ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਖੇਡ ਅਤੇ ਅਕਾਦਮਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਡਾ. ਮਨਜੀਤ ਚਿੰਨਨ ਅਤੇ ਉਹਨਾਂ ਦੀ ਪਤਨੀ ਸ੍ਰੀਮਤੀ ਲਤਾ ਮਹਾਜਨ ਚਿੰਨਨ ਨੇ ਅੱਜ ਇੱਥੇ 10,000 ਡਾਲਰ ਦਾ ਇੱਕ ਚੈਕ ਯੂਨੀਵਰਸਿਟੀ ਨੂੰ ਭੇਂਟ ਕੀਤਾ । ਜ਼ਿਕਰਯੋਗ ਹੈ ਕਿ ਡਾ. ਮਨਜੀਤ ਚਿੰਨਨ ਅਮਰੀਕਾ ਦੀ ਜਾਰਜੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਐਮਰਾਈਟਸ ਹਨ ਅਤੇ ਸ੍ਰੀਮਤੀ ਲਤਾ ਮਹਾਜਨ ਚਿੰਨਨ ਅੰਤਰਰਾਸ਼ਟਰੀ ਪੱਧਰ ਦੇ ਹਾਕੀ ਖਿਡਾਰੀ ਹਨ ਅਤੇ ਦੋਵੇਂ ਪੀਏਯੂ ਦੇ ਪੁਰਾਣੇ ਵਿਦਿਆਰਥੀ ਰਹੇ ਹਨ । ਇਸ ਮੌਕੇ ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਅਤੇ ਹੋਰ ਅਧਿਕਾਰੀਆਂ ਨਾਲ ਗੱਲਬਾਤ ਕਰਦਿਆ ਡਾ. ਚਿੰਨਨ ਨੇ ਕਿਹਾ ਕਿ ਅਸੀਂ ਪੀਏਯੂ ਨੂੰ 1 ਲੱਖ ਡਾਲਰ ਦੇਣਾ ਧਾਰਿਆ ਹੋਇਆ ਹੈ । ਬਾਕੀ ਵੀ ਆਉਂਦੇ ਸਮਿਆਂ ਵਿੱਚ ਸਮੇਂ-ਸਮੇਂ ਦਿੰਦੇ ਰਹਾਂਗੇ । ਆਪਣੇ ਪਰਿਵਾਰ ਨਾਲ ਆਏ ਡਾ. ਚਿੰਨਨ ਨੇ ਪੀਏਯੂ ਮਿਲੇ ਮਾਣ-ਸਨਮਾਨ ਦਾ ਧੰਨਵਾਦ ਕੀਤਾ । ਸ੍ਰੀਮਤੀ ਲਤਾ ਨੇ ਕਿਹਾ ਕਿ ਇਸ ਯੂਨੀਵਰਸਿਟੀ ਵਿੱਚ ਗੁਜ਼ਾਰੇ ਹੋਏ ਦਿਨਾਂ ਦੀ ਖੁਸ਼ਬੂ ਹਮੇਸ਼ਾਂ ਸਾਡੇ ਨਾਲ ਰਹੀ ਹੈ ਅਤੇ ਆਉਂਦੇ ਸਮਿਆਂ ਵਿੱਚ ਵੀ ਰਹੇਗੀ । ਉਹਨਾਂ ਕਿਹਾ ਕਿ ਚਿੰਨਨ ਫਾਊਂਡੇਸ਼ਨ ਵਿਸ਼ੇਸ਼ ਰੂਪ ਵਿੱਚ ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਦਾ ਸ਼ੁਕਰਗੁਜ਼ਾਰ ਹੈ ਜਿਨ•ਾਂ ਵੱਲੋਂ ਹਰ ਸਮੇਂ ਮਿਲਵਰਤਨ ਮਿਲਦਾ ਰਿਹਾ । ਅਮਰੀਕਾ ਦੇ ਇਸ ਵਫ਼ਦ ਨਾਲ ਗੱਲਬਾਤ ਕਰਦਿਆਂ ਵਾਈਸ ਚਾਂਸਲਰ ਡਾ. ਢਿਲੋਂ ਨੇ ਕਿਹਾ ਕਿ ਉਹਨਾਂ ਵੱਲੋਂ ਦਿੱਤੀ ਇਹ ਮਦਦ ਵਿਦਿਆਰਥੀਆਂ ਦੇ ਖੇਡ ਅਤੇ ਅਕਾਦਮਿਕ ਰੁਚੀਆਂ ਨੂੰ ਪ੍ਰਫੁੱਲਤ ਕਰਨ ਵਿੱਚ ਲੰਮੇ ਸਮੇਂ ਤੱਕ ਯੋਗਦਾਨ ਪਾਉਂਦੀ ਰਹੇਗੀ । ਉਹਨਾਂ ਨੇ ਚਿੰਨਨ ਜੋੜੀ ਨੂੰ ਸਨਮਾਨ ਚਿੰਨ ਅਤੇ ਰਵਾਇਤੀ ਫੁਲਕਾਰੀ ਦੇ ਕੇ ਸਨਮਾਨਿਆ ।
ਪੌਦਾ ਰੋਗ ਵਿਗਿਆਨ, ਭੋਜਨ ਵਿਗਿਆਨ ਅਤੇ ਤਕਨਾਲੋਜੀ ਅਤੇ ਮਾਈਕ੍ਰੋਬਾਇਆਲੋਜੀ ਵਿਭਾਗ ਦੇ ਮਾਹਿਰਾਂ ਨੇ ਭੋਜਨ ਪ੍ਰੋਸੈਸਿੰਗ, ਗੁਣਵੱਤਾ ਵਾਧੇ, ਜੈਵਿਕ ਖਾਦਾਂ, ਭੋਜਨ ਸੁਰੱਖਿਆ, ਪਾਣੀ ਪਰਖ ਅਤੇ ਰੋਗ ਪ੍ਰਬੰਧਨ ਵਿੱਚ ਕੀਤੇ ਕਾਰਜਾਂ ਬਾਰੇ ਜਾਣੂੰ ਕਰਾਇਆ । ਇਸ ਵਫ਼ਦ ਦਾ ਸਵਾਗਤ ਕਰਦਿਆਂ ਪੀਏਯੂ ਦੇ ਰਜਿਸਟਰਾਰ ਡਾ ਰਾਜਿੰਦਰ ਸਿੰਘ ਸਿੱਧੂ ਨੇ ਚਿੰਨਨ ਫਾਊਂਡੇਸ਼ਨ ਦੀਆਂ ਪ੍ਰਮੁੱਖ ਗਤੀਵਿਧੀਆਂ ਤੇ ਚਾਨਣਾ ਪਾਇਆ ।
ਪੀਏਯੂ ਦੇ ਖੇਤੀਬਾੜੀ ਕਾਲਜ ਦੇ ਡੀਨ ਡਾ. ਐਸ ਐਸ ਕੁੱਕਲ ਨੇ ਧੰਨਵਾਦ ਕਰਦਿਆਂ ਕਿਹਾ ਕਿ ਬਿਨਾਂ ਸ਼ੱਕ ਚਿੰਨਨ ਫਾਊਂਡੇਸ਼ਨ ਪੀਏਯੂ ਲਈ ਪ੍ਰੇਰਨਾ ਦਾ ਸਰੋਤ ਹੈ ।
ਇਸ ਮੌਕੇ ਚਿੰਨਨ ਫਾਊਂਡੇਸ਼ਨ ਤੋਂ ਸਨਮਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ । ਪੀਏਯੂ ਦੇ ਉਚ ਅਧਿਕਾਰੀ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ, ਡੀਨ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ ਡਾ. ਗੁਰਿੰਦਰ ਕੌਰ ਸਾਂਘਾ, ਡੀਨ ਹੋਮ ਸਾਇੰਸ ਕਾਲਜ ਡਾ. ਜਤਿੰਦਰ ਕੌਰ ਗੁਲਾਟੀ ਅਤੇ ਨਿਰਦੇਸ਼ਕ ਵਿਦਿਆਰਥੀਅ ਭਲਾਈ ਡਾ. ਰਵਿੰਦਰ ਕੌਰ ਧਾਲੀਵਾਲ ਵੀ ਇਸ ਮੌਕੇ ਹਾਜ਼ਰ ਸਨ ।