ਫ਼ਤਹਿਗੜ੍ਹ ਸਾਹਿਬ – “ਬੇਸ਼ੱਕ ਬਾਦਲ ਦਲ ਦੀ ਮੁਤੱਸਵੀ ਜਮਾਤ ਬੀਜੇਪੀ, ਆਰ.ਐਸ.ਐਸ. ਆਦਿ ਨਾਲ ਡੂੰਘੀ ਸਵਾਰਥੀ ਸਾਂਝ ਹੋਣ ਦੀ ਬਦੌਲਤ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਇਨ੍ਹਾਂ ਰਵਾਇਤੀ ਅਕਾਲੀਆ ਦਾ ਅਤੇ ਸ. ਮਨਜੀਤ ਸਿੰਘ ਜੀ.ਕੇ. ਦਾ ਪ੍ਰਧਾਨ ਬਣਨਾ ਇਕ ਸਹਿਜ ਬਣਗਿਆ ਹੈ, ਪਰ ਬਾਦਲ ਦਲੀਆਂ ਅਤੇ ਸ. ਮਨਜੀਤ ਸਿੰਘ ਜੀ.ਕੇ. ਵਰਗੇ ਆਗੂ ਇਕ ਪਾਸੇ ਸ. ਜਸਪਾਲ ਸਿੰਘ ਅਟਵਾਲ ਨੂੰ ਖ਼ਾਲਿਸਤਾਨੀ ਨਾ ਹੋਣ ਦਾ ਐਲਾਨ ਕਰਕੇ ਖ਼ਾਲਿਸਤਾਨੀਆਂ ਨੂੰ ਵੀ ਖੁਸ਼ ਰੱਖਣ ਦੀ ਗੱਲ ਕਰ ਰਹੇ ਹਨ ਅਤੇ ਦੂਸਰੇ ਪਾਸੇ ਆਪਣੇ ਬਿਆਨ ਵਿਚ ਖ਼ਾਲਿਸਤਾਨ ਨੂੰ 25 ਸਾਲ ਪਹਿਲੇ ਖ਼ਤਮ ਹੋਣ ਦੀ ਗੱਲ ਕਰਕੇ ਸੈਂਟਰ ਦੇ ਹੁਕਮਰਾਨਾਂ ਨੂੰ ਖੁਸ਼ ਕਰਨ ਦੀ ਨੀਤੀ ਤੇ ਕੰਮ ਕਰ ਰਹੇ ਹਨ । ਪਰ ਅਜਿਹੇ ਸ. ਮਨਜੀਤ ਸਿੰਘ ਜੀ.ਕੇ. ਵਰਗੇ ਬਾਦਲ ਦਲੀਆਂ ਦੇ ਆਗੂਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅੱਜ ਖ਼ਾਲਿਸਤਾਨ ਦੀ ਗੱਲ ਕੇਵਲ ਪੰਜਾਬ, ਇੰਡੀਆਂ ਵਿਚ ਹੀ ਨਹੀਂ ਹੋ ਰਹੀ, ਬਲਕਿ ਕੌਮਾਂਤਰੀ ਪੱਧਰ ਦੇ ਵੱਡੇ ਮੁਲਕਾਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਜਰਮਨ ਵਿਚ ਖ਼ਾਲਿਸਤਾਨੀ ਸੋਚ ਦੇ ਪੈਰੋਕਾਰਾਂ ਵੱਲੋਂ ਬਾਦਲੀਲ ਢੰਗ ਨਾਲ ਆਪਣੇ ਕੌਮੀ ਘਰ ਬਣਾਉਣ ਦੀ ਤੇਜ਼ੀ ਨਾਲ ਗੱਲ ਵੱਧਦੀ ਜਾ ਰਹੀ ਹੈ । ਪਰ ਅਫ਼ਸੋਸ ਤੇ ਦੁੱਖ ਹੈ ਕਿ ਸ. ਮਨਜੀਤ ਸਿੰਘ ਜੀ.