ਲੁਧਿਆਣਾ – ਭਾਰਤ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਦੇ ਜੁਆਇੰਟ ਸਕੱਤਰ ਸ੍ਰੀ ਅਟਲ ਦੁਲੂ ਅਤੇ ਵਧੀਕ ਸਕੱਤਰ ਸ੍ਰੀ ਨਗੇਸ਼ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਖੇਤੀ ਮਸ਼ੀਨਰੀ ਸੰਬੰਧੀ ਜਾਣਕਾਰੀ ਲੈਣ ਲਈ ਪਹੁੰਚੇ । 23 ਅਤੇ 24 ਨਵੰਬਰ ਨੂੰ ਪਹੁੰਚੀ ਇਸ ਟੀਮ ਦਾ ਮੁੱਖ ਉਦੇਸ਼ ਪੰਜਾਬ ਦੇ ਕਿਸਾਨਾਂ ਵੱਲੋਂ ਪਰਾਲੀ ਨੂੰ ਵਿਉਂਤਣ ਲਈ ਅਤੇ ਅੱਗੋਂ ਕਣਕ/ਆਲੂਆਂ ਦੀ ਬਿਜਾਈ ਲਈ ਅਪਣਾਈਆਂ ਜਾਂਦੀਆਂ ਤਕਨੀਕਾਂ ਅਤੇ ਮਸ਼ੀਨਰੀ ਬਾਰੇ ਜਾਣਨਾ-ਪਰਖਣਾ ਸੀ । ਇਸ ਵਫ਼ਦ ਨਾਲ ਗੱਲਬਾਤ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਪੀਏਯੂ ਵੱਲੋਂ ਈਜ਼ਾਦ ਕੀਤੀਆਂ ਮਸ਼ੀਨਾਂ ਅਤੇ ਤਕਨਾਲੋਜੀ ਜਿਵੇਂ ਹੈਪੀਸੀਡਰ, ਪਰਾਲੀ ਮਲਚਰ, ਸੁਪਰ ਐਸ ਐਮ ਐਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਤਕਨੀਕਾਂ ਕਿਸਾਨਾਂ ਵਿੱਚ ਲਗਾਤਾਰ ਹਰਮਨ-ਪਿਆਰੀਆਂ ਹੋ ਰਹੀਆਂ ਹਨ । ਖੇਤੀਬਾੜੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੇ ਡੀਨ ਡਾ. ਜਸਕਰਨ ਸਿੰਘ ਮਾਹਲ ਨੇ ਇਹਨਾਂ ਵਿਭਿੰਨ ਮਸ਼ੀਨਾਂ ਅਤੇ ਤਕਨਾਲੋਜੀਆਂ ਬਾਰੇ ਪੇਸ਼ਕਾਰੀ ਦਿੱਤੀ ਜਿਸ ਵਿੱਚ ਇਹ ਸਪੱਸ਼ਟ ਕੀਤਾ ਗਿਆ ਕਿ ਇਹ ਮਸ਼ੀਨਰੀ ਪਰਾਲੀ ਨੂੰ ਵਿਉਂਤਣ ਵਿੱਚ ਕਿਵੇਂ ਸਹਾਇਕ ਸਿੱਧ ਹੁੰਦੀ ਹੈ । ਖੇਤੀਬਾੜੀ ਵਿਭਾਗ ਦੇ ਜੁਆਇੰਟ ਨਿਰਦੇਸ਼ਕ ਖੇਤੀਬਾੜੀ (ਇੰਜਨੀਅਰਿੰਗ) ਸ੍ਰੀ ਮਨਮੋਹਨ ਕਾਲੀਆ ਅਤੇ ਪੰਜਾਬ ਹਰਿਆਣਾ ਦੇ ਹੋਰ ਸੰਬੰਧਤ ਵਿਭਾਗਾਂ ਤੋਂ ਆਏ ਅਫ਼ਸਰ ਸਾਹਿਬਾਨ ਨੇ ਵੀ ਇਸ ਦੌਰੇ ਵਿੱਚ ਸ਼ਮੂਲੀਅਤ ਕੀਤੀ । ਖੇਤੀ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਵਿੱਚ ਇਸ ਸਮੁੱਚੀ ਮਸ਼ੀਨਰੀ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਅਤੇ ਸੰਬੰਧਿਤ ਵਿਭਾਗਾਂ ਵੱਲੋਂ ਇਸ ਤਕਨਾਲੋਜੀ ਸੰਬੰਧੀ ਗਿਆਨ ਨੂੰ ਦਰਸਾਉਂਦੇ ਚਾਰਟ ਵੀ ਲਗਾਏ ਗਏ । ਇਸ ਸਮੁੱਚੀ ਟੀਮ ਨੇ ਪੀਏਯੂ ਦੇ ਖੇਤਾਂ ਅਤੇ ਲਾਢੋਵਾਲ ਬੀਜ ਫਾਰਮ ਉਪਰ ਵੀ ਲਿਜਾਇਆ ਗਿਆ ਜਿੱਥੇ ਚਲਦੀਆਂ ਮਸ਼ੀਨਾਂ ਨਾਲ ਦੱਸਿਆ ਗਿਆ ਕਿ ਇਹ ਝੋਨੇ ਦੇ ਖੇਤਾਂ ਵਿੱਚ ਕਟਾਈ ਦੇ ਨਾਲ ਪਰਾਲੀ ਕਿਵੇਂ ਸੰਭਾਲਦੀਆਂ ਹਨ । ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਅਤੇ ਹੋਰ ਸੰਬੰਧਤ ਵਿਭਾਗਾਂ ਦੇ ਮੁਖੀ ਵੀ ਇਸ ਖੇਤ ਦੌਰੇ ਦੌਰਾਨ ਹਾਜ਼ਰ ਹੋਏ । ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਦੀਦਾਰ ਸਿੰਘ ਭੱਟੀ, ਖੇਤੀ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਦੇ ਮੁਖੀ ਡਾ. ਮਨਜੀਤ ਸਿੰਘ ਨੇ ਇਸ ਦੌਰੇ ਮਗਰੋਂ ਇਸ ਟੀਮ ਨੂੰ ਕਲਰ ਮਾਜਰੀ ਅਤੇ ਅਗੇਤੀ ਪਿੰਡ ਲਿਜਾਣ ਦਾ ਸਮੁੱਚਾ ਪ੍ਰਬੰਧ ਕੀਤਾ ਜਿਹੜੇ ਇਸ ਵਾਰ ਪਰਾਲੀ ਸਾੜਨ ਤੋਂ ਪੂਰਨ ਰੂਪ ਵਿੱਚ ਮੁਕਤ ਪਿੰਡ ਰਹੇ । ਇੱਥੇ ਕਿਸਾਨਾਂ ਨੇ ਇਸ ਵਫ਼ਦ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਝੋਨੇ ਦੀ ਪਰਾਲੀ ਨੂੰ ਸੰਭਾਲਣ ਅਤੇ ਯੂਨੀਵਰਸਿਟੀ ਵੱਲੋਂ ਵਿਕਸਿਤ ਮਸ਼ੀਨਾਂ ਨਾਲ ਝੋਨੇ ਦੀ ਬਿਜਾਈ ਬਾਰੇ ਗੱਲਬਾਤ ਕੀਤੀ । ਸਾਰੇ ਕਿਸਾਨ ਇੱਕੋ ਮਤ ਸਨ ਕਿ ਸਭ ਤੋਂ ਲਾਹੇਵੰਦ ਇਹੋ ਗੱਲ ਹੈ ਕਿ ਪਰਾਲੀ ਨੂੰ ਗਾਲ ਕੇ ਮਿੱਟੀ ਵਿੱਚ ਹੀ ਰਲਾ ਲਿਆ ਜਾਵੇ । ਇਸੇ ਵਿੱਚ ਹੀ ਖੇਤੀਬਾੜੀ ਦਾ ਵਿਕਾਸ ਹੋ ਸਕਦਾ ਹੈ । ਇਸ ਟੀਮ ਨੇ ਪੰਜਾਬ ਬਾਇਓਮਾਸ ਪਾਵਰ ਲਿਮਿਟਡ ਰਾਜਪੁਰੇ ਦੇ ਇੱਕ ਪਿੰਡ ਵਿੱਚ ਵੀ ਦੌਰਾ ਕੀਤਾ ਜਿੱਥੇ ਪਰਾਲੀ ਨੂੰ ਬਾਇਓ ਬਾਲਣ ਵਜੋਂ ਵਰਤਿਆ ਜਾਂਦਾ ਹੈ ।
ਭਾਰਤ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਦੀ ਟੀਮ ਨੇ ਜਾਣੀ ਪੀਏਯੂ ਦੀ ਖੇਤੀ ਮਸ਼ੀਨਰੀ
This entry was posted in ਖੇਤੀਬਾੜੀ.