ਅੰਮ੍ਰਿਤਸਰ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਜ਼ਦੀਕ ਉਤਰ ਦੀ ਤਰਫ਼ ਭੇਖੀਆਂ, ਭਰਮੀਆਂ, ਪਖੰਡੀ ਗੁਰੂਆਂ ਦਾ ਭਰਮ ਗੜ ਤੋੜ ਕੇ ਸਗਲ ਸ੍ਰਿਸ਼ਟੀ ਕੇ ਧਰਮ ਦੀ ਚਾਦਰ, ਹਿੰਦੂ ਧਰਮ ਦੀ ਹੋਂਦ ਨੂੰ ਬਚਾਉਣ ਲਈ ਲਾਸਾਨੀ ਸ਼ਹਾਦਤ ਪ੍ਰਾਪਤ ਕਰਨ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਦੀਵੀ ਯਾਦ ‘ਚ ਉੱਸਾਰੇ ਗਏ ਗੁਰਦੁਆਰਾ ਥੜ੍ਹਾ ਸਾਹਿਬ ਦੀ ਨਵੀਂ ਇਮਾਰਤ ਦਾ ਉਦਘਾਟਨ ਦਮਦਮੀ ਟਕਸਾਲ ਵੱਲੋਂ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ 28 ਫਰਵਰੀ ਨੂੰ ਹੋਣ ਜਾ ਰਿਹਾ ਹੈ।ਜੋ ਕਿ 26 ਫਰਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਰਾਹੀਂ ਗੁ: ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸੁਸ਼ੋਭਿਤ ਅਤੇ ਪ੍ਰਕਾਸ਼ ਕਰਦਿਆਂ ਅਖੰਡ ਪਾਠ ਸਾਹਿਬ ਦੀ ਆਰੰਭਤਾ ਕੀਤੀ ਜਾਵੇਗੀ ਅਤੇ 28 ਨੂੰ ਭੋਗ ਅਤੇ ਅਰਦਾਸ ਉਪਰੰਤ ਸੰਗਤ ਨੂੰ ਇਸ ਦੇ ਦਰਸ਼ਨ ਦੀਦਾਰੇ ਲਈ ਸਮਰਪਿਤ ਕਰਦਿਆਂ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤਾ ਜਾਵੇਗਾ।
ਗੁ: ਸਾਹਿਬ ਦਾ ਨਵ ਨਿਰਮਾਣ ਗੁਰੂ ਪ੍ਰਮਾਤਮਾ ਅਪਾਰ ਬਖਸ਼ਿਸ਼ ਅਤੇ ਕਿਰਪਾ ਸਦਕਾ ਦਮਦਮੀ ਟਕਸਾਲ ਵੱਲੋਂ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸੰਪੂਰਨ ਕੀਤਾ ਗਿਆ ਹੈ।ਜਿਸ ਦੀ ਸੇਵਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸੰਤ ਗਿਆਨੀ ਹਰਨਾਮ ਸਿੰਘ ਮੁਖੀ ਦਮਦਮੀ ਟਕਸਾਲ (ਜਥਾ ਭਿੰਡਰਾਂ ਮਹਿਤਾ) ਦੇ ਸਪੁਰਦ ਕੀਤੇ ਜਾਣ ਨਾਲ ਕਾਰਸੇਵਾ ਦੀ ਆਰੰਭਤਾ 18 ਮਾਰਚ 2013 ਨੂੰ ਹੋਈ।ਇਸ ਵਿੱਚ ਸਿੱਖ ਕਲਾਵਾਂ ਦੇ ਪਰੰਪਰਾਗਤ ਹੁਨਰ ਨੂੰ ਵੀ ਜਗਾ ਮਿਲਣ ਨਾਲ ਇਹ ਸੁੰਦਰ ਅਤੇ ਸ਼ਾਨਦਾਰ ਗੁਰ ਅਸਥਾਨ ਆਧੁਨਿਕ ਇਮਾਰਤਸਾਜ਼ੀ ਅਤੇ ਪਰੰਪਰਾ ਦਾ ਸੁਮੇਲ ਹੋ ਨਿੱਬੜਿਆ ਹੈ।
ਇਤਿਹਾਸ : ਇਸ ਸਥਾਨ ਪ੍ਰਤੀ ਸਥਾਨਿਕ ਸੰਗਤਾਂ ਦੀ ਪੁਰਾਤਨ ਕਾਲ ਤੋਂ ਹੀ ਬੜਾ ਭਾਰੀ ਸ਼ਰਧਾ ਚਲੀ ਆ ਰਹੀ ਹੈ। ਇਸ ‘ਚ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਗਲ ਕਰੀਏ ਤਾਂ ਇਹ ਜਿਸ ਵਕਤ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰਤਾਗੱਦੀ ‘ਤੇ ਬਿਰਾਜਮਾਨ ਹੋਣ ਉਪਰੰਤ 1721 ਬਿਕਰਮੀ( 1664 ਈ) ਦੌਰਾਨ ਬਾਬਾ ਬਕਾਲਾ ਸਾਹਿਬ ਤੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਏ ਤਾਂ ਇੱਥੇ ਕਾਬਜ਼ ਪ੍ਰਿਥੀਚੰਦ ਦੇ ਪੋਤਰੇ ਅਤੇ ਮੇਹਰਬਾਨ ਦੇ ਪੁੱਤਰ ਹਰਿ ਜੀ ਦੇ ਮਸੰਦਾਂ ਤੇ ਪੁਜਾਰੀਆਂ ਨੇ ਦਰਸ਼ਨੀ ਦਰਵਾਜੇ ਦੇ ਕਵਾੜ ਬੰਦ ਕਰਦਿਤੇ। ਅਤੇ ਗੁਰੂ ਸਾਹਿਬ ਨੂੰ ਸਚਖੰਡ ਦੇ ਅੰਦਰ ਨਾ ਜਾਣ ਦਿੱਤਾ। ਉਹਨਾਂ ਨੂੰ ਭਰਮ ਸੀ ਕਿ ਕਿਤੇ ਗੁਰੂ ਸਾਹਿਬ ਸ੍ਰੀ ਦਰਬਾਰ ਸਾਹਿਬ ‘ਤੇ ਕਬਜ਼ਾ ਹੀ ਨਾ ਕਰ ਲੈਣ। ਮੱਖਣ ਸ਼ਾਹ ਅਤੇ ਹੋਰ ਗੁਰਸਿੱਖ ਵੀ ਉਸ ਵਕਤ ਗੁਰੂ ਜੀ ਦੇ ਨਾਲ ਸਨ। ਉਸ ਵਕਤ ਸ਼ਾਂਤ ਸਰੂਪ ਸਤਿਗੁਰੂ ਜੀ ਅੰਮ੍ਰਿਤ ਸਰੋਵਰ ‘ਚ ਇਸ਼ਨਾਨ ਕਰਨ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਦਰਸ਼ਨੀ ਡਿਉੜੀ ਦੇ ਬਾਹਰ ਪ੍ਰਕਰਮਾ ‘ਚ ਹੀ ਸ੍ਰੀ ਹਰਿਮੰਦਰ ਸਾਹਿਬ ਨੂੰ ਨਮਸਕਾਰ ਅਤੇ ਅਰਦਾਸ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਮੱਥਾ ਟੇਕ ਨੇੜੇ ਹੀ ਇੱਕ ਦਰਖ਼ਤ (ਬੇਰੀ) ਦੇ ਹੇਠਾਂ ਜਿੱਥੇ ਗੁ: ਥੜ੍ਹਾ ਸਾਹਿਬ ਮੌਜੂਦਾ ਸਥਾਨ ਹੈ, ‘ਤੇ ਆ ਕੇ ਬਿਰਾਜਮਾਨ ਹੋ ਗਏ। ਗੁਰੂ ਸਾਹਿਬ ਦੇ ਸੁਭਾਇਮਾਨ ਵਾਲੀ ਜਗਾ ਸੰਗਤ ਨੇ ਥੜ੍ਹਾ ਉੱਸਾਰ ਦਿੱਤਾ। ਉਸ ਵਕਤ ਇਹ ਜਗਾ ਸਰੋਵਰ ਦੀ ਪਰਕਰਮਾ ਦੇ ਬਰਾਬਰ ਸੀ। ਬਾਅਦ ਵਿੱਚ ਸੰਗਤ ਵੱਲੋਂ ਹੇਠ ਭੋਰਾ ਅਤੇ ਉੱਪਰਲੀ ਮੰਜ਼ਲ ਅੱਠ ਨੁਕਰਾ ਗੁਰਦਵਾਰਾ ਸਾਹਿਬ ਉੱਸਾਰ ਦਿੱਤਾ।
ਨਵ ਨਿਰਮਾਣ ਦੀ ਲੋੜ ਕਿਉਂ ਪਈ?: ਸਮੇਂ ਨਾਲ ਗੁਰਦੁਆਰਾ ਥੜ੍ਹਾ ਸਾਹਿਬ ਦੀ ਇਮਾਰਤ ਕੁੱਝ ਖਸਤਾ ਹਾਲਤ ‘ਚ ਪ੍ਰਵੇਸ਼ ਹੋਣ ਕਾਰਨ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਤਾਮੀਰ ਕਰਨਾ ਜ਼ਰੂਰੀ ਬਣ ਗਿਆ ਸੀ।ਜਿਸ ਦੀ ਸੇਵਾ ਸ਼੍ਰੋਮਣੀ ਕਮੇਟੀ ਵੱਲੋਂ ਮਿਤੀ 9 ਮਾਰਚ 2013 ਨੂੰ ਮਤਾ ਨੰ: 2343 ਰਾਹੀਂ ਦਮਦਮੀ ਟਕਸਾਲ (ਜਥਾ ਭਿੰਡਰਾਂ ਮਹਿਤਾ) ਦੇ ਸਪੁਰਦ ਕੀਤੀ ਗਈ।
ਦਮਦਮੀ ਟਕਸਾਲ ਵੱਲੋਂ ਕਾਰਸੇਵਾ : ਦਮਦਮੀ ਟਕਸਾਲ ਵੱਲੋਂ ਇਸ ਦੇ ਪੁਨਰ ਨਿਰਮਾਣ ਪ੍ਰਤੀ ਕਾਰਸੇਵਾ ਦੀ ਆਰੰਭਤਾ 18 ਮਾਰਚ 2013 ਨੂੰ ਹੋਈ।ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਨਵ ਨਿਰਮਾਣ ਸਮੇਂ ਹੇਠਾਂ ਤੋਂ ਹੀ ਪੁਰਾਤਨ ਬੇਰੀ ਅਤੇ ਪੁਰਾਤਨ ਥੜ੍ਹਾ ਸਾਹਿਬ ਦੇ ਮੂਲ ਰੂਪ ਦੀ ਸੁਚੇਤ ਰੂਪ ਵਿੱਚ ਸੁਰਖਿਅਤ ਸੇਵਾ ਸੰਭਾਲ ਨੂੰ ਯਕੀਨੀ ਬਣਾਉਂਦਿਆਂ ਗੁਰੂ ਸਾਹਿਬ ਦੇ ਸਮੇਂ ਦੀ ਯਾਦਗਾਰੀ ਸਮਗਰੀ ਨੂੰ ਆਂਚ ਨਹੀਂ ਆਉਣ ਦਿੱਤੀ। ਉਹਨਾਂ ਅਸਲੀ ਮੂਲ ਥੜ੍ਹਾ ਸਾਹਿਬ ਨੂੰ ਸੰਗਤ ਦੇ ਦਰਸ਼ਨ ਦੀਦਾਰੇ ਲਈ ਉਸ ਦੁਆਲੇ ਸ਼ੀਸ਼ੇ ਦਾ ਫਰੇਮ ਲਗਾ ਦਿੱਤਾ ਹੈ। ਜਦ ਕਿ ਅੱਜ ਕਲ ਕਾਰਸੇਵਾ ਦੇ ਨਾਮ ‘ਤੇ ਪੁਰਾਤਨ ਯਾਦਗਾਰਾਂ ਨੂੰ ਮਿਟਾ ਦਿੱਤੇ ਜਾਣ ਨਾਲ ਪੰਥ ਨੂੰ ਕਈ ਅਣਮੋਲ ਯਾਦਗਾਰੀ ਸਮਗਰੀ ਤੋਂ ਹੱਥ ਧੋਣਾ ਪੈ ਰਿਹਾ ਹੈ। ਵੱਖ ਵੱਖ ਵਰਗਾਂ ਦੇ ਸੈਂਕੜੇ ਮਾਹਿਰ ਕਾਰੀਗਰਾਂ ਵੱਲੋਂ ਸਖ਼ਤ ਮਿਹਨਤ ਨਾਲ ਇਸ ਨੂੰ ਸਿੱਖ ਕਲਾਵਾਂ ਦੇ ਪਰੰਪਰਾਗਤ ਹੁਨਰ ਦੀ ਛੋਹ ਦਿੱਤੇ ਜਾਣ ਨਾਲ ਇਹ ਸੁੰਦਰ ਅਤੇ ਸ਼ਾਨਦਾਰ ਇਮਾਰਤ ਆਧੁਨਿਕ ਇਮਾਰਤਸਾਜ਼ੀ ਅਤੇ ਪਰੰਪਰਾ ਦਾ ਸੁਮੇਲ ਹੋ ਨਿੱਬੜਿਆ ਹੈ।
53 ਫੁੱਟ 7 ਇੰਚ ਨਿਸ਼ਾਨ ਸਾਹਿਬ : ਗੁਰਦਵਾਰਾ ਸਾਹਿਬ ਨਾਲ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਕੁਲ ਆਯੂ 53 ਸਾਲ 7 ਮਹੀਨੇ ਦੇ ਮੁਤਾਬਿਕ 53 ਫੁੱਟ 7 ਇੰਚ ਦਾ ਸੋਨੇ ਦਾ ਭਾਲੇ ਰੂਪ ਵਿੱਚ ਖ਼ਾਲਸੇ ਦਾ ਰਵਾਇਤੀ ਅਤੇ ਪਰੰਪਰਾਗਤ ਨਿਸ਼ਾਨ ਸਾਹਿਬ ਪੂਰੀ ਸ਼ਰਧਾ ਸਤਿਕਾਰ ਸਹਿਤ ਮਿਤੀ 27 ਨਵੰਬਰ 2017 ਨੂੰ ਸਥਾਪਿਤ ਕਰਦਿਤਾ ਗਿਆ।
ਅੰਮ੍ਰਿਤਸਰੀਏ ਅੰਦਰ ਸੜੀਏ ਨਹੀਂ ਸਗੋਂ ਮਸੰਦਾਂ ਨੂੰ ਅੰਦਰ ਸਰੀਏ ਕਿਹਾ : ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਮੌਖਿਕ ਰੂਪ ‘ਚ ਗੁਰੂ ਸਾਹਿਬ ਨਾਲ ਜੋੜੀ ਗਈ ਅੰਮ੍ਰਿਤਸਰ ਨਿਵਾਸੀਆਂ ਪ੍ਰਤੀ ਪ੍ਰਚਲਿਤ ਗਲਤ ਧਾਰਨਾ ਨੂੰ ਗੁਰ ਇਤਿਹਾਸ ਦੀ ਖੋਜ ਕਰਦਿਆਂ ਝੂਠਾ ਸਾਬਤ ਕਰਦਿਆਂ ਦੀ ਗੁ: ਸਾਹਿਬ ਦੇ ਇਤਿਹਾਸ ਬੋਰਡ ‘ਤੇ ਅੰਕਿਤ ਕੀਤਾ ਹੈ। ਉਹਨਾਂ ਇਤਿਹਾਸ ਬੋਰਡ ਦੀ ਬੜੀ ਬਰੀਕੀ ਅਤੇ ਮਿਹਨਤ ਕਰਦਿਆਂ ਲਿਖਵਾਉਂਦਿਆਂ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਹਵਾਲੇ ਨਾਲ ਕਿਹਾ ਕਿ ਗੁਰੂ ਤੇਗ ਬਹਾਦੁਰ ਸਾਹਿਬ ਨੇ ਉਹਨਾਂ ਨੂੰ ਸਚਖੰਡ ਦੇ ਦਰਸ਼ਨਾਂ ਤੋਂ ਵਾਂਝਿਆਂ ਰੱਖਣ ਵਾਲੇ ਪੁਜਾਰੀਆਂ ਅਤੇ ਮਸੰਦਾਂ ਦੇ ਹਉਮੈ ਭਰੇ ਵਤੀਰੇ ਨੂੰ ਦੇਖ ਇਹ ਬਚਨ ਕੀਤੀ ਕਿ ”ਨਹਿਂ ਮਸੰਦ ਤੁਮ ਅੰਮ੍ਰਿਤਸਰੀਏ। ਤ੍ਰਿਸਨਾਗਨ ਤੇ ਅੰਤਰ ਸਰੀਏ।” ਇੰਜ ਮਸੰਦਾਂ ਪ੍ਰਤੀ ਗੁਰੂ ਸਾਹਿਬ ਵੱਲੋਂ ਉਚਾਰਨ ਕੀਤੇ ਲਫਜ਼ਾਂ, ਗੁਰ ਇਤਿਹਾਸ ਦੀਆਂ ਪੰਕਤੀਆਂ ਨੂੰ ਬੋਰਡ ‘ਤੇ ਅੰਕਿਤ ਕਰਦਿਆਂ ਉਹਨਾਂ ਵੱਲੋਂ ਅੰਮ੍ਰਿਤਸਰ ਵਾਸੀਆਂ ਪ੍ਰਤੀ ਪ੍ਰਚਲਿਤ ਗਲਤ ਧਾਰਨਾ ਨੂੰ ਗਲਤ ਸਾਬਤ ਕਰਨ ਨਾਲ ਅਸੀਂ ਅੰਮ੍ਰਿਤਸਰ ਨਿਵਾਸੀ ਬਾਬਾ ਹਰਨਾਮ ਸਿੰਘ ਜੀ ਖ਼ਾਲਸਾ ਦਾ ਸਦਾ ਅਹਿਸਾਨ ਮੰਦ ਅਤੇ ਰਿਣੀ ਰਹਾਂਗੇ।ਸਾਡੇ ਮਨਾਂ ‘ਚ ਬਾਬਾ ਜੀ ਸਦਾ ਸਤਿਕਾਰ ਦੇ ਪਾਤਰ ਬਣੇ ਰਹਿਣਗੇ।
ਭੋਰਾ ਸਾਹਿਬ ‘ਚ ਸੋਨੇ ਦੀ ਤਸਵੀਰ ਲਗਾਈ : ਦਮਦਮੀ ਟਕਸਾਲ ਨੇ ਭੋਰਾ ਸਾਹਿਬ ਅੰਦਰ 4 ਫੁੱਟ ਬਾਈ 4 ਫੁੱਟ ਦੀ ਸੋਨੇ ਦੀ ਉਸ ਤਸਵੀਰ ਦੀ ਹੂ ਬਹੂ ਕਾਪੀ ਲਗਾਈ ਹੈ ਜੋ ਢਾਕਾ ਵਿਖੇ ਰਹਿਣ ਵਾਲੇ ਗੁਰੂ ਘਰ ਦੇ ਪ੍ਰੇਮੀ ਭਾਈ ਬਲਾਕੀ ਦਾਸ ਮਸੰਦ ਜਿਨ੍ਹਾਂ ਗੁਰੂ ਘਰ ਦੀ ਅਥਾਹ ਸੇਵਾ ਕੀਤੀ ਨੇ ਗੁਰੂ ਸਾਹਿਬ ਨੂੰ ਢਾਕਾ ਵਿਖੇ ਦਰਸ਼ਨ ਦੇਣ ਹਿਤ ਬੇਨਤੀ ਕਰ ਕੇ ਸੱਦਿਆ ਤਾਂ ਉੱਥੇ ਉਹਨਾਂ ਦੇ ਮਾਤਾ ਜੀ ਨੇ ਸਤਿਗੁਰਾਂ ਦੀ ਸਦੀਵੀ ਯਾਦਗਾਰ ਵਜੋਂ ਬੇਨਤੀ ਕਰਦਿਆਂ ਇੱਕ ਚਿਤਰਕਾਰ ਤੋਂ ਸਤਿਗੁਰਾਂ ਨੂੰ ਸਾਹਮਣੇ ਬਿਠਾ ਕੇ ਤਸਵੀਰ ਤਿਆਰ ਕਰਾਈ ਗਈ ਸੀ।
ਨਵ ਨਿਰਮਾਣ ਦੌਰਾਨ ਤਬਦੀਲੀਆਂ : ਮੂਲ ਸਥਾਨ ‘ਤੇ ਉੱਸਾਰੀ ਗਈ ਪੂਰੀ ਤਰਾਂ ਵਾਤਾਨੁਕੂਲ ਨਵੀਂ ਇਮਾਰਤ ‘ਚ ਇਮਾਰਤ ਦਾ ਘੇਰਾ ਪਹਿਲਾਂ ਜਿੱਥੇ 22 ਫੁੱਟ ਸੀ ਦੀ ਥਾਂ 35 ਫੁੱਟ ਫੈਲਾ ਦਿੱਤਾ ਗਿਆ, ਜਿਸ ਨਾਲ ਸੰਗਤਾਂ ਉੱਥੇ ਬੈਠ ਕੇ ਕੀਰਤਨ ਅਤੇ ਕਥਾ ਸਰਵਨ ਕਰ ਸਕਣਗੀਆਂ ਜੋ ਪਹਿਲਾਂ ਸੰਭਵ ਨਹੀਂ ਸੀ। ਪਹਿਲਾਂ ਇਮਾਰਤ ਗੁੰਬਦ ਰਹਿਤ ਤੇ ਚੂਨੇ ਦਾ ਇਸਤੇਮਾਲ ਕੀਤਾ ਗਿਆ ਸੀ, ਜੋ ਕਿ ਹੁਣ ਸੁੰਦਰ ਦਿਖ ਦੇਣ ਲਈ 15 ਫੁੱਟ ਉੱਚਾ ਅਤੇ 15 ਫੁੱਟ ਘੇਰੇ ਵਾਲਾ ਗੁੰਬਦ ਅਤੇ 9 ਗੁਮਟੀਆਂ ਸਸ਼ੋਭਿਤ ਕੀਤੀਆਂ ਗਈਆਂ ਹਨ ਜਿਨ੍ਹਾਂ ‘ਤੇ 20 ਕਿੱਲੋ ਦੇ ਕਰੀਬ ਸੋਨੇ ਦੇ ਪੱਤਰ ਚੜ੍ਹਾਏ ਗਏ। ਜਿਸ ਦੀ ਸੇਵਾ 30 ਮਾਰਚ 2015 ਨੂੰ ਸ਼ੁਰੂ ਕੀਤੀ ਗਈ।