ਕੇ. ਵਰਗੇ ਆਗੂ ਖ਼ਾਲਿਸਤਾਨ ਦੇ ਮੁੱਦੇ ਤੇ ਹੁਕਮਰਾਨਾਂ ਨੂੰ ਵੀ ਖੁਸ਼ ਕਰਨ ਦੀ ਅਸਫ਼ਲ ਕੋਸਿ਼ਸ਼ ਕਰ ਰਹੇ ਹਨ, ਦੂਸਰੇ ਪਾਸੇ ਖ਼ਾਲਿਸਤਾਨੀ ਸੋਚ ਉਤੇ ਕੰਮ ਕਰਨ ਵਾਲਿਆ ਦੀ ਵੀ ਕੰਮਜੋਰ ਆਵਾਜ਼ ਰਾਹੀ ਮੁਕਾਰਤਾ ਭਰੀ ਸੋਚ ਨਾਲ ਹਮਦਰਦੀ ਲੈਣ ਦੀ ਵੀ ਅਸਫ਼ਲ ਕੋਸਿ਼ਸ਼ ਕਰ ਰਹੇ ਹਨ । ਜਦੋਂਕਿ ਸਿੱਖ ਕੌਮ ਅਜਿਹੇ ਪੰਥਕ ਪਹਿਰਾਵੇ ਵਿਚ ਵਿਚਰਨ ਵਾਲੇ ਆਗੂਆਂ ਦੇ ਕਿਰਦਾਰ ਬਾਰੇ ਚੰਗੀ ਤਰ੍ਹਾਂ ਜਾਣਦੀ ਹੈ ਅਤੇ ਹੁਕਮਰਾਨ ਜਮਾਤਾਂ ਭਾਵੇ ਉਹ ਕਾਂਗਰਸ ਹੋਵੇ, ਭਾਵੇ ਬੀਜੇਪੀ, ਬਾਦਲ ਦਲ ਉਨ੍ਹਾਂ ਸੰਬੰਧੀ ਵੀ ਖ਼ਾਲਿਸਤਾਨ ਦੇ ਵਿਰੁੱਧ ਵਿਚ ਗੈਰ-ਦਲੀਲ ਢੰਗ ਨਾਲ ਕੀਤੇ ਜਾ ਰਹੇ ਅਮਲਾਂ ਬਾਰੇ ਵੀ ਭਰਪੂਰ ਵਾਕਫੀਅਤ ਰੱਖਦੀ ਹੈ । ਇਸ ਲਈ ਅਜਿਹੇ ਲੋਕ ਸਿੱਖ ਕੌਮ ਨੂੰ ਹੁਣ ਲੰਮਾਂ ਸਮਾਂ ਗੋਲ-ਮੋਲ ਬਿਆਨਬਾਜੀ ਰਾਹੀ ਮੂਰਖ ਨਹੀਂ ਬਣਾ ਸਕਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਦਲ ਦਲ ਅਤੇ ਬੀਜੇਪੀ ਦੀ ਸਰਪ੍ਰਸਤੀ ਰਾਹੀ ਬਣੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਵੱਲੋਂ ਮੁਤੱਸਵੀ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਹੁਕਮਰਾਨਾਂ ਨੂੰ ਖੁਸ਼ ਕਰਨ ਅਤੇ ਦੱਬਵੀ ਆਵਾਜ਼ ਵਿਚ ਸਵਾਰਥੀ ਹਿੱਤਾ ਹੇਠ ਖ਼ਾਲਿਸਤਾਨੀਆਂ ਦੀ ਗੱਲ ਕਰਨ ਦੇ ਮੁਕਾਰਤਾ ਭਰੇ ਅਮਲਾਂ ਦੀ ਨਿਖੇਧੀ ਕਰਦੇ ਹੋਏ ਅਤੇ ਸਿੱਖ ਕੌਮ ਨੂੰ ਅਜਿਹੇ ਸਿੱਖੀ ਭੇਖ ਵਿਚ ਵਿਚਰ ਰਹੇ ਆਗੂਆਂ ਤੋਂ ਹਰ ਪੱਖੋ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ. ਮਨਜੀਤ ਸਿੰਘ ਜੀ.