ਨਵੀਂ ਦਿੱਲੀ – ਕਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਦੀ ਹਾਲ ਹੀ ਵਿੱਚ ਭਾਰਤ ਯਾਤਰਾ ਦੌਰਾਨ ਉਨ੍ਹਾਂ ਦੇ ਵਫ਼ਦ ਨਾਲ ਆਏ ਖਾਲਿਸਤਾਨ ਸਮੱਰਥਕ ਜਸਪਾਲ ਅਟਵਾਲ ਸਬੰਧੀ ਸਿਆਸਤ ਖੇਡੀ ਜਾ ਰਹੀ ਹੈ। ਜਸਪਾਲ ਅਟਵਾਲ ਤੇ ਪੰਜਾਬ ਦੇ ਸਾਬਕਾ ਮੰਤਰੀ ਮਲਕੀਤ ਸਿੰਘ ਸਿੱਧੂ ਦੇ ਕਤਲ ਦਾ ਆਰੋਪ ਹੈ। ਕਨੇਡਾ ਦੀ ਅੰਬੈਸੀ ਵਿੱਚ ਪ੍ਰਧਾਨਮੰਤਰੀ ਟਰੂਡੋ ਦੇ ਸਨਮਾਨ ਵਿੱਚ ਦਿੱਤੇ ਗਏ ਡਿਨਰ ਤੇ ਅਟਵਾਲ ਨੂੰ ਵੀ ਨਿਮੰਤਰਣ ਦਿੱਤਾ ਗਿਆ ਸੀ। ਕਨੇਡੀਅਨ ਪ੍ਰਧਾਨਮੰਤਰੀ ਦੇ ਅਧਿਕਾਰੀ ਵੱਲੋਂ ਇਹ ਸਪੱਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਅਟਵਾਲ ਨੂੰ ਨਿਮੰਤਰਣ ਦੇਣ ਵਿੱਚ ਭਾਰਤੀ ਅਧਿਕਾਰੀਆਂ ਦਾ ਹੱਥ ਸੀ।
ਪੀਐਮ ਟਰੂਡੋ ਦੇ ਵਾਪਿਸ ਕਨੇਡਾ ਪਰਤਣ ਦੇ ਬਾਅਦ ਅਟਵਾਲ ਸਬੰਧੀ ਮੁੱਦਾ ਉਠਾਇਆ ਤਾਂ ਮੌਜੂਦਾ ਸਰਕਾਰ ਨੇ ਪ੍ਰਸ਼ਾਸਨ ਦਾ ਬਚਾਅ ਕਰਦੇ ਹੋਏ ਇਸ ਨੂੰ ਭਾਰਤੀ ਅਧਿਕਾਰੀਆਂ ਦੀ ਸਾਜਿਸ਼ ਦਸਿਆ। ਟਰੂਡੋ ਦੇ ਨੈਸ਼ਨਲ ਸੁਰੱਖਿਆ ਅਧਿਕਾਰੀ ਡੇਨੀਅਲ ਜੀਨ ਨੇ ਇਹ ਬਿਆਨ ਜਾਰੀ ਕੀਤਾ ਹੈ, ਜਿਸਦਾ ਟਰੂਡੋ ਨੇ ਸਮੱਰਥਣ ਕੀਤਾ ਹੈ। ਨਿਊ ਡੈਮੋਕ੍ਰੇਟ ਪਾਰਟੀ ਦੇ ਐਮਪੀ ਚਾਰਲੀ ਐਂਗਸੀ ਨੇ ਕਿਹਾ ਹੈ ਕਿ ਅਟਵਾਲ ਕਈ ਲਿਬਰਲ ਸਾਂਸਦਾ,ਮੰਤਰੀਆਂ ਅਤੇ ਨੇਤਾਵਾਂ ਦੇ ਨਾਲ ਫੋਟੋ ਖਿਚਵਾ ਚੁੱਕੇ ਹਨ। ਉਹ ਟਰੂਡੋ ਦੇ ਨਾਲ ਭਾਰਤ ਦੀ ਯਾਤਰਾ ਤੇ ਵੀ ਇਸ ਲਈ ਗਏ ਸਨ ਕਿ ਉਨ੍ਹਾਂ ਦਾ ਉਥੇ ਜਾਣਾ ਸਥਾਨਕ ਲਿਬਰਲ ਲੋਕਾਂ ਦੇ ਲਈ ਲਾਭਵੰਦ ਮੰਨਿਆ ਜਾ ਰਿਹਾ ਹੈ।
ਵਰਨਣਯੋਗ ਹੈ ਕਿ ਕਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਦੀ ਪਤਨੀ ਦੇ ਨਾਲ ਅਟਵਾਲ ਦੀ ਫੋਟੋ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਦੇ ਬਾਅਦ ਹੀ ਇਹ ਮਾਮਲਾ ਚਰਚਾ ਵਿੱਚ ਆਇਆ ਸੀ। ਜਿਸ ਕਰਕੇ ਕਨੇਡੀਅਨ ਪ੍ਰਸ਼ਾਸਨ ਨੂੰ ਇਸ ਸਬੰਧੀ ਸਫ਼ਾਈ ਦੇਣੀ ਪਈ ਹੈ।