ਸਚਿਤਰ ਸੰਗਮਰਮਰ ਦਾ ਪ੍ਰਯੋਗ: ਰੋਜ਼ਾਨਾ 70 ਤੋਂ ਵੱਧ ਹੁਨਰਮੰਦਾਂ ਵੱਲੋਂ ਗੁੰਬਦ ਸਮੇਤ 26 ਫੁੱਟ ਉੱਚੀ ਇਮਾਰਤ ਜਿਸ ਦੀਆਂ ਤਿੰਨ ਮੰਜ਼ਲਾਂ, ਹੇਠਾਂ ਬੇਸਮੈਂਟ, ਹਾਲ ਅਤੇ ਕਮਰਾ ਆਦਿ ਨੂੰ ਅੰਦਰੋਂ ਬਾਹਰੋਂ ਸਚਿਤਰ ਸੰਗਮਰਮਰ ਨਾਲ ਸਜਾਇਆ ਗਿਆ ਹੈ।
ਮਕਰਾਨਾ (ਰਾਜਸਥਾਨੀ) ਸੰਗਮਰਮਰ : ਸੁੰਦਰ ਦਿਖ ਦੇਣ ਲਈ ਦਮਦਮੀ ਟਕਸਾਲ ਨੇ ਵਡਮੁੱਲਾ ਸੰਗਮਰਮਰ ਮਕਰਾਨਾ (ਰਾਜਸਥਾਨ) ਤੋਂ ਮੰਗਵਾਏ ਹਨ ਤਾਂ ਇਸ ‘ਚ ਕਾਰੀਗਰੀ ਲਈ ਵੀ ਉੱਥੋਂ ਦੇ ਹੁਨਰਮੰਦਾਂ ਅਤੇ ਮੀਨਾਕਾਰੀ ਲਈ ਆਗਰੇ ਦੇ ਹੁਨਰਮੰਦਾਂ ਦੀਆਂ ਸੇਵਾਵਾਂ ਹਾਸਲ ਕੀਤੀਆਂ ਗਈਆਂ ਹਨ।
ਚਾਂਦੀ ਦੇ ਦਰਵਾਜੇ: ਨੌਂ ਨੁਕਰਾ ਇਮਾਰਤ ਦੀਆਂ ਚਾਰ ਬਾਰੀਆਂ ਅਤੇ 7 ਬਾਈ 4 ਫੁੱਟ ਦੇ ਦੋ ਦਰਵਾਜੇ ਹਨ। ਜਿਨ੍ਹਾਂ ‘ਚ ਇੱਕ ਦਰਵਾਜੇ ਨੂੰ ਫੁੱਲ ਬੂਟਿਆਂ ਨਾਲ ਸੁੰਦਰ ਦਿਖ ਦਿੰਦਿਆਂ 30 ਕਿੱਲੋ ਚਾਂਦੀ ਚੜ੍ਹਾਈ ਗਈ ਹੈ। ਬਾਰੀਆਂ ਲਈ ਸਾਗਵਾਨ ਦੀ ਲੱਕੜ ‘ਤੇ ਦਿਲਿਆਂ ਦੀ ਕਢਾਈ ਕੀਤੀ ਗਈ ਹੈ। ਦਰਵਾਜ਼ਿਆਂ ਦੀ ਮੀਨਾਕਾਰੀ ਦੀ ਸੇਵਾ ਮਹਿਤਾ ਨਗਰ ਦੇ ਕਾਰੀਗਰਾਂ ਨਿਭਾਈ। ਛੱਤਾਂ ‘ਤੇ ਸੀਲਿੰਗ ਦਾ ਕੰਮ ਕੀਤਾ ਗਿਆ ਹੈ।
ਕੰਧਾਂ ‘ਤੇ ਸੁੰਦਰ ਪੱਚਾਗਿਰੀ : ਕਾਰੀਗਰਾਂ ਦੇ ਕੋਮਲ ਹੁਨਰ ਅਤੇ ਕਲਾਕ੍ਰਿਤਾਂ ਸਿੱਖ ਭਵਨ ਨਿਰਮਾਣ ਪਰੰਪਰਾ ਦਾ ਅਟੁੱਟ ਹਿੱਸਾ ਰਿਹਾ ਹੈ।