ਕੇ. ਲੁਭਾਣੀਆ ਗੋਲ-ਮੋਲ ਬਿਆਨਬਾਜੀ ਰਾਹੀ ਜੋ ਆਪਣੇ ਆਪ ਨੂੰ ਸਿੱਖ ਕੌਮ ਦਾ ਹਿਤਾਇਸੀ ਅਖਵਾਉਣ ਦੀ ਕੋਸਿ਼ਸ਼ ਕਰ ਰਹੇ ਹਨ, ਉਹ ਕਦੀ ਵੀ ਆਪਣੇ ਇਸ ਮੰਦਭਾਵਨਾ ਭਰੇ ਮਨਸੂਬੇ ਵਿਚ ਇਸ ਲਈ ਕਾਮਯਾਬ ਨਹੀਂ ਹੋ ਸਕਣਗੇ । ਕਿਉਂਕਿ ਇਨ੍ਹਾਂ ਨੇ ਜੋ ਵੀ ਹੁਣ ਤੱਕ ਸਿਆਸੀ, ਸਮਾਜਿਕ, ਧਾਰਮਿਕ ਤੌਰ ਤੇ ਰੁਤਬੇ ਹਾਸਿਲ ਕੀਤੇ ਹਨ, ਉਹ ਸਿੱਖ ਕੌਮ ਨੂੰ ਧੋਖਾ ਦੇ ਕੇ ਅਤੇ ਹੁਕਮਰਾਨਾਂ ਦੀ ਖੁਸਾਮਦੀ ਕਰਕੇ ਪ੍ਰਾਪਤ ਕੀਤੇ ਹੋਏ ਹਨ । ਇਸ ਤਰ੍ਹਾਂ ਉਹ ਖ਼ਾਲਿਸਤਾਨ ਦੇ ਮਿਸ਼ਨ ਅਤੇ ਖ਼ਾਲਿਸਤਾਨੀਆਂ ਨੂੰ ਖ਼ਤਮ ਕਰਨ ਦੀ ਗੱਲ ਕਰਕੇ ਸਿੱਖ ਕੌਮ ਦੇ ਬਣਨ ਵਾਲੇ ਇਤਿਹਾਸ ਵਿਚ ਕਿਸੇ ਵੀ ਸਥਾਂਨ ਤੇ ਕੋਈ ਜਗ੍ਹਾ ਨਹੀਂ ਬਣਾ ਸਕਣਗੇ । ਇਹ ਗੱਲ ਅਜਿਹੇ ਦੋ ਬੇੜੀਆ ਵਿਚ ਪੈਰ ਧਰਨ ਵਾਲੇ ਆਗੂਆਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਜਿਸ ਪਾਰਟੀ ਬਾਦਲ ਦਲ ਨਾਲ ਉਹ ਸੰਬੰਧਤ ਹਨ ਅਤੇ ਜੋ ਉਨ੍ਹਾਂ ਦੀਆਂ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਹੁਣ ਤੱਕ ਦੀਆਂ ਕਾਰਵਾਈਆ ਹਨ, ਉਸਦੀ ਬਦੌਲਤ ਹੀ ਪੰਜਾਬੀਆਂ ਤੇ ਸਿੱਖਾਂ ਨੇ ਬਾਦਲ ਦਲੀਆ ਨੂੰ ਸਿਆਸਤ ਦੇ ਹਾਸੀਏ ਤੇ ਲਿਆ ਖੜ੍ਹਾ ਕਰ ਦਿੱਤਾ ਹੈ । ਜੋ ਵੀ ਆਗੂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਕੌਮੀ ਮਿਸ਼ਨ ਖ਼ਾਲਿਸਤਾਨ ਦੀ ਵਿਰੋਧਤਾ ਕਰੇਗਾ ਜਾਂ ਖ਼ਾਲਿਸਤਾਨੀਆਂ ਵਿਰੁੱਧ ਊਲ-ਜਲੂਲ ਬੋਲਕੇ ਸੈਂਟਰ ਦੇ ਮੁਤੱਸਵੀ ਹੁਕਮਰਾਨਾਂ ਨੂੰ ਖੁਸ਼ ਕਰਨ ਦੀ ਕੋਸਿ਼ਸ਼ ਕਰੇਗਾ, ਉਸਦੇ ਸਿਆਸੀ ਜੀਵਨ ਦਾ ਸਮਝੋ ਅੰਤ ਹੋਣ ਵਾਲਾ ਹੈ । ਕਿਉਂਕਿ ਆਖਿਰ ਗੁਰੂ ਨਾਨਕ ਸਾਹਿਬ ਜੀ ਦੇ ਉਨ੍ਹਾਂ ਬਚਨਾਂ ‘ਨਾ ਅਸੀਂ ਹਿੰਦੂ, ਨਾ ਮੁਸਲਮਾਨ’ ਦੇ ਭਾਵ ਅਨੁਸਾਰ ਬੇਗਮਪੁਰਾ ਦੀ ਸੋਚ ਤੇ ਅਧਾਰਿਤ ਹਲੀਮੀ ਰਾਜ ਬਣਨ ਤੋਂ ਨਾ ਤਾਂ ਇਨ੍ਹਾਂ ਦੇ ਸੈਂਟਰ ਵਿਚ ਬੈਠੇ ਮੁਤੱਸਵੀ ਆਕਾ ਰੋਕ ਸਕਣਗੇ ਅਤੇ ਨਾ ਹੀ ਅਜਿਹੇ ਸਿੱਖੀ ਪਹਿਰਾਵੇ ਵਿਚ ਆਗੂ ਖ਼ਾਲਿਸਤਾਨ ਦੇ ਮਿਸ਼ਨ ਨੂੰ ਕੋਈ ਠੇਸ ਪਹੁੰਚਾ ਸਕਣਗੇ ।
ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸ. ਮਨਜੀਤ ਸਿੰਘ ਜੀ.ਕੇ. ਅਤੇ ਉਨ੍ਹਾਂ ਵਰਗੇ ਖੁਸਾਮਦੀ ਆਗੂਆਂ ਨੂੰ ਇਹ ਨੇਕ ਸਲਾਹ ਹੈ ਕਿ ਆਪਣੇ ਦੁਨਿਆਵੀ ਅਹੁਦਿਆ ਨੂੰ ਸੁਰੱਖਿਅਤ ਰੱਖਣ ਲਈ ਅਤੇ ਸਰਕਾਰ ਵੱਲੋਂ ਮਿਲਣ ਵਾਲੀਆ ਸਹੂਲਤਾਂ ਦਾ ਆਨੰਦ ਲੈਣ ਲਈ ਕੌਮੀ ਮਿਸ਼ਨ ਖ਼ਾਲਿਸਤਾਨ ਅਤੇ ਖ਼ਾਲਿਸਤਾਨੀਆਂ ਦੀ ਵਿਰੋਧਤਾ ਕਰਨ ਤੋਂ ਤੋਬਾ ਕਰ ਲੈਣ ਤਾਂ ਬਿਹਤਰ ਹੋਵੇਗਾ, ਵਰਨਾ ਸਮੇਂ ਦੇ ਥਪੇੜਿਆਂ ਨੇ ਅਜਿਹੇ ਪੰਥ ਦੋਖੀਆਂ ਨੂੰ ਕਦੀ ਵੀ ਨਾ ਤਾਂ ਮੁਆਫ਼ ਕਰਨਾ ਹੈ ਅਤੇ ਨਾ ਹੀ ਸਿੱਖ ਇਤਿਹਾਸ ਵਿਚ ਕਿੱਤੇ ਸਥਾਂਨ ਬਣਨ ਦੇਣਾ ਹੈ ।