ਰਾਮਪੁਰ – ਸਪਾ ਦੇ ਮੰਨੇ-ਪ੍ਰਮੰਨੇ ਨੇਤਾ ਆਜ਼ਮ ਖਾਨ ਨੇ ਪ੍ਰਸਿੱਧ ਫਿ਼ਲਮ ਅਦਾਕਾਰਾ ਅਤੇ ਸੰਸਦ ਮੈਂਬਰ ਰਹਿ ਚੁੱਕੀ ਜਯਾ ਪ੍ਰਦਾ ਤੇ ਤਿੱਖੇ ਪਲਟਵਾਰ ਕੀਤੇ ਹਨ। ਆਜ਼ਮ ਖਾਨ ਨੇ ਕਿਹਾ, ‘ ਜਯਾ ਪ੍ਰਦਾ ਕੌਣ ਹੈ? ਉਹ ਨੱਚਣ-ਗਾਉਣ ਵਾਲਿਆਂ ਦੇ ਮੂੰਹ ਨਹੀਂ ਲਗਦੇ।’ ਵਰਨਣਯੋਗ ਹੈ ਕਿ ਹਾਲ ਹੀ ਵਿੱਚ ਜਯਾ ਪ੍ਰਦਾ ਨੇ ਆਜ਼ਮ ਖਾਨ ਦੀ ਤੁਲਣਾ ‘ਪਦਾਵਤ’ ਫਿ਼ਲਮ ਦੇ ਕਿਰਦਾਰ ਖਿਲਜੀ ਨਾਲ ਕੀਤੀ ਸੀ।
ਸਮਾਜਵਾਦੀ ਨੇਤਾ ਆਜ਼ਮ ਨੇ ਕਿਹਾ, ‘ ਮੈਂ ਇਨ੍ਹਾਂ ਦਿਨਾਂ ਵਿੱਚ ਸਿੱਖਿਆ ਦੇ ਖੇਤਰ ਵਿੱਚ ਬਿਜ਼ੀ ਹਾਂ। ਮੇਰੇ ਕੋਲ ਇਸ ਤਰ੍ਹਾਂ ਦੇ ਲੋਕਾਂ ਦੀਆਂ ਗੱਲਾਂ ਦਾ ਜਵਾਬ ਦੇਣ ਦੇ ਲਈ ਸਮਾਂ ਨਹੀਂ ਹੈ। ਮੇਰਾ ਫੋਕਸ ਵਿਦਿਆਰਥੀਆਂ ਦੀ ਪੜ੍ਹਾਈ ਤੇ ਹੈ। ਮੈਂ ਨੱਚਣ-ਗਾਉਣ ਵਾਲਿਆਂ ਦੇ ਮੂੰਹ ਨਹੀਂ ਲਗਾਂਗਾ। ਜੇ ਮੈਂ ਅਜਿਹਾ ਕਰਾਂਗਾ ਤਾਂ ਰਾਜਨੀਤੀ ਨਹੀਂ ਕਰ ਸਕਾਂਗਾ।’
ਅਭਿਨੇਤਰੀ ਜਯਾ ਪ੍ਰਦਾ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ‘ਪਦਾਵਤ’ ਫਿ਼ਲਮ ਦੇ ਅਲਾਉਦੀਨ ਖਿਲਜੀ ਨੂੰ ਵੇਖ ਕੇ ਉਸ ਨੂੰ ਆਜ਼ਮ ਖਾਨ ਯਾਦ ਆਏ ਸਨ। ਜਦੋਂ ਉਸਨੇ ਚੋਣ ਲੜੀ ਸੀ ਤਾਂ ਆਜ਼ਮ ਖਾਨ ਨੇ ਉਸ ਨੂੰ ਬਹੁਤ ਪਰੇਸ਼ਾਨ ਕੀਤਾ ਸੀ। ਜਯਾ ਨੇ ਇਹ ਵੀ ਕਿਹਾ ਸੀ ਕਿ ਚੋਣਾਂ ਸਮੇਂ ਉਸ ਦੇ ਜੋ ਅਸ਼ਲੀਲ ਪੋਸਟਰ ਲਗਾਏ ਗਏ ਸਨ, ਉਸ ਦੇ ਪਿੱਛੇ ਵੀ ਆਜ਼ਮ ਦਾ ਹੀ ਹੱਥ ਸੀ।