ਸਮੇਂ ਦੇ ਖ਼ਰਗੋਸ਼
ਜ਼ੁੰਮੇਵਾਰੀਆਂ ਦੇ
ਕੱਛੂ ਨੂੰ
ਚਿੜਾਉਦਿਆਂ ਲ਼ੰਘ ਗਏ!
ਇਹ ਸਫ਼ਰ
ਮੈਂ ਤੋਂ
ਤੂੰ ਤੱਕ ਦਾ
ਇੱਕ ਦੌੜ ਹੀ ਤਾਂ ਸੀ
ਤੇ ਅਸੀਂ
ਮੂਕ ਦਰਸ਼ਕ ਬਣੇ
. . . ਦੇਖਦੇ ਰਹੇ!
ਪਿਆਸ ਰਹੀ
ਮੈਨੂੰ ਤੇਰੀ
ਘੜੇ ਵਿਚਲੇ ਪਾਣੀ ਦੀ ਤਰ੍ਹਾਂ!
ਤਮਾਮ ਉਮਰ
ਕੰਕਰ ਹੀ
ਇੱਕਠੇ ਕਰਦਾ ਰਿਹਾ
ਜਦ ਤੂੰ
ਨਜ਼ਦੀਕ ਆਈ ਤਾਂ
ਮੈਂ ਉਪਦੇਸ਼ ਦੇਣ
. . . ਨਿੱਕਲ ਤੁਰਿਆ!
ਤੇ ਸਮੇਂ ਦਾ ਖ਼ਰਗੋਸ਼
ਜ਼ਿੰਦਗੀ ਨੂੰ
ਚਿੜਾਉਦਿਆਂ ਲੰਘ ਰਿਹਾ ਸੀ!
ਭੌਂਕਦਾ ਹੀ ਰਿਹਾ
ਲਾਲਸਾਵਾਂ ਦੀ ਬੋਟੀ
ਮੂੰਹ ਵਿੱਚ ਪਾਈ
ਪਾਣੀਆਂ ਵਿੱਚ
ਹਲਚਲ ਹੋਈ ਤਾਂ
ਪਰਛਾਵਾਂ ਵੀ ਕੰਬਣ ਲੱਗਾ
ਤੇ ਸਮੇਂ ਦਾ ਖ਼ਰਗੋਸ਼
ਫਿਰ ਮੂੰਹ ਚਿੜਾ ਰਿਹਾ ਸੀ!
ਤੱਕਿਆ ਜਦ
ਪਹੁੰਚ ਤੋਂ ਦੂਰ ਤੈਨੂੰ
ਤਾਂ ਹਫ਼ ਕਿ ਬੈਠ ਗਿਆ ਹਾਂ!
ਉੱਚਿਆਂ ਅੰਗੂਰਾਂ ਦਾ
ਸਵਾਦ ਖੱਟਾ ਲੱਗਦਾ ਹੈ।
ਸਮੇਂ ਦਾ ਖ਼ਰਗੋਸ਼
ਫਿਰ ਮੂੰਹ ਚਿੜਾ ਭੱਜਦਾ ਹੈ!
ਮੈਂ ਤੇ ਤੂੰ ਦੀ ਦੌੜ
ਨਿਰੰਤਰ ਜਾਰੀ ਹੈ।
ਮੈਂ ਤਾਂ
ਐਵੇਂ ਹੀ
ਸਾਂਹ ਖਿੱਚ ਕਿ ਪੈ ਗਿਆ ਸੀ
ਤੂੰ ਆਈ;
ਤੇ ਪਲ-ਦੋ-ਪਲ ਰੁਕੀ ਵੀ ਨਾ!!
ਸਮੇਂ ਦੇ ਖ਼ਰਗੋਸ਼ਾਂ ਨਾਲ ਹੀ
. . . . . . ਰਲ ਚੱਲੀ!!
ਝੱਲੀਏ,
ਕੀ ਤੈਨੂੰ ਪਤਾ ਨਹੀ ਸੀ…
ਕਿ ਇਸ਼ਕ ਤਾਂ,
ਕਦੇ ਮਰਦਾ ਹੀ ਨਹੀਂ।
ਇਸ਼ਕ ਤਾਂ ਅਮਰ ਹੈ।
ਇਸ਼ਕ ਤਾਂ ਅਜਿੱਤ ਹੈ।