ਸ੍ਰੀ ਹਰਿਮੰਦਰ ਦਾ ਸ਼ਾਂਤ ਤੇ ਏਕਾਂਤ ਵਾਯੂ ਮੰਡਲ ਅਤੇ ਇਲਾਹੀ ਕੀਰਤਨ ਹਰੇਕ ਸ਼ਰਧਾਲੂ ਦੇ ਮਨ ਨੂੰ ਕੀਲ ਦਾ ਹੈ ਤਾਂ ਉੱਥੇ ਹੀ ਇਮਾਰਤ ਦੀ ਕਲਾ ਸੁੰਦਰਤਾ ਪ੍ਰਤੀ ਹਰ ਕੋਈ ਪ੍ਰਭਾਵ ਕਬੂਲ ਕਰਨੋਂ ਨਹੀਂ ਰਹਿ ਸਕਿਆ। ਗੁਰਦੁਆਰਾ ਥੜ੍ਹਾ ਸਾਹਿਬ ਦੀਆਂ ਕੰਧਾਂ ਵੀ ਅੰਦਰੋਂ ਬਾਹਰੋਂ ਪੱਚਾਗਿਰੀ (ਮੀਨਾਕਾਰੀ), ਜੜਤਕਾਰੀ ਜਾਂ ਪੱਥਰ ਦੀ ਮੁਨਵਤ ਨਾਲ ਲਬਰੇਜ਼ ਹਨ। ਇਹ ਅਜਿਹਾ ਹੁਨਰ ਹੈ ਜੋ ਮਾਹਿਰ ਕਾਰੀਗਰਾਂ ਵੱਲੋਂ ਅੰਜਾਮ ਦਿੱਤਾ ਗਿਆ ਹੁੰਦਾ ਹੈ। ਨੱਕਾਸ਼ ਪੱਥਰ ‘ਤੇ ਖਾਕਾ ਬਣਾਉਂਦਾ ਹੈ, ਫਿਰ ਪੱਥਰ-ਘਾੜਾ ਖਾਕਾ ਝਾੜ ਕੇ ਪੱਥਰ ‘ਤੇ ਚੀਰ ਪਾਉਂਦੇ ਹਨ। ਰਗੜਾਈਏ ਵੰਨ ਸੁਵੰਨੇ ਰੰਗਦਾਰ ਪੱਥਰਾਂ ਨੂੰ ਰਗੜ ਕੇ ਥੇਵੇ (ਪੀਸ) ਬਣਾ ਕੇ ਪੱਥਰ ਜੜਨਵਾਲਿਆਂ ਰਾਹੀਂ ਖੋਦੇ ਹੋਏ ਖਾਕੇ ‘ਚ ਫਿਟ ਕਰਾਉਂਦੇ ਹਨ। ਜਿਸ ਨਾਲ ਚਿਤਰਕਾਰੀ ਵਾਂਗ ਵੰਨ ਸੁਵੰਨੇ ਸੁੰਦਰ ਸ਼ਕਲਾਂ, ਫਲਾਂ, ਬੂਟਿਆਂ, ਦਰਖਤਾਂ, ਵੇਲਾਂ, ਪੰਛੀਆਂ ਅਤੇ ਜਾਨਵਰਾਂ ਆਦਿ ਦੇ ਚਿਤਰ ਉਕੜੇ ਜਾਂਦੇ ਹਨ। ਥੜ੍ਹਾ ਸਾਹਿਬ ਦੀਆਂ ਕੰਧਾਂ ‘ਤੇ ਚਿੱਟੇ ਸੰਗਮਰਮਰ ਵਿੱਚ ਕੀਤੀ ਗਈ ਅਜਿਹੀ ਕਾਰੀਗਰੀ ਨੇ ਪਰੰਪਰਾਗਤ ਹੁਨਰ ਨੂੰ ਮੁੜ ਰੂਪਮਾਨ ਕਰ ਦਿੱਤਾ ਹੈ।
ਨਗੀਨੇ ਕਿੱਥੋਂ ਕਿੱਥੋਂ ਮੰਗਵਾਏ ਗਏ: ਗੁਰਦਵਾਰਾ ਸਾਹਿਬ ਨੂੰ ਸੁੰਦਰ ਦਿਖ ਦੇਣ ਲਈ ਮੀਨਾਕਾਰੀ ‘ਚ ਜੜਤਕਾਰੀ ਲਈ ਕੀਮਤੀ ਅਤੇ ਸੁੰਦਰ ਨਗੀਨੇ ਜੈਪੁਰ, ਜੋਧਪੁਰ, ਆਗਰਾ, ਅਫ਼ਗਾਨਿਸਤਾਨ, ਜਰਮਨ, ਸਵਿਜਰਲੈਡ, ਆਦਿ ਥਾਵਾਂ ਤੋਂ ਮੰਗਵਾਏ ਗਏ।
ਗੁਰਦਵਾਰਾ ਥੜ੍ਹਾ ਸਾਹਿਬ ਦੀ ਇਮਾਰਤ ਉੱਸਾਰੀ ਦੌਰਾਨ ਹੁਨਰਮੰਦਾਂ ਵੱਲੋਂ ਪੂਰੀ ਸ਼ਰਧਾ, ਲਗਨ ਅਤੇ ਮਿਹਨਤ ਕੀਤੀ ਗਈ ਸਾਫ਼ ਨਜ਼ਰ ਆਉਂਦੀ ਹੈ।ਜਿਨ੍ਹਾਂ ਦੀ ਦਿਨ ਰਾਤ ਦੀ ਸੇਵਾ ਅਤੇ ਮਿਹਨਤ ਸਦਕਾ ਨਵੀਂ ਇਮਾਰਤ ਦਾ ਵੱਡਾ ਕਾਰਜ ਥੋੜ੍ਹੇ ਸਮੇਂ ਵਿੱਚ ਹੀ ਸੰਪੰਨ ਹੋਣਾ ਸੰਭਵ ਹੋਇਆ।
