ਅੰਮ੍ਰਿਤਸਰ – ਦਮਦਮੀ ਟਕਸਾਲ (ਜਥਾ ਭਿੰਡਰਾਂ ਮਹਿਤਾ) ਵੱਲੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਜੂਨ ’84 ਦੇ ਘੱਲੂਘਾਰੇ ‘ਚ ਸ਼ਹੀਦ ਹੋਏ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਬਾਬਾ ਠਾਰਾ ਸਿੰਘ ਨੂੰ ਸਮਰਪਿਤ ਯਾਦਗਾਰੀ ਗੁਰਦਵਾਰੇ ਦੀ ਉੱਸਾਰੀ ਤੋਂ ਬਾਅਦ ਹੁਣ ਉਹਨਾਂ ਦੇ ਜਨਮ ਨਗਰ ਪਿੰਡ ਰੋਡੇ ਵਿੱਚ ਵੀ ਗੁਰਦਵਾਰਾ ਸਥਾਪਿਤ ਕਰ ਦਿੱਤਾ ਗਿਆ ਹੈ। ਜਿਸ ਦੇ ਨਾਲ ਦਮਦਮੀ ਟਕਸਾਲ ਇੱਕ ਵਾਰ ਫਿਰ ਸੁਰਖ਼ੀਆਂ ਵਿੱਚ ਆਉਂਦਿਆਂ ਗੁਪਤਚਰ ਏਜੰਸੀਆਂ ਨੂੰ ਵੀ ਹਿਲਾ ਕੇ ਰਖ ਦਿੱਤਾ ਹੈ।
ਦਮਦਮੀ ਟਕਸਾਲ ਵੱਲੋਂ ਮਿਤੀ 17 ਸਤੰਬਰ 2007 ਨੂੰ ਨੀਂਹ ਪੱਥਰ ਰੱਖੇ ਜਾਣ ਉਪਰੰਤ 10 ਵਰ੍ਹਿਆਂ ਦੌਰਾਨ ਉੱਸਾਰੇ ਗਏ ਆਲੀਸ਼ਾਨ ਗੁਰਦਵਾਰਾ ਸੰਤ ਖ਼ਾਲਸਾ ਦਾ 22 ਤਰੀਕ ਨੂੰ ਉਦਘਾਟਨ ਹੋਣ ਜਾ ਰਿਹਾ ਹੈ। ਜਿੱਥੇ ਇੱਕ ਵਾਰ ਫਿਰ ਗਰਮਖਿਆਲੀ ਧਿਰਾਂ ਨੂੰ ਇਕੱਠੇ ਹੋਣ ਦਾ ਮੌਕਾ ਮਿਲੇਗਾ। ਇਸ ਦਿਨ ਨੂੰ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਸੰਵੇਦਨਸ਼ੀਲ ਦਿਨ ਵਜੋਂ ਲੈ ਰਹੀਆਂ ਹਨ। ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਜਦੋਂ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਜੂਨ ’84 ਦੀ ਯਾਦਗਾਰ ਬਣਾਉਣ ਦੀ ਜ਼ਿੰਮੇਵਾਰੀ ਦਮਦਮੀ ਟਕਸਾਲ ਨੂੰ ਸੌਂਪੀ ਸੀ ਤਾਂ ਭਾਜਪਾ ਸਮੇਤ ਹੋਰ ਕਈ ਜਥੇਬੰਦੀਆਂ ਵੱਲੋਂ ਇਸ ਦਾ ਸਖ਼ਤ ਵਿਰੋਧ ਕੀਤਾ ਗਿਆ ਸੀ। ਪਰ ਇਸ ਨੂੰ ਸ਼ਹੀਦਾਂ ਦੀ ਯਾਦਗਾਰ ਦੇ ਨਾਂ ‘ਤੇ ਗੁਰਦਵਾਰਾ ਬਣਾਇਆ ਜਾ ਰਿਹਾ ਹੈ ਰਾਹੀਂ ਪੇਸ਼ ਕੀਤੇ ਜਾਣ ਨਾਲ ਇਸ ਪ੍ਰਤੀ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਸਥਿਤੀ ਨੂੰ ਸਮਝਦੀਆਂ ਹੋਈਆਂ ਵੀ ਨਾ ਸਮਝ ਸਾਬਤ ਹੋ ਕੇ ਰਹਿ ਗਈਆਂ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਅਗੇ ਕਈ ਵਾਰ ਜਵਾਬ ਦੇਣੇ ਪਏ, ਪਰ ਇਹਨਾਂ ਜਵਾਬਾਂ ਦੇ ਬਾਵਜੂਦ ਕੋਈ ਵੀ ਦਮਦਮੀ ਟਕਸਾਲ ਨੂੰ ਝੁਕਾ ਨਾ ਸਕੇ ਅਤੇ ਉਹਨਾਂ ਨੂੰ ਮਜਬੂਰੀ ਵਸ ਯਾਦਗਾਰ ‘ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਹੋਰਾਂ ਦੇ ਨਾਮ ਦੇ ਨਾਲ ਨਾਲ ਉੱਥੇ ਲਗਾਏ ਸੂਚਨਾ ਬੋਰਡ ਨੂੰ ਵੀ ਟੱਸ ਤੋਂ ਮਸ ਨਾ ਕਰ ਸਕੇ।ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਦਮਦਮੀ ਟਕਸਾਲ ਦੀ ਮੰਗ ‘ਤੇ ਹੀ ਉਕਤ ਗੁਰਦਵਾਰਾ ਯਾਦਗਾਰ ਸ਼ਹੀਦਾਂ ਦੀ ਬੇਸਮੈਂਟ ਨੂੰ ’84 ਦੇ ਸ਼ਹੀਦਾਂ ਦੀ ਯਾਦਗਾਰੀ ਸ਼ਹੀਦੀ ਗੈਲਰੀ ਵੱਜੋ ਵਿਕਸਤ ਕਰਨ ਦੀ ਜ਼ਿੰਮੇਵਾਰੀ ਵੀ ਦਮਦਮੀ ਟਕਸਾਲ ਨੂੰ ਹੀ ਸੌਂਪ ਦਿੱਤੀ ਗਈ। ਜਿਸ ‘ਤੇ ਦਮਦਮੀ ਟਕਸਾਲ ਵੱਲੋਂ ਪਿਛਲੇ ਵਰ੍ਹੇ ਮਿਤੀ 6 ਜੁਲਾਈ 2017 ਨੂੰ ਨੀਂਹ ਪੱਥਰ ਰੱਖਦਿਆਂ ਕਾਰਸੇਵਾ ਦੀ ਸ਼ੁਰੂਆਤ ਕੀਤੀ ਗਈ। ਜਿੱਥੇ ਕਿ ’84 ਘਲੂਘਾਰੇ ਨਾਲ ਸੰਬੰਧਿਤ ਸ਼ਹੀਦਾਂ ਦੀਆਂ ਤਸਵੀਰਾਂ ਲਗਾਈਆਂ ਜਾਣੀਆਂ ਹਨ। ਹੁਣ ਫਿਰ ਇੱਕ ਵਾਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜਨਮ ਅਸਥਾਨ ‘ਤੇ ਜਿਸ ਤਰੀਕੇ ਦੇ ਨਾਲ ਗੁਰਦਵਾਰਾ ਸੰਤ ਖ਼ਾਲਸਾ ਦੇ ਨਾਮ ਨਾਲ ਯਾਦਗਾਰ ਸਥਾਪਿਤ ਕਰ ਲਿਆ ਗਿਆ ਹੈ ਦੇ ਨਾਲ ਦਮਦਮੀ ਟਕਸਾਲ ਇੱਕ ਵਾਰ ਫਿਰ ਸੁਰਖ਼ੀਆਂ ਵਿੱਚ ਆ ਗਈ ਹੈ। ਸ਼੍ਰੋਮਣੀ ਅਕਾਲੀ ਦਲ ਉਦਘਾਟਨ ਸਮਾਰੋਹ ਤੋਂ ਬਾਹਰ ਰਹਿ ਕੇ ਵੀ ਟਕਸਾਲ ਦੇ ਪਿੱਛੇ ਖੜ੍ਹਾ ਨਜ਼ਰ ਆ ਰਿਹਾ ਹੈ। ਜਿਸ ਕਰ ਕੇ ਕਾਂਗਰਸ ਨੂੰ ਜ਼ਿਆਦਾ ਚੁਭਣ ਮਹਿਸੂਸ ਹੋ ਰਹੀ ਹੈ। ਕੇਂਦਰ ਸਰਕਾਰ ਦੇ ਨਾਲ ਨਾਲ ਪੰਜਾਬ ਸਰਕਾਰ ਵੀ 22 ਫਰਵਰੀ ਦੇ ਦਿਨ ‘ਤੇ ਸਖ਼ਤ ਨਜ਼ਰ ਰਖ ਰਹੀ ਹੈ। ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਵੱਲੋਂ ਇੱਕ ਹਫ਼ਤਾ ਚਲਣ ਵਾਲੇ ਉਕਤ ਉਦਘਾਟਨ ਸਮਾਗਮਾਂ ਦੀ ਤਿਆਰੀ ਨੂੰ ਲੈ ਕੇ ਵੱਖ ਵੱਖ ਸਿੱਖ ਜਥੇਬੰਦੀਆਂ ਦੀ ਇੱਕ ਅਹਿਮ ਮੀਟਿੰਗ ਹੀ ਨਹੀਂ ਕੀਤੀ ਸਗੋਂ 22 ਫਰਵਰੀ ਨੂੰ ਇਤਿਹਾਸਕ ਦਿਨ ਬਣਾਉਣ ਦੇ ਲਈ ਵੀ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ।