ਼ਬੂਰ ਕਰ ਦਿੱਤਾ। ਬਿਲਕੁਲ ਇਸੇ ਤਰਾਂ ਦੀ ਹੀ ਪਾਲਕੀਆਂ ਦੀ ਕਹਾਣੀ ਜਾਇਸੀ ਨੇ ‘ਪਦਮਾਵਤ’ ਵਿੱਚ ਪੇਸ਼ ਕੀਤੀ ਹੈ।
ਇੰਜ, ਰਾਣੀ ਪਦਮਿਨੀ ਦੀ ਕਹਾਣੀ ਦੀ ਇਤਿਹਾਸਕ ਪ੍ਰਮਾਣਿਕਤਾ ਹੀ ਅਜੇ ਤੱਕ ਇੱਕ ਬਹਿਸ ਦਾ ਵਿਸ਼ਾ ਹੈ। ਉਹ ਖ਼ੁਦ ਹੀ ਇੱਕ ਕਾਲਪਨਿਕ ਕਹਾਣੀ (ਮਸਨਵੀ) ਦੀ ਪਾਤਰ ਹੈ। ਪਰ ਇਹ ਵੀ ਸੱਚ ਹੈ ਕਿ ਭਾਰਤ ਵਿੱਚ ਬਹੁਤ ਸਾਰੀਆਂ ਕਹਾਣੀਆਂ ਮਿਥਿਹਾਸ ਅਤੇ ਇਤਿਹਾਸ ਦੀਆਂ ਗੁੰਝਲਾਂ ਵਿੱਚ ਫਸੀਆਂ ਹੋਈਆਂ ਮਿਲਦੀਆਂ ਹਨ। ਸਾਨੂੰ ਇਹ ਵੀ ਵੇਖਣ ਦੀ ਲੋੜ ਹੈ ਕਿ ਜੇਕਰ ਉਹਨਾਂ ਕਹਾਣੀਆਂ ਦੇ ਪਾਤਰ ਸਾਡੀ ਮਾਣਯੋਗ ਵਿਰਾਸਤ ਦਾ ਹਿੱਸਾ ਹਨ ਤਾਂ ਸਾਨੂੰ ਉਹਨਾਂ ਦੇ ਅਕਸ ਉੱਤੇ ਚੋਟ ਪਹੁੰਚਾਉਣ ਤੋਂ ਵੀ ਬਚਣ ਦੀ ਲੋੜ ਹੈ। ਭਾਵੇਂ ਕਿ ਅੱਜ ਸਾਡਾ ਸਮਾਜ ਜੌਹਰ ਵਰਗੀ ਪ੍ਰਥਾ ਨੂੰ ਨਕਾਰ ਚੁੱਕਾ ਹੈ ਪਰ ਉਹ ਵੀ ਇੱਕ ਸਮਾਂ ਸੀ ਜਦੋਂ ਸਾਡੀਆਂ ਔਰਤਾਂ ਸਵੈਮਾਣ ਦੀ ਬਹਾਲੀ ਲਈ ਜੌਹਰ ਦੀ ਪ੍ਰਥਾ ਨਾਲ ਆਪਣੇ ਆਪ ਨੂੰ ਕੁਰਬਾਨ ਕਰ ਦਿੰਦੀਆਂ ਸਨ। ਇਹ ਸਾਡੀ ਵਿਰਾਸਤ ਹੈ ਅਤੇ ਅਸੀਂ ਇਸ ਨੂੰ ਬਦਲ ਨਹੀਂ ਸਕਦੇ। ਉਮੀਦ ਕਰਨੀ ਚਾਹੀਦੀ ਹੈ ਕਿ ਫਿਲਮਸਾਜ਼ ਨੇ ਆਪਣੀ ਫਿਲਮ ਵਿੱਚ ਇਹਨਾਂ ਗੱਲਾਂ ਦਾ ਧਿਆਨ ਜਰੂਰ ਹੀ ਰੱਖਿਆ ਹੋਏਗਾ। ਇਸ ਲਈ ਕਿਸੇ ਆਉਣ ਵਾਲੀ ਫਿਲਮ ਬਾਰੇ ਆਪਣੇ ਵੱਲੋਂ ਹੀ ਕਿਆਫ਼ੇ ਲਗਾ ਕੇ ਬਿਨਾ ਸੋਚੇ ਸਮਝੇ ਉਸਦਾ ਵਿਰੋਧ ਕਰਨਾ ਵੀ ਇੱਕ ਹੱਠੀ ਮਾਨਸਿਕਤਾ ਹੀ ਹੈ। ਅਜਿਹੀ ਪਿਛਾਂਹ-ਖਿੱਚੂ ਮਾਨਸਿਕਤਾ ਲੋਕ ਰਾਜੀ ਕਦਰਾਂ ਕੀਮਤਾਂ ਨੂੰ ਢਾਹ ਲਗਾਉਂਦੀ ਹੈ।