ਤਰਨਤਾਰਨ - ਗੱਦਰ ਲਹਿਰ ਦੇ ਸੂਰਮੇ ਮਹਾਂਪੁਰਸ਼ ਸੰਤ ਬਾਬਾ ਸੂਬਾ ਸਿੰਘ ਜੀ ਦੀ 90 ਵੀਂ ਸਮਾਨਾ ਬਰਸੀ ਸਮਾਗਮ ਗੁਰਦੁਆਰਾ ਰੋੜੀ ਸਾਹਿਬ, ਪਿੰਡ ਅਲੀਪੁਰ, ਬੁਰਜ ਦੇਵਾ ਸਿੰਘ ਜ਼ਿਲ੍ਹਾ ਤਰਨ ਤਾਰਨ ਵਿਖੇ ਪੂਰੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ।
ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਦਿਆਂ ਸੰਗਤ ਨਾਲ ਗੁਰਮਤਿ ਵਿਚਾਰਾਂ ਕੀਤੀਆਂ। ਉਨ੍ਹਾਂ ਸੰਤ ਬਾਬਾ ਸੂਬਾ ਸਿੰਘ ਜੀ ਨੂੰ ਇਕ ਨਿਰਮਲ ਰੂਹ ਕਹਿੰਦਿਆਂ ਉਨ੍ਹਾਂ ਵੱਲੋਂ ਪਾਏ ਪੂਰਨਿਆਂ ‘ਤੇ ਚਲਣ ਲਈ ਅਪੀਲ ਕੀਤੀ। ਉਨ੍ਹਾਂ ਦੇਸ਼ ਦੀ ਆਜ਼ਾਦੀ ਲਈ ਗ਼ਦਰੀ ਬਾਬਿਆਂ ਵੱਲੋਂ ਪਾਏ ਗਏ ਯੋਗਦਾਨ ਅਤੇ ਕੁਰਬਾਨੀਆਂ ਦੀ ਗਲ ਕਰਦਿਆਂ ਕਿਹਾ ਕਿ ਕੁੱਝ ਸਿਆਸਤਦਾਨਾਂ ਵੱਲੋਂ ਗਾਂਧੀ ਦੁਆਰਾ ਚਰਖੇ ਰਾਹੀਂ ਆਜ਼ਾਦੀ ਲਿਆਂਦੇ ਜਾਣ ਦੀ ਗਲ ਵਡਾ ਭੁਲੇਖਾ ਪਾਊ ਹੈ । ਅਸਲ ਵਿਚ ਦੇਸ਼ ਦੀ ਆਜ਼ਾਦੀ ਲਈ 87 ਫ਼ੀਸਦੀ ਕੁਰਬਾਨੀਆਂ ਸਿਖ ਕੌਮ ਦੀਆਂ ਹਨ। ਹਜ਼ਾਰਾਂ ਸਿਖਾਂ ਨੇ ਸ਼ਹਾਦਤਾਂ ਪਾਈਆਂ ਲੱਖਾਂ ਬੇਘਰ ਹੋਏ ਫਿਰ ਜਾਕੇ ਆਜ਼ਾਦੀ ਮਿਲ ਸਕੀ। ਉਨ੍ਹਾਂ ਕਿਹਾ ਕਿ ਬਾਬਾ ਸੂਬਾ ਸਿੰਘ ਜੀ ਨੇ ਵੀ ਗੱਦਰ ਲਹਿਰ ‘ਚ ਹਿੱਸਾ ਲੈ ਕੇ ਦੇਸ਼ ਦੀ ਆਜ਼ਾਦੀ ਲਈ ਕਈ ਵਡੀਆਂ ਕੁਰਬਾਨੀਆਂ ਕੀਤੀਆਂ ਜਦ ਦੇਸ਼ ਆਜ਼ਾਦ ਹੋਇਆ ਤਾਂ ਉਨ੍ਹਾਂ ਅਪਣੀ ਮਸ਼ੱਕਤ ਤੇ ਕੁਰਬਾਨੀ ਲਈ ਕੋਈ ਮੁਲ ਨਹੀਂ ਵਟਿਆ, ਕੋਈ ਸਰਕਾਰੀ ਸਹੂਲਤਾਂ ਨਹੀਂ ਲਈ ਸਗੋਂ ਗੁਰੂ ਦੇ ਸਚੇ ਸਿਖ ਵਜੋਂ ਇਸ ਇਕਾਂਤ ਸਥਾਨ ‘ਤੇ ਕੁਲੀ ਵਿਚ ਬੈਠ ਕੇ ਨਾਮ ਸਿਮਰਨ ਅਤੇ ਬੰਦਗੀ ਕੀਤੀ। ਉਹ ਨਿਰਮਲ ਆਤਮਾ ਸਨ ਜਿਨ੍ਹਾਂ ਇਕ ਇਕ ਸਵਾਸ ਤੋਂ ਪੂਰਾ ਲਾਹਾ ਲਿਆ।
ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਮਨੁਖਾ ਜੀਵਨ ਨੂੰ ਦੁਰਲਭ ਦਸਿਆ। ਸਰੀਰ ਅਤੇ ਸਵਾਸ ਨੂੰ ਬੇਸ਼ਕੀਮਤੀ ਕਿਹਾ ਅਤੇ ਨਾਮ ਬਾਣੀ ਨਾਲ ਜੁੜਨ ਲਈ ਪ੍ਰੇਰਿਆ। ਉਨ੍ਹਾਂ ਪ੍ਰਭੂ ਮਿਲਾਪ ਲਈ ਸਤ ਪੁਰਸ਼ਾਂ ਦੀ ਸੰਗਤ ਕਰਨ ਲਈ ਕਿਹਾ।ਉਨ੍ਹਾਂ ਕਿਹਾ ਜਿਨ੍ਹਾਂ ਦੇ ਭਾਗ ਚੰਗੇ ਹੋਣ ਉਨ੍ਹਾਂ ਨੂੰ ਹੀ ਸੰਗਤ ਵਿਚ ਆਉਣ ਦਾ ਮੌਕਾ ਮਿਲਦਾ ਹੈ। ਉਹਨਾਂ ਗੁਰੂ ‘ਤੇ ਭਰੋਸਾ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਗੁਰੂ ਪ੍ਰਤੀ ਸ਼ੰਕਾ ਕਰਨ ਵਾਲਿਆਂ ਲਈ ਸਿਖ ਧਰਮ ਵਿਚ ਕੋਈ ਥਾਂ ਨਹੀਂ। ਬਾਬਾ ਬਿਧੀ ਚੰਦ ਜੀ ਦੀ ਕਥਾ ਸੁਣਾਉਂਦਿਆਂ ਉਨ੍ਹਾਂ ਕਿਹਾ ਕਿ ਗੁਰੂ ਦਾ ਸਚਾ ਸਿਖ ਕਦੇ ਵੀ ਗੁਰੂ ਸਾਹਿਬ ‘ਤੇ ਸ਼ੰਕਾ ਨਹੀਂ ਕਰਦਾ ਤਾਂ ਹੀ ਉਹ ਵਡੇ ਵਡੇ ਕਸ਼ਟ ਦੌਰਾਨ ਵੀ ਧਰਮ ਦੇ ਕਈ ਕੰਮ ਕਰਨ ‘ਚ ਸਫਲ ਰਹੇ ਸਨ।ਉਨ੍ਹਾਂ ਮੌਜੂਦਾ ਸਮੇਂ ਪੰਥ ‘ਚ ਗੁਰੂ ਸਾਹਿਬਾਨ, ਗੁਰ ਇਤਿਹਾਸ, ਸਿਖ ਇਤਿਹਾਸ ਅਤੇ ਪਰੰਪਰਾਵਾਂ ਪ੍ਰਤੀ ਸ਼ੰਕੇ ਪੈਦਾ ਕਰਨ ‘ਚ ਲਗੇ ਲੋਕਾਂ ਪ੍ਰਤੀ ਸੁਚੇਤ ਰਹਿਣ ਲਈ ਵੀ ਕਿਹਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਜਥੇ: ਗੁਰਬਚਨ ਸਿੰਘ ਕਰਮੂਵਾਲਾ ਅਤੇ ਸਮਾਗਮ ਦੇ ਪ੍ਰਬੰਧਕ ਬਾਬਾ ਬੰਤਾ ਸਿੰਘ ਮੁਡਾਪਿੰਡ ਵਾਲਿਆਂ ਵੱਲੋਂ ਬਾਬਾ ਹਰਨਾਮ ਸਿੰਘ ਜੀ ਖ਼ਾਲਸਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਈ ਈਸ਼ਰ ਸਿੰਘ ਸਪੁੱਤਰ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਬਾਬਾ ਜੀਵਾ ਸਿੰਘ, ਸੰਤ ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਸੰਤ ਬਾਬਾ ਸਜਨ ਸਿੰਘ ਗੁਰੂ ਕੇ ਬੇਰ ਸਾਹਿ, ਬੀਬੀ ਮਾਤਾ ਕੁਲਵੰਤ ਕੌਰ, ਸੰਤ ਬਾਬਾ ਦਵਿੰਦਰ ਸਿੰਘ, ਭਾਈ ਅੰਗਰੇਜ਼ ਸਿੰਘ, ਸੰਤ ਕਰਮਜੀਤ ਸਿੰਘ, ਸੰਤ ਬਲਬੀਰ ਸਿੰਘ ਟਿੱਬਾ ਸਾਹਿਬ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਵੀ ਮੌਜੂਦ ਸਨ।