ਨਵੀਂ ਮੁੰਬਈ – ਮਹਾਰਾਸ਼ਟਰ ਦੀਆਂ ਸਿੱਖ ਸੰਗਤਾਂ ਨੇ ਜ਼ਬਰਦਸਤ ਰੋਸ ਧਰਨਾ ਦਿੰਦਿਆਂ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਤੋਂ ਨਵੰਬਰ ’84 ਦੇ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।
ਨਵੀਂ ਮੁੰਬਈ ਦੇ ਬੇਲਾਪੁਰ ਮਿਊਨੀਸਪਲ ਕਾਰਪੋਰੇਸ਼ਨ ਦੇ ਦਫ਼ਤਰ ਸਾਹਮਣੇ ਮੁੰਬਈ, ਨਿਊ ਮੁੰਬਈ, ਥਾਨੇ, ਕਲਿਆਨ, ਉਲਹਾਸ ਨਗਰ, ਦੁਮਬੀਵਾਲੀ ਅਤੇ ਖੂਪੋਲੀ ਦੀਆਂ ਸਿੱਖ ਸੰਗਤਾਂ ਵੱਲੋਂ ਸਾਂਝੇ ਤੌਰ ‘ਤੇ ਮਹਾਰਾਸ਼ਟਰ ਸਿੱਖ ਐਸੋਸੀਏਸ਼ਨ, ਸੁਪਰੀਮ ਕੌਂਸਲ ਨਵੀਂ ਮੁੰਬਈ ਗੁਰਦਵਾਰਾ ਅਤੇ ਯੁਨਾਇਟਿਡ ਸਿੱਖ ਐਸੋਸੀਏਸ਼ਨ ਉਲਹਾਸ ਨਗਰ ਦੀ ਅਗਵਾਈ ‘ਚ ਰੋਸ ਧਰਨਾ ਦਿੰਦਿਆਂ ਨਵੀਂ ਮੁੰਬਈ ਦੇ ਮੇਅਰ ਆਰ ਡੀ ਸੁਤਾਰ ਅਤੇ ਕੁਕਨ ਡਿਵੀਜ਼ਨ ਦੇ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ।
ਇਸ ਮੌਕੇ ਮਿਥੇ ਸਮੇਂ ‘ਤੇ ਧਰਨਾ ਦੇਣ ਆਏ ਧਰਨਾਕਾਰੀਆਂ ਨੂੰ ਰੋਕਣ ਲਈ ਪ੍ਰਸ਼ਾਸਨ ਅਤੇ ਪੁਲੀਸ ਵੱਲੋਂ ਪੂਰੀ ਕੋਸ਼ਿਸ਼ ਦੇ ਬਾਵਜੂਦ ਸਿੱਖ ਸੰਗਤਾਂ 11 ਵਜੇ ਤੋਂ ਦੁਪਹਿਰ 2 ਵਜੇ ਤਕ ਧਰਨਾ ਦੇਣ ‘ਚ ਸਫਲ ਰਹੀਆਂ। ਪ੍ਰਸ਼ਾਸਨ ਵੱਲੋਂ ਧਰਨਾ ਲਈ ਲਗਾਏ ਗਏ ਟੈਂਟ ਪੁੱਟ ਸੁੱਟੇ ਅਤੇ ਕੁਰਸੀਆਂ ਉਠਾ ਦਿੱਤਿਆਂ ਫਿਰ ਵੀ ਸਿੱਖਾਂ ਹੌਸਲਿਆਂ ਨੂੰ ਪਸਤ ਕਰਨ ‘ਚ ਨਾਕਾਮ ਰਹੀਆਂ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਮਹਾਰਾਸ਼ਟਰ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਬਲ ਅਤੇ ਸੁਪਰੀਮ ਕੌਂਸਲ ਨਵੀਂ ਮੁੰਬਈ ਗੁਰਦਵਾਰਾਜ ਦੇ ਚੇਅਰਮੈਨ ਸ: ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਨਵੰਬਰ ’84 ਦੇ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਦੀ ਸਟਿੰਗ ਅਪਰੇਸ਼ਨ ਦੌਰਾਨ ਹੋਏ ਖ਼ੁਲਾਸੇ ਉਪਰੰਤ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਰਹੀ , ਇਸ ਲਈ ਟਾਈਟਲਰ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ । ਉਹਨਾਂ ਕਿਹਾ ਕਿ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿੱਤੇ ਜਾਣ ਨਾਲ ਹੀ ਸਿੱਖ ਕੌਮ ਨੂੰ ਇਨਸਾਫ਼ ਮਿਲੇਗਾ। ਸਿੱਖ ਆਗੂਆਂ ਨੇ 100 ਸਿੱਖਾਂ ਨੂੰ ਮਾਰਨ ਦੇ ਹੋਏ ਖ਼ੁਲਾਸੇ ਉਪਰੰਤ ਟਾਈਟਲਰ ਨੂੰ ਖੂਨੀ ਅਤੇ ਕਾਤਲ ਟਾਈਟਲਰ ਦੇ ਨਾਮ ਨਾਲ ਬੁਲਾਏ ਜਾਣ ਲਈ ਕਿਹਾ। ਹੱਥਾਂ ‘ਚ ਟਾਈਟਲ ਨੂੰ ਫਾਂਸੀ ਦਿਓ, ਕਤਲੇਆਮ ਦੇ ਦੋਸ਼ੀ ਟਾਈਟਲਰ ਨੂੰ ਗ੍ਰਿਫ਼ਤਾਰ ਕਰੋ, ਸਿੱਖਾਂ ਨੂੰ ਇਨਸਾਫ਼ ਦਿਓ, ਕੀ ਸਿੱਖ ਕੌਮ ਨੂੰ ’84 ਦਾ ਇਨਸਾਫ਼ ਮਿਲੇਗਾ? ਅਤੇ ਏਕ ਥਾ ਟਾਈਟਲਰ ਆਦਿ ਬੈਨਰ ਚੁੱਕੇ ਹੋਏ ਧਰਨਾਕਾਰੀਆਂ ਨੇ ਕਾਤਿਲ ਟਾਈਟਲਰ ਮੁਰਦਾਬਾਦ ਆਦਿ ਜ਼ਬਰਦਸਤ ਨਾਅਰੇ ਬਾਜੀ ਕੀਤੀ। ਰੋਸ ਮੁਜ਼ਾਹਰੇ ‘ਚ ਵੱਡੀ ਗਿਣਤੀ ‘ਚ ਔਰਤਾਂ ਨੇ ਵੀ ਹਿੱਸਾ ਲਿਆ।ਇਸ ਤੋਂ ਪਹਿਲਾਂ 16 ਫਰਵਰੀ ਦੌਰਾਨ ਵੀ ਮਹਾਰਾਸ਼ਟਰ ਦੀਆਂ ਸਿੱਖ ਸੰਗਤਾਂ ਨੇ ਆਜ਼ਾਦ ਮੈਦਾਨ ਮੁੰਬਈ ਵਿਖੇ ਜਗਦੀਸ਼ ਟਾਈਟਲਰ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਜ਼ਬਰਦਸਤ ਰੋਸ ਧਰਨਾ ਦਿੱਤਾ ਸੀ।
ਅੱਜ ਦੇ ਇਸ ਮੌਕੇ ਮੇਅਰ ਆਰ ਡੀ ਸੁਤਾਰ ਅਤੇ ਕਮਿਸ਼ਨਰ ਨੇ ਮੰਗ ਪੱਤਰ ਦੇਣ ਆਏ ਸਿੱਖ ਆਗੂਆਂ ਦੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਨਿੱਜੀ ਦਿਲਚਸਪੀ ਲੈ ਦਿਆਂ ਰਾਸ਼ਟਰਪਤੀ ਤਕ ਇਸ ਮਾਮਲੇ ਨੂੰ ਪਹੁੰਚਾਉਣਗੇ। ਇਸ ਮੌਕੇ ਪ੍ਰਧਾਨ ਦਲਜੀਤ ਸਿੰਘ ਬਲ ਅਤੇ ਚੇਅਰਮੈਨ ਸ: ਜਸਪਾਲ ਸਿੰਘ ਸਿੱਧੂ ਤੋਂ ਇਲਾਵਾ ਮਲਕੀਤ ਸਿੰਘ ਬਲ, ਸ: ਗਿਆਨ ਸਿੰਘ, ਅਮਰੀਕ ਸਿੰਘ, ਸੁਖਵਿੰਦਰ ਸਿੰਘ, ਕਾਬਲ ਸਿੰਘ, ਅਵਤਾਰ ਸਿੰਘ ਦੁਲਥ, ਅਮਰੀਕ ਸਿੰਘ ਸਾਹਨ, ਇੰਦਰਜੀਤ ਸਿੰਘ ਬਲ, ਚਰਨਦੀਪ ਸਿੰਘ ਹੈਪੀ ਸਿੰਘ, ਦਲਬੀਰ ਸਿੰਘ, ਅਵਤਾਰ ਸਿੰਘ ਸੰਧੂ, ਅਮਰਪਾਲ ਸਿੰਘ, ਹਰਭਜਨ ਸਿੰਘ ਸੰਧੂ, ਹੀਰਾ ਸਿੰਘ ਪਢਾ, ਬੀਬੀ ਦਵਿੰਦਰ ਕੌਰ ਖ਼ਾਲਸਾ, ਜਸਮੀਤ ਸਿੰਘ, ਰੁਪਿੰਦਰ ਸਿੰਘ ਕਲੇਰ ਮੌਜੂਦ ਸਨ।