ਇਸ ਦਿਨ ਸਿੱਖ ਸੰਗਤਾਂ ਨੂੰ ਕੇਸਰੀ ਰੰਗ ਦੇ ਦੁਪੱਟੇ ਅਤੇ ਦਸਤਾਰਾਂ ਸਜਾ ਕੇ ਆਉਣ ਅਤੇ ਸਾਰੇ ਨਗਰ ਨੂੰ ਖ਼ਾਲਸਾਈ ਰੰਗ ਵਿੱਚ ਰੰਗ ਦੇਣ ਦੀ ਉਹਨਾਂ ਵੱਲੋਂ ਅਪੀਲ ਕੀਤੀ ਗਈ ਹੈ।ਟਕਸਾਲ ਮੁਖੀ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਉਸ ਦਿਨ ਦੇਸ਼ ਵਿਦੇਸ਼ ਤੋਂ ਵੱਡੀ ਸੰਖਿਆ ਵਿੱਚ ਪਹੁੰਚ ਕੇ ਸਿੱਖ ਏਕਤਾ ਦਾ ਸਬੂਤ ਦੇਣਗੇ। ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਸੰਤ ਭਿੰਡਰਾਂਵਾਲੇ ਮਹਾਨ ਯੋਧੇ ਕਹਿਣੀ ਅਤੇ ਕਰਨੀ ਦੇ ਸੂਰੇ, ਕੌਮ ਦੇ ਮਹਾਨ ਆਗੂ ਸਨ ਜਿਨ੍ਹਾਂ ਨਿਧੜਕ ਜਰਨੈਲ ਵੱਜੋ ਸਿੱਖ ਪੰਥ ਦੇ ਕੌਮੀ ਸੰਘਰਸ਼ ਦੀ ਅਗਵਾਈ ਕੀਤੀ।6 ਜੂਨ 1984 ‘ਚ ਹਕੂਮਤ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤੋਪਾਂ ਟੈਂਕਾਂ ਨਾਲ ਕੀਤੇ ਗਏ ਹਮਲੇ ਦੌਰਾਨ ਆਪਣੇ ਸਮੂਹ ਸਾਥੀ ਸਿੰਘਾਂ ਨਾਲ ਸ਼ਹਾਦਤ ਪ੍ਰਾਪਤ ਕੀਤਾ। ਉਹਨਾਂ ਪਿੰਡ ਰੋਡੇ ਜ਼ਿਲ੍ਹਾ ਮੋਗਾ ਦੀ ਧਰਤੀ ਨੂੰ ਪੂਜਣਯੋਗ ਦੱਸਿਆ। ਗੁਰਦਵਾਰਾ ਸਾਹਿਬ ਦੀ ਸੰਪੂਰਨਤਾ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਕਤ ਪਾਵਨ ਅਸਥਾਨ ਨੂੰ ਤੀਰਥ ਦੀ ਸੰਗਿਆ ਦਿੱਤੀ ਅਤੇ ਕਿਹਾ ਕਿ ਇਸ ਦੇ ਦਰਸ਼ਨਾਂ ਲਈ ਦੇਸ਼ ਵਿਦੇਸ਼ ਤੋਂ ਸੰਗਤਾਂ ਪਹੁੰਚਣਗੀਆਂ ਜਿੱਥੇ ਭਵਿੱਖ ਦੌਰਾਨ ਇਸ ਅਸਥਾਨ ਤੋਂ ਗੁਰਬਾਣੀ ਦਾ ਲਗਾਤਾਰ ਪਰਵਾਹ ਚਲਿਆ ਕਰੇਗਾ, ਅੰਮ੍ਰਿਤ ਸੰਚਾਰ ਦੀ ਲਹਿਰ ਚੱਲੇਗੀ ਅਤੇ ਨਵੀਂ ਪੀੜੀ ਨੂੰ ਗੁਰਬਾਣੀ ਸੰਥਿਆ ਅਤੇ ਗੁਰਮਤਿ ਦੀ ਸਿੱਖਿਆ ਦਿੱਤੀ ਜਾਵੇਗੀ।
ਗੁਰਦਵਾਰਾ ਸੰਤ ਖ਼ਾਲਸਾ ਦੀ ਆਲੀਸ਼ਾਨ ਇਮਾਰਤ ਜਿਸ ਦਾ 22 ਫਰਵਰੀ ਨੂੰ ਉਦਘਾਟਨ ਕੀਤਾ ਜਾਣਾ ਹੈ।