ਲਖਨਊ – ਸਪਾ ਮੁੱਖੀ ਅਖਿਲੇਸ਼ ਯਾਦਵ ਨੇ ਫੂਲਪੁਰ ਤੇ ਗੋਰਖਪੁਰ ਉਪਚੋਣ ਵਿੱਚ ਸ਼ਾਨਦਾਰ ਜਿੱਤ ਦੇ ਬਾਅਦ ਆਪਣੇ ਬਿਆਨ ਵਿੱਚ ਕਿਹਾ ਕਿ ਇਹ ਰਾਸ਼ਟਰਵਾਦ ਦੇ ਨਾਮ ਤੇ ਝੂਠੇ ਵਾਅਦੇ ਕਰਨ ਵਾਲਿਆਂ ਦੀ ਹਾਰ ਹੈ। ਨੋਟਬੰਦੀ ਅਤੇ ਜੀਐਸਟੀ ਦੇ ਲਾਗੂ ਕਰਨ ਨਾਲ ਜਿੰਨ੍ਹਾਂ ਲੋਕਾਂ ਦੀਆਂ ਨੌਕਰੀਆਂ ਗਈਆਂ ਹਨ, ਉਨ੍ਹਾਂ ਨੇ ਹੀ ਇਹ ਜਵਾਬ ਦਿੱਤਾ ਹੈ। ਅਖਿਲੇਸ਼ ਨੇ 2019 ਦੀਆਂ ਲੋਕਸਭਾ ਚੋਣਾਂ ਵਿੱਚ ਬਸਪਾ-ਸਪਾ ਦੇ ਗਠਜੋੜ ਦੀਆਂ ਸੰਭਾਵਨਾਵਾਂ ਸਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਇਸ ਜਿੱਤ ਦੇ ਲਈ ਬਸਪਾ ਦੀ ਰਾਸ਼ਟਰੀ ਪ੍ਰਧਾਨ ਮਾਇਆਵਤੀ ਨੂੰ ਧੰਨਵਾਦ ਦਿੰਦੇ ਹੋਏ ਕਿਹਾ ਕਿ ਜਿਹੜੇ ਵਰਕਰਾਂ ਨੇ ਇਹ ਚੋਣ ਜਿੱਤਣ ਲਈ ਸਖਤ ਮਿਹਨਤ ਕੀਤੀ ਹੈ ਅਤੇ ਸਾਡਾ ਸਾਥ ਦਿੱਤਾ ਹੈ, ਉਨ੍ਹਾਂ ਦਾ ਵੀ ਧੰਨਵਾਦ। ਉਨ੍ਹਾਂ ਨੇ ਇਸ ਜਿੱਤ ਦੇ ਲਈ ਕਾਂਗਰਸ ਅਤੇ ਵਾਮਦਲਾਂ ਦਾ ਵੀ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਨੇ ਕਿਹਾ ਕਿ ਯੂਪੀ ਸਰਕਾਰ ਨੇ ਪਿੱਛਲੇ ਇੱਕ ਸਾਲ ਵਿੱਚ ਕਾਨੂੰਨ ਅਵਸਥਾ ਅਤੇ ਸੰਵਿਧਾਨ ਦੀਆਂ ਧਜੀਆਂ ਉਡਾਈਆਂ ਹਨ। ਭਾਜਪਾ ਨੇ ਲੋਕਾਂ ਨੂੰ ਡਰਾਇਆ ਹੈ ਅਤੇ ਜਾਤੀਵਾਦ ਦਾ ਜਹਿਰ ਘੋਲਿਆ ਹੈ। ਇਹ ਚੋਣ ਨਤੀਜੇ ਉਸ ਦਾ ਹੀ ਜਵਾਬ ਹੈ।
ਮੁੱਖਮੰਤਰੀ ਯੋਗੀ ਦੇ ਬਿਆਨ ਕਿ ਅਜੇ ਲਾਲ ਰੰਗ ਡੁਬੋਇਆ ਹੈ ਅੱਗੇ ਲਾਲ ਟੋਪੀ ਡੁਬੋ ਦੇਵਾਂਗੇ, ਤੇ ਅਖਿਲੇਸ਼ ਨੇ ਕਿਹਾ ਕਿ ਲਾਲ ਰੰਗ ਸਾਫ਼ ਵਿਖਾਈ ਦਿੰਦਾ ਹੈ ਅਤੇ ਸਾਵਧਾਨ ਕਰਦਾ ਹੈ।ਮੈਨੂੰ ਉਮੀਦ ਹੈ ਕਿ ਹੁਣ ਮੁੱਖਮੰਤਰੀ ਜੀ ਜਦੋਂ ਵੀ ਲਾਲ ਰੰਗ ਵੇਖਣਗੇ ਤਾਂ ਸਾਵਧਾਨ ਹੋ ਜਾਣਗੇ।