ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਦੌਰੇ ਤੇ ਆਏ ਜਰਮਨੀ ਦੇ ਅਗਾਂਹਵਧੂ ਕਿਸਾਨਾਂ ਨੇ ਕਿਹਾ ਹੈ ਕਿ ਇਹ ਯੂਨੀਵਰਸਿਟੀ ਸਿਰਫ ਪੰਜਾਬ ਦੇ ਕਿਸਾਨਾਂ ਦਾ ਹੀ ਮੱਕਾ ਨਹੀਂ ਸਗੋਂ ਵਿਸ਼ਵ ਭਰ ਦੇ ਕਿਸਾਨਾਂ ਲਈ ਪੂਜਣਯੋਗ ਥਾਂ ਹੈ ਕਿਉਂਕਿ ਇਸ ਯੂਨੀਵਰਸਿਟੀ ਦੀਆਂ ਖੇਤੀ ਖੋਜ ਪ੍ਰਾਪਤੀਆਂ ਅਤੇ ਨਵੀਆਂ ਤਕਨੀਕਾਂ ਅੰਤਰ ਰਾਸ਼ਟਰੀ ਪੱਧਰ ਤੇ ਲਾਗੂ ਹੁੰਦੀਆਂ ਹਨ। ਜਰਮਨ ਤੋਂ ਆਏ ਇਸ 23 ਮੈਂਬਰੀ ਵਫਦ ਨੇ ਸਬਜ਼ੀ ਵਿਭਾਗ ਦੇ ਮੁਖੀ ਡਾ: ਦਵਿੰਦਰ ਸਿੰਘ ਚੀਮਾ ਨਾਲ ਵਿਚਾਰ ਵਟਾਂਦਰਾ ਕਰਦਿਆਂ ਸਬਜ਼ੀਆਂ ਦੀਆਂ ਨਵੀਆਂ ਫ਼ਸਲਾਂ, ਕਾਸ਼ਤੀ ਨੁਕਤੇ ਅਤੇ ਜਰਮਨ ਦੀ ਆਬੋ ਹਵਾ ਅਨੁਸਾਰ ਸੰਭਾਵਨਾਵਾਂ ਬਾਰੇ ਜਾਣਕਾਰੀ ਲਈ। ਡਾ: ਚੀਮਾ ਨੇ ਦੱਸਿਆ ਕਿ ਇਸ ਵਿਭਾਗ ਵੱਲੋਂ ਸਬਜ਼ੀਆਂ ਦੀਆਂ ਪੈਦਾ ਕੀਤੀਆਂ 111 ਕਿਸਮਾਂ ਵਿਚੋਂ 29 ਕਿਸਮਾਂ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਪ੍ਰਮ੍ਯਾਿਣਤ ਹਨ। ਇਸ ਵਫਦ ਵੱਲੋਂ ਪਲਾਂਟ ਬ੍ਰੀਡਿੰਗ ਵਿਭਾਗ, ਮੱਖੀ ਫਾਰਮ ਅਤੇ ਪੇਂਡੂ ਅਜਾਇਬ ਘਰ ਦਾ ਦੌਰਾ ਵੀ ਕੀਤਾ ਗਿਆ। ਕੱਲ੍ਹ ਨੂੰ ਇਹ ਵਫਦ ਲੁਧਿਆਣਾ ਨੇੜਲੇ ਪਿੰਡ ਮੋਹੀ ਦੇ ਮਹਿੰਦਰਾ ਪੋਲਟਰੀ ਫਾਰਮ ਦਾ ਵੀ ਦੌਰਾ ਕਰੇਗਾ।