ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਾਲ ਆਡੀਟੋਰੀਅਮ ਵਿੱਚ ਕੱਲ ਇੱਥੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਨਰਿੰਦਰ ਸਿੰਘ ਬੇਦੀ ਨੇ ਦਿਲ ਦੀ ਤੰਦਰੁਸਤੀ ਲਈ ਇੱਕ ਵਿਸ਼ੇਸ਼ ਭਾਸ਼ਣ ਦਿੱਤਾ। ਦਿਲ ਨੂੰ ਸਿਹਤਮੰਦ ਰੱਖਣ ਲਈ ਨੁਕਤੇ ਦੱਸਦਿਆ ਡਾ. ਬੇਦੀ ਨੇ ਕਿਹਾ ਕਿ ਪੰਜਾਬ ਵਿੱਚ 1000 ਵਿੱਚੋਂ 61 ਲੋਕ ਇਸਦੇ ਮਰੀਜ਼ ਹਨ ਅਤੇ ਸਭ ਤੋਂ ਫਿਕਰ ਵਾਲੀ ਗੱਲ ਇਹ ਹੈ ਕਿ 30 ਤੋਂ 40 ਸਾਲ ਦੇ ਲੋਕਾਂ ਵਿੱਚ ਇਹ ਬਿਮਾਰੀ ਵੱਧ ਰਹੀ ਹੈ। ਅਨੇਕਾਂ ਉਦਾਹਰਣਾਂ, ਨੁਕਤਿਆਂ ਅਤੇ ਸਲਾਇਡਾਂ ਰਾਹੀਂ ਆਪਣੀ ਗੱਲ ਨੂੰ ਸਪੱਸ਼ਟ ਕਰਦਿਆਂ ਡਾ. ਬੇਦੀ ਨੇ ਹਾਜ਼ਰ ਫੈਕਲਟੀ ਨੂੰ ਤਣਾਅ, ਉਦਾਸ ਜੀਵਨ-ਸ਼ੈਲੀ ਅਤੇ ਮਾੜੀ ਖੁਰਾਕ ਨੂੰ ਇਸ ਮਰਜ਼ ਦਾ ਮੁੱਖ ਕਾਰਨ ਦੱਸਿਆ। ਉਹਨਾਂ ਕਿਹਾ ਕਿ ਦਿਲ ਨੂੰ ਆਪਣੇ ਆਪ ਵਿੱਚ ਕਦੇ ਦੌਰਾ ਨਹੀਂ ਪੈਂਦਾ ਕਿ ਸਾਡੀ ਮਾੜੀ ਜੀਵਨਸ਼ੈਲੀ ਇਸ ਦੌਰੇ ਦਾ ਕਾਰਨ ਬਣਦੀ ਹੈ । ਸਰਦੀਆਂ ਵਿੱਚ ਦਿਲ ਦੀ ਸੰਭਾਲ ਬਾਰੇ ਗੱਲ ਕਰਦਿਆਂ ਡਾ.ਬੇਦੀ ਨੇ ਦੱਸਿਆ ਕਿ ਇਸ ਮੌਸਮ ਵਿੱਚ ਦਿਲ ਦੇ ਦੌਰੇ ਦਾ ਖਤਰਾ ਦੁੱਗਣਾ ਹੁੰਦਾ ਹੈ। ਕਈ ਕਾਰਨਾਂ ਕਰਕੇ ਸਰਦੀ ਦਿਲ ਦੇ ਮਰੀਜ਼ਾਂ ਲਈ ਜ਼ਿਆਦਾ ਮਾੜੀ ਹੁੰਦੀ ਹੈ। ਜਦੋਂ ਬੰਦਾ ਸਿੱਧਾ ਠੰਡੇ ਮੌਸਮ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਉਸਦੇ ਸਰੀਰ ਦੀਆਂ ਪ੍ਰਤੀਕਰਮ ਵਜੋਂ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ਤਾਂ ਜੋ ਸਰੀਰ ਦੀ ਗਰਮੀ ਬਣੇ ਰਹੇ। ਇਹਨਾਂ ਸੁੰਗੜੀਆਂ ਨਾੜਾ ਕਰਕੇ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ ਜਿਸਦਾ ਅਸਰ ਦਿਲ ਤੇ ਪੈਂਦਾ ਹੈ। ਦਿਲ ਨੂੰ ਵੱਧ ਕੰਮ ਕਰਨਾ ਪੈਂਦਾ ਹੈ। ਸੁੰਗੜੀਆਂ ਖੂਨ ਦੀਆਂ ਨਾੜਾਂ ਸਦਕਾ ਖੂਨ ਦੀ ਸਪਲਾਈ ਘਟ ਜਾਂਦੀ ਹੈ। ਆਮ ਹਾਲਤਾਂ ਵਿੱਚ ਦਿਲ ਇਸ ਸਥਿਤੀ ਨੂੰ ਸਹਿਣ ਕਰ ਲੈਂਦਾ ਹੈ ਪਰ ਜੇ ਦਿਲ ਬਿਮਾਰ ਹੈ ਤਾਂ ਦਿਲ ਦੇ ਦੌਰੇ ਦੇ ਆਸਾਰ ਵਧ ਜਾਂਦੇ ਹਨ। ਸਰਦੀਆਂ ਵਿੱਚ ਕੌਲੈਸਟ੍ਰੋਲ ਦਾ ਲੈਵਲ ਵੀ ਵਧ ਜਾਂਦਾ ਹੈ। ਲੋਕ ਸਰਦੀਆਂ ਵਿੱਚ ਸ਼ੌਂਕ ਨਾਲ ਖਾਂਦੇ-ਪੀਂਦੇ ਹਨ ਜਿਸ ਸਦਕਾ ਮਨੁੱਖ ਦਾ ਭਾਰ ਵੀ ਵੱਧਦਾ ਹੈ । ਇਹਨਾਂ ਸਭ ਕੁੱਝ ਦਾ ਮਨੁੱਖੀ ਦਿਲ ਉਪਰ ਮਾੜਾ ਅਸਰ ਪੈਂਦਾ ਹੈ ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਫੈਕਲਟੀ ਨੂੰ ਸੰਬੋਧਿਤ ਹੁੰਦਿਆਂ ਡਾ. ਬੇਦੀ ਨੇ ਦਿਲ ਦਾ ਖਾਸ ਧਿਆਨ ਰੱਖਣ ਲਈ ਕਿਹਾ । ਦਵਾਈ ਲੈਣੀ ਕਦੇ ਵੀ ਭੁੱਲਣੀ ਨਹੀਂ ਚਾਹੀਦੀ ਅਤੇ ਨਾ ਹੀ ਉਹਨਾਂ ਨਿਸ਼ਾਨੀਆਂ ਨੂੰ ਅਣਦੇਖਿਆ ਕਰਨਾ ਚਾਹੀਦਾ ਹੈ ਜੋ ਦਿਲ ਦੀ ਬਿਮਾਰੀ ਦੀ ਸ਼ੰਕਾ ਪਾਉਂਦੀਆਂ ਹਨ। ਸਹੀ ਸਲਾਹ ਲਈ ਚੰਗੇ ਡਾਕਟਰ ਕੋਲ ਜਾਣਾ ਚਾਹੀਦਾ ਹੈ । ਤੰਬਾਕੂ, ਕੌਫੀ, ਚਾਹ, ਅਲਕੋਹਲ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਮਗਰੋਂ ਇਹਨਾਂ ਕਾਰਨ ਦਿਲ ਤੇ ਦਬਾਅ ਵੱਧਦਾ ਹੈ। ਧੁੱਪ ਵਿੱਚ ਬੈਠਣ ਨਾਲ ਮਨੁੱਖੀ ਸਰੀਰ ਨੂੰ ਵਿਟਾਮਿਨ ਡੀ ਮਿਲਦਾ ਹੈ ਜਿਹੜਾ ਮਨੁੱਖੀ ਸਿਹਤ ਲਈ ਅਤਿ ਲਾਹੇਵੰਦ ਹੈ। ਰੋਜ਼ਾਨਾ ਕਸਰਤ ਸਰਦੀਆਂ ਵਿੱਚ ਲਾਜ਼ਮੀ ਹੈ ਪਰ ਇਹਨਾਂ ਦਿਨਾਂ ਵਿੱਚ ਸੈਰ ਸੂਰਜ ਚੜ੍ਹੇ ਤੋਂ ਹੀ ਕਰਨੀ ਚਾਹੀਦੀ ਹੈ। ਇਕਦਮ ਤੇਜ਼ ਕਸਰਤ ਦਿਲ ਦੇ ਮਰੀਜ਼ਾਂ ਨੂੰ ਨਹੀਂ ਕਰਨੀ ਚਾਹੀਦੀ। ਕਿਸੇ ਮਾਹਿਰ ਦੀ ਨਿਗਰਾਨੀ ਵਿੱਚ ਹੀ ਕਸਰਤ ਕਰਨ ਦਾ ਫਾਇਦਾ ਹੋ ਸਕਦਾ ਹੈ ।
ਮੌਕੇ ਤੇ ਹਾਜ਼ਰ ਫੈਕਲਟੀ ਵੱਲੋਂ ਦਿਲ ਸੰਬੰਧੀ ਇਸ ਗੱਲਬਾਤ ਦੀ ਭਰਪੂਰ ਪ੍ਰਸ਼ੰਸ਼ਾ ਕੀਤੀ ਗਈ। ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਪ੍ਰਦੀਪ ਕੁਮਾਰ ਛੁਨੇਜਾ ਵੱਲੋਂ ਆਯੋਜਿਤ ਕੀਤੇ ਇਸ ਪ੍ਰੋਗਰਾਮ ਵਿੱਚ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਲੁਧਿਆਣਾ ਮੈਡੀਵੇਜ਼ ਹਸਪਤਾਲ ਦੇ ਚੇਅਰਮੈਨ ਡਾ. ਹਰਿੰਦਰ ਸਿੰਘ ਬੇਦੀ ਅਤੇ ਪੀਏਯੂ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਸ. ਸ. ਗੋਸਲ ਦਾ ਸਵਾਗਤ ਕੀਤਾ। ਡਾ. ਬੇਦੀ ਨੂੰ ਯਾਦਗਾਰੀ ਚਿੰਨ ਦੇ ਕੇ ਨਿਵਾਜ਼ਿਆ ਗਿਆ। ਖੇਤੀਬਾੜੀ ਕਾਲਜ ਦੇ ਡੀਨ ਡਾ. ਸ. ਸ. ਕੁੱਕਲ ਨੇ ਇਸ ਜਾਣਕਾਰੀ ਭਰਪੂਰ ਗੱਲਬਾਤ ਲਈ ਡਾ. ਬੇਦੀ ਦਾ ਧੰਨਵਾਦ ਕੀਤਾ।