ਲਾਹੌਰ : ਪਾਕਿਸਤਾਨ ਵਿੱਚ ਸਥਿਤ ਪੰਜਾਬ ਸੂਬੇ ਦੀ ਅਸੈਂਬਲੀ ਨੇ ਸਿੱਖ ਕਮਿਊਨਿਟੀ ਦੇ ਵਿਆਹਾਂ ਨੂੰ ਕਾਨੂੰਨੀ ਦਰਜਾ ਦਿਵਾਊਣ ਲਈ ਬੁੱਧਵਾਰ ਨੂੰ ਇੱਕ ਪ੍ਰਸਤਾਵ ਨਾਲ ਕੀਤਾ ਹੈ। ਲਹਿੰਦੇ ਪੰਜਾਬ ਦੀ ਸਰਕਾਰ ਦੇ ਇਸ ਕਦਮ ਨਾਲ ਉਥੇ ਰਹਿ ਰਹੇ ਘੱਟ- ਗਿਣਤੀ ਸਿੱਖਾਂ ਦੇ ਵਿਆਹ ਨੂੰ ਕਾਨੂੰਨੀ ਮਾਨਤਾ ਮਿਲੇਗੀ।
ਪੰਜਾਬ ਅਸੈਂਬਲੀ ਨੇ ਸਿੱਖ ਆਨੰਦ ਕਾਰਜ ਵਿਆਹ ਐਕਟ 2017 ਵਿੱਚ ਸਰਬਸੰਮਤੀ ਨਾਲ ਪਾਸ ਕੀਤਾ ਸੀ। ਇਹ ਪਹਿਲਾ ਮੌਕਾ ਹੈ ਜਦੋਂ ਕਿ ਸਿੱਖ ਭਾਈਚਾਰੇ ਦੇ ਵਿਆਹਾਂ ਵਰਗੇ ਪਰਿਵਾਰਿਕ ਮਾਮਲਿਆਂ ਨੂੰ ਵੱਖਰੀ ਪਛਾਣ ਮਿਲੇਗੀ। ਪੰਜਾਬ ਅਸੈਂਬਲੀ ਵਿੱਚ ਘੱਟਗਿਣਤੀ ਮੈਂਬਰ ਸਰਦਾਰ ਰਮੇਸ਼ ਸਿੰਘ ਅਰੋੜਾ ਨੇ ਬੁੱਧਵਾਰ ਨੂੰ ਬਿੱਲ ਪੇਸ਼ ਕੀਤਾ ਸੀ। ਇਹ ਪ੍ਰਸਤਾਵ 1909 ਦੇ ਆਨੰਦ ਕਾਰਜ ਕਾਨੂੰਨ ਦੀ ਥਾਂ ਤੇ ਪਾਸ ਹੋਇਆ ਹੈ। ਰਾਜਪਾਲ ਦੀ ਮਨਜੂਰੀ ਤੋਂ ਬਾਅਦ ਇਹ ਪ੍ਰਸਤਾਵ ਕਾਨੂੰਨ ਦਾ ਰੂਪ ਲੈ ਲਵੇਗਾ।
ਅਰੋੜਾ ਨੇ ਕਿਹਾ ਕਿ ਪਾਕਿਸਤਾਨ ਦੁਨੀਆਂ ਦਾ ਇੱਕ ਅਜਿਹਾ ਦੇਸ਼ ਹੈ ਜਿੱਥੇ ਸਿੱਖ ਵਿਆਹ ਰਜਿਸਟਰਡ ਹੋਵੇਗਾ। ਇਸ ਤੋਂ ਪਹਿਲਾਂ ਵਿਆਹ ਦੇ ਰਿਕਾਰਡ ਗੁਰਦੁਆਰਾ ਕਮੇਟੀ ਦੀ ਦੇਖਰੇਖ ਵਿੱਚ ਰਹਿੰਦੇ ਸਨ। ਇਸ ਕਾਨੂੰਨ ਅਨੁਸਾਰ ਕੋਈ ਵੀ 18 ਸਾਲ ਤੋਂ ਘੱਟ ਉਮਰ ਦਾ ਲੜਕਾ ਜਾਂ ਲੜਕੀ ਕਾਨੂੰਨੀ ਤੌਰ ਤੇ ਵਿਆਹ ਨਹੀਂ ਕਰ ਸਕੇਗਾ।
-