ਚੰਡੀਗੜ੍ਹ – ਰਾਜਸਥਾਨ ਦੀਆਂ ਉਪਚੋਣਾਂ ਵਿੱਚ ਭਾਰੀ ਜਿੱਤ ਅਤੇ ਗੁਜਰਾਤ ਸਮੇਤ ਦੇਸ਼ ਦੇ ਕੁਝ ਹੋਰ ਹਿੱਸਿਆਂ ਵਿੱਚ ਬੇਹਤਰ ਪ੍ਰਦਰਸ਼ਨ ਤੋਂ ਉਤਸਾਹਿਤ ਹੋ ਕੇ ਪਾਰਟੀ ਪੰਜਾਬ ਵਿੱਚ ਲੋਕਸਭਾ ਚੋਣਾਂ ਦੌਰਾਨ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਦੀਆਂ ਯੋਜਨਾਵਾਂ ਤਿਆਰ ਕਰਨ ਲਗੀ ਹੈ। ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਇਹ ਭਰੋਸਾ ਦਿਵਾਇਆ ਹੈ ਕਿ ਸਾਲ 2019 ਦੀਆਂ ਲੋਕਸਭਾ ਚੋਣਾਂ ਵਿੱਚ ਪਾਰਟੀ ਪੰਜਾਬ ਵਿੱਚ ਭਾਰੀ ਜਿੱਤ ਪ੍ਰਾਪਤ ਕਰੇਗੀ।
ਨਵੀਂ ਦਿੱਲੀ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਰਾਹੁਲ ਗਾਂਧੀ ਦਰਮਿਆਨ ਬੁੱਧਵਾਰ ਨੂੰ ਹੋਈ ਮੁਲਾਕਾਤ ਦੇ ਦੌਰਾਨ ਆਉਣ ਵਾਲੀਆਂ ਲੋਕਸਭਾਂ ਚੋਣਾਂ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਦੀ ਸਥਿਤੀ ਤੇ ਗੰਭੀਰਤਾ ਨਾਲ ਸਲਾਹ ਮਸ਼ਵਰਾ ਕੀਤਾ ਗਿਆ ਅਤੇ ਰਾਜ ਵਿੱਚ ਪਾਰਟੀ ਵਿੱਚ ਨਵੀਂ ਸਪਿਰਟ ਭਰਨ ਦੇ ਲਈ ਇਸ ਦੇ ਪੁਨਰਗਠਨ ਦਾ ਫੈਂਸਲਾ ਲਿਆ ਗਿਆ। ਇਸ ਬੈਠਕ ਵਿੱਚ ਜਿਆਦਾ ਜੋਰ ਇਸ ਗੱਲ ਤੇ ਦਿੱਤਾ ਗਿਆ ਕਿ ਪੰਜਾਬ ਵਿੱਚ ਕਾਂਗਰਸ ਦੇ ਸੰਗਠਨਾਤਿਮਕ ਢਾਂਚੇ ਨੂੰ ਚੁਸਤ ਦਰੁਸਤ ਅਤੇ ਮਜ਼ਬੂਤ ਕਿਸ ਤਰ੍ਹਾਂ ਬਣਾਇਆ ਜਾਵੇ। ਪਾਰਟੀ ਇਸ ਦਿਸ਼ਾ ਵਿੱਚ ਕਿਸ ਤਰ੍ਹਾਂ ਕੰਮ ਕਰੇਗੀ, ਇਸ ਸਬੰਧੀ ਅਜੇ ਕੋਈ ਖੁਲਾਸਾ ਨਹੀਂ ਕੀਤਾ ਗਿਆ।
ਉਨ੍ਹਾਂ ਨੇ ਕਿਹਾ, ‘ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਜੀ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ ਅਤੇ ਅਗਲੇ ਸਾਲ ਹੋਣ ਵਾਲੀਆਂ ਸੰਸਦੀ ਚੋਣਾਂ ਲਈ ਪਾਰਟੀ ਨੂੰ ਮਜ਼ਬੂਤ ਕਰਨ ਲਈ ਪਾਰਟੀ ਦੇ ਪੰਜਾਬ ਇਕਾਈ ਦੀ ਪੁਨਰਗਠਨ ਬਾਰੇ ਚਰਚਾ ਕੀਤੀ|’
ਮੁੱਖਮੰਤਰੀ ਨੇ ਇਹ ਵੀ ਕਿਹਾ, ‘ਮੇਰੇ ਨਾਲ ਪੰਜ ਸਾਬਕਾ ਫੌਜੀਆਂ ਦਾ ਇਕ ਵਫ਼ਦ ਵੀ, ਨੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਵਿਧਾਨ ਸਭਾ ਚੋਣਾਂ ਦੌਰਾਨ ਮੇਰੇ ਲਈ ਪ੍ਰਚਾਰ ਕੀਤਾ ਸੀ| ਓਹਨਾ ਨੇ ਕਾਂਗਰਸ ਵਿਚ ਸ਼ਾਮਲ ਹੋਣ ਦੀ ਇੱਛਾ ਜਤਾਈ, ਜਿਸ ਦਾ ਪਾਰਟੀ ਪ੍ਰਧਾਨ ਨੇ ਸੁਆਗਤ ਕੀਤਾ| ਮੈਨੂੰ ਰਾਹੁਲ ਜੀ ਦੀ ਅਗਵਾਈ ਵਿੱਚ ਸੰਸਦੀ ਚੋਣਾਂ ਵਿੱਚ ਪਾਰਟੀ ਦੁਆਰਾ ਸ਼ਾਨਦਾਰ ਕਾਰਗੁਜ਼ਾਰੀ ਦਾ ਭਰੋਸਾ ਹੈ|’
ਇਸ ਮੀਟਿੰਗ ਦੌਰਾਨ ਇਹ ਵਿਚਾਰ ਵਟਾਂਦਰਾ ਵੀ ਕੀਤਾ ਗਿਆ ਕਿ ਪੰਜਾਬ ਕਾਂਗਰਸ ਨੂੰ ਇਸ ਤਰ੍ਹਾਂ ਨਾਲ ਸੰਗਠਿਤ ਕੀਤਾ ਜਾਵੇ ਕਿ ਉਸ ਦਾ ਉਦੇਸ਼ ਅਤੇ ਕੰਮਕਾਰ ਆਗਾਮੀ ਲੋਕਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਤੇ ਹੀ ਕੇਂਦਰਿਤ ਰਹੇ। ਮੀਟਿੰਗ ਵਿੱਚ ਸੁਨੀਲ ਜਾਖੜ ਅਤੇ ਰਾਜ ਦੇ ਮਾਮਲਿਆਂ ਸਬੰਧੀ ਪਾਰਟੀ ਦੀ ਇੰਚਾਰਜ਼ ਆਸ਼ਾ ਕੁਮਾਰੀ ਨੇ ਵੀ ਹਿੱਸਾ ਲਿਆ।