ਗੁਰੂ ਸਾਹਿਬਾਨ ਦੇ ਸਮਾਜਕ ਸਰੋਕਾਰਾਂ ਨੂੰ ਰੂਪਮਾਨ ਕਰਨਾ : ਜ਼ਿਕਰਯੋਗ ਹੈ ਕਿ ਗੁਰੂ ਸਾਹਿਬਾਨ ਜਿੱਥੇ ਵੀ ਜਾਂਦੇ ਸਨ ਉੱਥੇ ਹੀ ਸਮਾਜਕ ਸਰੋਕਾਰਾਂ ਨੂੰ ਮੁੱਖ ਰੱਖਦਿਆਂ ਖੂਹ ਪੁਟਵਾਉਂਦੇ ਅਤੇ ਛਾਂ ਲਈ ਰੁੱਖ ਲਵਾਉਂਦੇ ਸਨ, ਉਸੇ ਪਰਉਪਕਾਰੀ ਕਾਰਜਾਂ ਦੀ ਸਦੀਵੀ ਯਾਦ ਕਾਇਮ ਰੱਖਦਿਆਂ ਗੁਰਦਵਾਰਾ ਸਾਹਿਬ ਅੰਦਰ ਉਕਤ ਮੀਨਾਕਾਰੀਆਂ ‘ਚ ਵਗਦਾ ਖੂਹ, ਰੁਖ ਅਤੇ ਪਸ਼ੂ ਪੰਛੀ ਨਜ਼ਰ-ਏ-ਇਨਾਇਤ ਕੀਤੇ ਗਏ ਹਨ।
ਪੌੜੀਆਂ ਦੀ ਰੇਲਿੰਗ ‘ਤੇ ਮਨਮੋਹਕ ਲਕੜਸਾਜੀ : ਪੌੜੀਆਂ ਦੀ ਰੇਲਿੰਗ ਲਈ 70 ਸਾਲ ਪੁਰਾਣੀ ਟਾਹਲੀ ਦੀ ਲੱਕੜ ‘ਤੇ ਕੀਤੀ ਗਈ ਸੁੰਦਰ ਮੀਨਾਕਾਰੀ ਤੇ ਚਿਤਰਕਾਰੀ ਦਰਸ਼ਨਾਂ ਲਈ ਗੁਰਦਵਾਰਾ ਸਾਹਿਬ ‘ਚ ਪ੍ਰਵੇਸ਼ ਕਰਨ ਵਾਲੀਆਂ ਸੰਗਤਾਂ ਲਈ ਖਿੱਚ ਦਾ ਕੇਂਦਰ ਬਣੇਗਾ। ਇਸ ਦੇਖਣਯੋਗ ਤੇ ਮੂੰਹੋਂ ਬੋਲਦੀ ਤਸਵੀਰ ਅਨੋਖਾ ਲੱਕੜ ਸਾਜੀ ਦਾ ਨਮੂਨਾ ਹੈ।
ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਮੁਖੀ ਦਮਦਮੀ ਟਕਸਾਲ (ਜਥਾ ਭਿੰਡਰਾਂ ਮਹਿਤਾ) ਪ੍ਰਧਾਨ ਸੰਤ ਸਮਾਜ ਨੇ ਕਿਹਾ ਕਿ ਕਾਰਸੇਵਾ ਪ੍ਰਤੀ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ, ਜਥੇ: ਅਵਤਾਰ ਸਿੰਘ ਮੱਕੜ, ਪ੍ਰੋ: ਕਿਰਪਾਲ ਸਿੰਘ ਬਡੂੰਗਰ ਅਤੇ ਮੌਜੂਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਦਿੱਤੇ ਗਏ ਸਹਿਯੋਗ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਕਾਰਸੇਵਾ ਲਈ ਤਨ ਮਨ ਅਤੇ ਧਨ ਨਾਲ ਪਾਏ ਗਏ ਯੋਗਦਾਨ ਲਈ ਦਮਦਮੀ ਟਕਸਾਲ ਉਹਨਾਂ ਦਾ ਹਮੇਸ਼ਾਂ ਰਿਣੀ ਰਹੇਗਾ। ਉਹ ਸਭ ਧੰਨਵਾਦੀ ਦੇ ਪਾਤਰ ਹਨ।ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਉਦਘਾਟਨ ਸਮਾਰੋਹ ‘ਚ ਵਧ ਚੜ ਕੇ ਸ਼ਾਮਿਲ ਹੋਣ ਦੀ ਸੰਗਤ ਨੂੰ ਬੇਨਤੀ ਕੀਤੀ ਹੈ।