ਅੰਮ੍ਰਿਤਸਰ – ਸੰਤ ਸਮਾਜ ਦੇ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਨਾਨਕਸ਼ਾਹੀ ਕੈਲੰਡਰ ਦੇ ਉਲਟ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਮਨਘੜਤ ਤਰੀਕੇ ਨਾਲ ਸੰਗਰਾਂਦਾਂ ਅਤੇ ਗੁਰਪੁਰਬ ਦੀਆਂ ਤਰੀਕਾਂ ਉਲੀਕ ਕੇ ਜਾਰੀ ਕੀਤੇ ਅਖੌਤੀ ਕਲੰਡਰ ਦਾ ਸਖ਼ਤ ਨੋਟਿਸ ਲਿਆ ਹੈ।
ਉਕਤ ਮਿਸ਼ਨਰੀ ਕਾਲਜ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉਚਤਾ ਨੂੰ ਚੁਨੌਤੀ ਦੇਣ ਪ੍ਰਤੀ ਸਖ਼ਤ ਤਾੜਨਾ ਕਰਦਿਆਂ ਪੰਥ ਵਿਚ ਦੁਬਿਧਾ ਖੜੀ ਕਰਨ ਤੋਂ ਬਾਜ ਆਉਣ ਲਈ ਕਿਹਾ ਹੈ।
ਜਾਰੀ ਬਿਆਨ ’ਚ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ, ਸੰਤ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ, ਸੰਤ ਬਾਬਾ ਹਰਭਜਨ ਸਿੰਘ ਨਾਨਕਸਰ, ਸੰਤ ਬਾਬਾ ਲਖਾ ਸਿੰਘ ਨਾਨਕਸਰ, ਸੰਤ ਬਾਬਾ ਸੁਖਦੇਵ ਸਿੰਘ ਭੁਚੋਵਾਲੇ, ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ,ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਸੰਤ ਬਾਬਾ ਸੁਖਚੈਨ ਸਿੰਘ ਧਰਮਪੁਰਾ ਸਕੱਤਰ ਜਨਰਲ ਸੰਤ ਸਮਾਜ, ਭਾਈ ਅਜਾਇਬ ਸਿੰਘ ਅਭਿਆਸੀ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਬਾਬਾ ਮੇਜਰ ਸਿੰਘ ਵਾਂ, ਸੰਤ ਗੁਰਭੇਜ ਸਿੰਘ ਖਜਾਲਾ, ਸੰਤ ਬਾਬਾ ਸਜਨ ਸਿੰਘ ਗੁਰੂ ਕੇ ਬੇਰ ਸਾਹਿਬ,ਸੰਤ ਸੁਖਵੰਤ ਸਿੰਘ ਚੰਨਣਕੇ, ਸੰਤ ਬੁਧ ਸਿੰਘ ਨਿੱਕੇ ਘੁੰਮਣਾਂ ਵਾਲੇ , ਸੰਤ ਕਵਲਜੀਤ ਸਿੰਘ ਨਾਗੀਆਣਾ ਅਤੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਅੰਤ੍ਰਿਕ ਕਮੇਟੀ ਮੈਂਬਰ ਸ਼੍ਰੋਮਣੀ ਕਮੇਟੀ ਨੇ ਮਿਸ਼ਨਰੀ ਕਾਲਜ ਦੀ ਉਕਤ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਉਲਟ ਅਜਿਹੀ ਕਿਸੇ ਵੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਪੰਥ ਦੀ ਏਕਤਾ ਲਈ 5 ਮਾਰਚ ਨੂੰ ਨਾਨਕਸ਼ਾਹੀ ਸੰਮਤ 550 ( 2018- 19) ਦਾ ਪੰਥ ਪ੍ਰਵਾਨਿਤ ਨਾਨਕਸ਼ਾਹੀ ਕੈਲੰਡਰ ਜਾਰੀ ਕਰਦਿਆਂ ਇਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ। ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰ ਕੀਤੇ ਗਏ ਉਕਤ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਗੁਰਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ ਮਨਾਉਣ ਦੀ ਹਦਾਇਤ ਕੀਤੀ ਗਈ। ਸੰਤ ਸਮਾਜ ਦੇ ਆਗੂਆਂ ਨੇ ਕਿਹਾ ਕਿ ਸੰਗਰਾਂਦ ਇਕ ਕੁਦਰਤੀ ਵਰਤਾਰਾ ਹੈ ਜਿਸ ਨੂੰ ਕੋਈ ਵੀ ਪਕੇ ਤੌਰ ’ਤੇ ਤੈਅ ਨਹੀਂ ਕਰ ਸਕਦਾ ਪਰ ਉਕਤ ਮਿਸ਼ਨਰੀ ਕਾਲਜ ਵੱਲੋਂ ਮਨਘੜਤ ਤਰੀਕਾਂ ਮਿਥ ਦਿਆਂ ’’ਹਮਰਾ ਝਗੜਾ ਰਹਾ ਨ ਕੋਊ।। ਪੰਡਿਤ ਮੁਲਾਂ ਛਾਡੇ ਦੋਊ’’ ਦੇ ਨਾਂ ’ਤੇ ਅਖੌਤੀ ਕੈਲੰਡਰ ਜਾਰੀ ਕਰਕੇ ਸਿਖ ਪੰਥ ’ਚ ਦੁਬਿਧਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਗੁਰ ਇਤਿਹਾਸ ਅਤੇ ਸਿਖ ਇਤਿਹਾਸ ਨੂੰ ਸ਼ੱਕੀ ਬਣਾਉਣ ਤੋਂ ਇਲਾਵਾ ਪੰਥਕ ਏਕਤਾ ਨੂੰ ਢਾਹ ਲਾਉਣ ਵਾਲੀ ਅਜਿਹੀ ਪੰਥ ਦੋਖੀ ਕਾਰਵਾਈ ਪ੍ਰਤੀ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਮਿਸ਼ਨਰੀ ਕਾਲਜ ਦੇ ਆਗੂਆਂ ਨੂੰ ਚਿਤਾਵਨੀ ਦਿਤੀ ਤੇ ਸਿਖ ਪੰਥ ’ਚ ਦੁਬਿਧਾ ਪਾਉਣ ਦੀ ਕੋਸ਼ਿਸ਼ ਨਾ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸੰਤ ਸਮਾਜ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਅਤੇ ਪੰਥ ਦੇ ਵਧੇਰੇ ਹਿਤਾਂ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਰਬਸੰਮਤੀ ਨਾਲ ਲਾਗੂ ਕੀਤੇ ਗਏ ਕੈਲੰਡਰ ’ਤੇ ਦ੍ਰਿੜਤਾ ਨਾਲ ਪਹਿਰਾ ਦੇਣ ਲਈ ਵਚਨਬੱਧ ਹੈ। ਉਨ੍ਹਾਂ ਸਮੂਹ ਸਿਖ ਸੰਗਤਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਗੁਰਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ ਮਨਾਉਣ ਦੀ ਅਪੀਲ ਕੀਤੀ ਹੈ।