ਗੁਰਦਾਸਪੁਰ/ਧਾਰੀਵਾਲ,(ਗੁਰਵਿਦਰ ਨਾਗੀ) – ਥਾਣਾ ਧਾਰੀਵਾਲ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਪ੍ਰਾਪਤੀ ਮਿਲੀ ਜਦੋਂ ਪੁਲਿਸ ਨੇ ਚੋਰੀ ਦੇ 6 ਮੋਟਰ ਸਾਈਕਲਾਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ। ਜਿਲ੍ਹਾ ਪੁਲਿਸ ਮੁੱਖੀ ਗੁਰਦਾਸਪੁਰ ਹਰਚਰਨ ਸਿੰਘ ਭੁੱਲਰ ਨੇ ਪੁਲਿਸ ਥਾਣਾ ਧਾਰੀਵਾਲ ਵਿਚ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਰਮੇਸ਼ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਭੋਆ ਥਾਣਾ ਕਾਨਵਾ ਨੇ ਥਾਣਾ ਧਾਰੀਵਾਲ ਦੀ ਪੁਲਿਸ ਨੂੰ ਦੱਸਿਆ ਕਿ ਉਸਦਾ ਇੱਕ ਮੋਟਰ ਸਾਈਕਲ ਨੰਬਰ ਪੀਬੀ35ਟੀ3545 ਜਿਸਨੂੰ ਉਸਨੇ ਨਵਾਂ ਬੱਸ ਸਟੈਂਡ ਵਿਚ ਖੜਾ ਕੀਤਾ ਸੀ, ਜੋ ਚੋਰੀ ਹੋ ਗਿਆ ਸੀ, ਜਿਸਤੇ ਪੁਲਿਸ ਨੇ ਇਸ ਸਬੰਧੀ ਧਾਰਾ 379 ਤਹਿਤ ਕੇਸ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂੁ ਕਰ ਦਿੱਤੀ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਏ.ਐਸ.ਆਈ. ਗੁਰਦੀਪ ਸਿੰਘ ਪੁਲਿਸ ਪਾਰਟੀ ਸਮੇਤ ਜਫਰਵਾਲ ਪੁੱਲ ਬਾਈਪਾਸ ਤੇ ਨਾਕਾਬੰਦੀ ਕਰਕੇ ਵਾਹਨਾਂ ਆਦਿ ਦੀ ਚੈਕਿੰਗ ਕਰ ਰਹੇ ਸਨ ਤਾਂ ਸ਼ੱਕ ਪੈਣ ਤੇ ਜਦ ਇੱਕ ਮੋਟਰ ਸਾਈਕਲ ਸਵਾਰ ਨੂੰ ਰੋਕ ਕੇ ਉਸ ਕੋਲੋਂ ਮੋਟਰ ਸਾਈਕਲ ਸਬੰਧੀ ਦਸਤਾਵੇਜ ਮੰਗੇ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਾ ਦੇ ਸਕਿਆ। ਜਿਸ ਤੇ ਪੁਲਿਸ ਨੇ ਜਦ ਉਸ ਕੋਲੋਂ ਸ਼ਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸਨੇ ਮੰਨਿਆ ਕਿ ਇ ਮੋਟਰ ਸਾਈਕਲ ਉਸਨੇ ਚੋਰੀ ਕੀਤਾ ਹੈ ਅਤੇ ਉਸਨੇ ਆਪਣੀ ਪਹਿਚਾਣ ਸੁਧੀਰ ਸਿੰਘ ਪੁੱਤਰ ਰਣਬੀਰ ਸਿੰਘ ਵਾਸੀ ਜਾਪੂਵਾਲ ਵਜੋਂ ਦਿੱਤੀ। ਪੁਲਿਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਸੁਧੀਰ ਸਿੰਘ ਕੋਲੋਂ ਜਦ ਪੁਲਿਸ ਨੇ ਹੋਰ ਪੁੱਛਗਿੱਛ ਕੀਤੀ ਤਾਂ ਉਸਦੀ ਨਿਸ਼ਾਨਦੇਹੀ ਤੇ ਵੱਖ ਵੱਖ ਥਾਂਵਾ ਚੋਰੀ ਕੀਤੇ 6 ਮੋਟਰ ਸਾਈਕਲ ਬਰਾਮਦ ਕਰਕੇ ਉਕਤ ਕੇਸ ਵਿਚ ਵਾਧਾ ਕਰਕੇ ਧਾਰਾ 411 ਲਗਾਈ ਗਈ ਹੈ ਅਤੇ ਇਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।