ਨਵੀਂ ਦਿੱਲੀ – ਆਨਰ ਕਿਲਿੰਗ ਤੇ ਬੈਨ ਲਗਾਉਣ ਦੀ ਮੰਗ ਵਾਲੀ ਦਰਖਾਸਤ ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਸਖਤ ਟਿਪਣੀ ਕੀਤੀ ਹੈ। ਮੁੱਖ ਜੱਜ ਦੀਪਕ ਮਿਸ਼ਰਾ ਨੇ ਕਿਹਾ ਕਿ ਜਦੋਂ ਦੋ ਬਾਲਗ ਸ਼ਾਦੀ ਕਰਦੇ ਹਨ ਤਾਂ ਕਿਸੇ ਵੀ ਤੀਸਰੇ ਵਿਅਕਤੀ ਨੂੰ ਇਸ ਸਬੰਧੀ ਬੋਲਣ ਦਾ ਅਧਿਕਾਰ ਨਹੀਂ ਹੈ। ਚੀਫ਼ ਜਸਟਿਸ ਨੇ ਇਹ ਵੀ ਕਿਹਾ ਕਿ ਸ਼ਾਦੀ ਕਰਨ ਵਾਲੇ ਜੋੜਿਆਂ ਨੂੰ ਪੂਰੀ ਸੁਰੱਖਿਆ ਮਿਲਣੀ ਚਾਹੀਦੀ ਹੈ।
ਮੁੱਖ ਜੱਜ ਨੇ ਕਿਹਾ, ‘ਚਾਹੇ ਪੇਰੇਂਟਸ ਹੋਣ, ਸਮਾਜ ਹੋਵੇ ਜਾਂ ਫਿਰ ਕੋਈ ਹੋਰ ਹੋਵੇ। ਅਜਿਹੇ ਮਾਮਲਿਆਂ ਵਿੱਚ ਕੋਈ ਵੀ ਦਖਲ ਨਹੀਂ ਦੇ ਸਕਦਾ। ਕੋਈ ਵੀ ਵਿਅਕਤੀ ਜਾਂ ਸਮੂਹਿਕ ਤੌਰ ਤੇ ਕਿਸੇ ਦੀ ਸ਼ਾਦੀ ਵਿੱਚ ਦਖ਼ਲ ਦੇਣ ਦਾ ਅਧਿਕਾਰ ਨਹੀਂ ਰੱਖਦਾ।’ ਇੱਕ ਸ਼ਕਤੀ ਵਾਹਿਨੀ ਨਾ ਦੇ ਸੰਗਠਨ ਨੇ ਸਰਵਉਚ ਅਦਾਲਤ ਵਿੱਚ ਦਰਖਾਸਤ ਦੇ ਕੇ ਖਾਪ ਪੰਚਾਇਤ ਵਰਗੀਆਂ ਆਪੇ ਬਣੀਆਂ ਅਦਾਲਤਾਂ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।
ਸ਼ਕਤੀ ਵਾਹਿਨੀ ਨੇ ਆਪਣੀ ਅਰਜ਼ੀ ਵਿੱਚ ਕਿਹਾ ਕਿ ਮੱਧ ਕਾਲ ਦੇ ਆਪਣੀਆਂ ਕਥਿਤ ਪਰੰਪਰਾਵਾਂ ਦੀ ਰੱਖਿਆ ਦੇ ਨਾਮ ਤੇ ਪ੍ਰੇਮੀ ਜੋੜਿਆਂ ਦੀ ਹੱਤਿਆ ਨਹੀਂ ਕੀਤੀ ਜਾ ਸਕਦੀ। ਖਾਪ ਪੰਚਾਇਤਾਂ ਵੱਲੋਂ ਵੀ ਕੋਰਟ ਵਿੱਚ ਪੇਸ਼ ਵਿਅਕਤੀ ਨੇ ਕਿਹਾ, ‘ ਅਸੀਂ ਇਸ ਤਰ੍ਹਾਂ ਦੀਆਂ ਹੱਤਿਆਵਾਂ ਦੇ ਖਿਲਾਫ਼ ਹਾਂ।’ ਕੋਰਟ ਨੇ ਕਿਹਾ, ‘ ਸਾਨੂੰ ਖਾਪ ਪੰਚਾਇਤਾਂ ਦੇ ਅਧਿਕਾਰਾਂ ਦੀ ਚਿੰਤਾ ਨਹੀਂ ਹੈ। ਸਾਨੂੰ ਸਿਰਫ਼ ਸ਼ਾਦੀ ਕਰਨ ਵਾਲੇ ਕਪਲਜ਼ ਦੀ ਚਿੰਤਾ ਹੈ। ਸ਼ਾਦੀ ਭਾਂਵੇ ਚੰਗੀ ਹੋਵੇ ਜਾਂ ਬੁਰੀ, ਸਾਨੂੰ ਉਸ ਤੋਂ ਬਾਹਰ ਹੀ ਰਹਿਣਾ ਚਾਹੀਦਾ ਹੈ।’