ਨਵੀਂ ਦਿੱਲੀ: ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੂਰਜੀ ਉਰਜਾ ਦਾ ਪਲਾਂਟ ਲਗਾਉਣ ਦੇ ਕਾਰਜ ਦੀ ਸ਼ੁਰੂਆਤ ਕੀਤੀ ਗਈ। ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਵੱਲੋਂ ਅਰਦਾਸ ਉਪਰੰਤ ਲੋਕਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਾਰਜ ਸ਼ੁਰੂ ਕਰਨ ਦੀ ਰਸਮ ਨਿਭਾਈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਸੂਰਜੀ ਉਰਜਾ ਦੇ ਇਸਤੇਮਾਲ ਨਾਲ ਕਮੇਟੀ ਨੂੰ ਮਾਸਿਕ ਤੌਰ ’ਤੇ ਘੱਟ ਮਾਲੀ ਭਾਰ ਅਤੇ ਵਾਤਾਵਰਨ ਨੂੰ ਵੀ ਕਾਰਬਨ ਡਾਈ ਆੱਕਸਾਈਡ ਦੇ ਜਹਿਰ ਦਾ ਘੱਟ ਸਾਹਮਣਾ ਕਰਨ ਦਾ ਦਾਅਵਾ ਕੀਤਾ।
ਜੀ. ਕੇ. ਨੇ ਕਿਹਾ ਕਿ ਗੁਰੂ ਹਰਿ ਰਾਇ ਸਾਹਿਬ ਨੇ ਸਾਨੂੰ ਵਾਤਾਵਰਨ ਨੂੰ ਬਚਾਉਣ ਦਾ ਸੱਦਾ ਦਿੱਤਾ ਸੀ। ਕੋਇਲੇ ਨਾਲ ਤਿਆਰ ਹੋਣ ਵਾਲੀ ਬਿਜਲੀ ਕਰਕੇ ਵੱਡੀ ਮਾਤਰਾ ’ਚ ਗੰਦਲੀ ਗੈਸਾਂ ਵੱਲੋਂ ਵਾਤਾਵਰਨ ਨੂੰ ਖਰਾਬ ਕਰਨ ਦਾ ਹਵਾਲਾ ਦਿੰਦੇ ਹੋਏ ਜੀ. ਕੇ. ਨੇ ਕਿਹਾ ਕਿ ਜਿਥੇ ਅਸੀਂ ਵਾਤਾਵਰਨ ਦੀ ਰਾਖੀ ਕਰ ਰਹੇ ਹਾਂ ਉਥੇ ਹੀ ਕੁਦਰਤੀ ਸਰੋਤਾਂ ਦੇ ਭੰਡਾਰ ਨੂੰ ਖਰਾਬ ਹੋਣ ਤੋਂ ਬਚਾਉਣ ਵਾਸਤੇ ਵੀ ਤੁਰ ਪਏ ਹਾਂ। ਸੂਰਜੀ ਉਰਜਾ ਨਾਲ ਤਿਆਰ ਹੋਣ ਵਾਲੀ ਬਿਜਲੀ ਗੁਰਦੁਆਰਾ ਸਾਹਿਬ ਦੇ ਬਿਜਲੀ ਬਿਲ ਦੇ ਬਜਟ ਨੂੰ ਘਟਾਉਣ ਦਾ ਵੀ ਮਾਧਿਅਮ ਬਣੇਗੀ।
ਚੰਦੂਮਾਜਰਾ ਨੇ ਕਮੇਟੀ ਵੱਲੋਂ ਕੀਤੀ ਜਾ ਰਹੀ ਪਹਿਲ ਨੂੰ ਚੰਗਾ ਕਦਮ ਦੱਸਦੇ ਹੋਏ ਬਾਕੀ ਗੁਰਦੁਆਰਿਆਂ ’ਚ ਵੀ ਅਜਿਹੇ ਕਾਰਜ ਸ਼ੁਰੂ ਕਰਨ ਦੀ ਸਲਾਹ ਦਿੱਤੀ। ਸੌਰ ਉਰਜਾ ਦੇ ਪ੍ਰੌਜੈਕਟ ਦੇ ਇੰਚਾਰਜ ਅਤੇ ਕਮੇਟੀ ਮੈਂਬਰ ਹਰਜੀਤ ਸਿੰਘ ਅਤੇ ਜੀ. ਕੇ. ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਸਣੇ ਕਈ ਦਿੱਲੀ ਕਮੇਟੀ ਮੈਂਬਰ ਮੌਜੂਦ ਸਨ।