ਅੰਮ੍ਰਿਤਸਰ - ਸਿਖ ਕੌਮ ਦੀ ਸਿਰਮੌਰ ਜਥੇਬੰਦੀ ਦਮਦਮੀ ਟਕਸਾਲ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ ਦੇ 25 ਮਾਰਚ ਨੂੰ ਹੋ ਰਹੀ ਪ੍ਰਧਾਨਗੀ ਤੇ ਹੋਰ ਮਹੱਤਵਪੂਰਨ ਅਹੁਦੇਦਾਰਾਂ ਦੀ ਚੋਣ ਲਈ ਸਾਬਕਾ ਐਮ ਪੀ ਸ: ਰਾਜ ਮਹਿੰਦਰ ਸਿੰਘ ਮਜੀਠਾ ਧੜੇ ਦੀ ਪਿੱਠ ’ਤੇ ਆ ਗਈ ਹੈ।ਜਿਸ ਨਾਲ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਸਰਗਰਮੀਆਂ ਤੇਜ ਹੋ ਗਈਆਂ ਹਨ। ਦਮਦਮੀ ਟਕਸਾਲ ਵੱਲੋਂ ਮਜੀਠਾ ਧੜੇ ਦੀ ਹਮਾਇਤ ’ਚ ਆਉਣ ਨਾਲ ਮਜੀਠਾ ਧੜੇ ਨੂੰ ਭਾਰੀ ਬਲ ਮਿਲਿਆ ਹੈ ਅਤੇ ਉਨ੍ਹਾਂ ਦੀ ਜਿਤ ਯਕੀਨੀ ਮੰਨੀ ਜਾ ਰਹੀ ਹੈ।
ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਚੀਫ਼ ਖ਼ਾਲਸਾ ਦੀਵਾਨ ਦੀ ਚੋਣ ’ਚ ਪ੍ਰਧਾਨਗੀ ਲਈ ਉਮੀਦਵਾਰ ਰਾਜ ਮਹਿੰਦਰ ਸਿੰਘ ਮਜੀਠੀਆ, ਵਾਈਸ ਪ੍ਰਧਾਨ ਲਈ ਨਿਰਮਲ ਸਿੰਘ ਠੇਕੇਦਾਰ ਅਤੇ ਆਨਰੇਰੀ ਸਕੱਤਰ ਦੇ ਅਹੁਦੇ ਲਈ ਸੁਰਿੰਦਰ ਸਿੰਘ ਰੁਮਾਲੇ ਵਾਲਿਆਂ ਦੀ ਹਮਾਇਤ ਦਾ ਐਲਾਨ ਕਰਦਿਆਂ ਇਹਨਾਂ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ ਹੈ। ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ 1902 ਵਿਚ ਹੋਂਦ ਵਿਚ ਆਈ ਸੰਸਥਾ ਚੀਫ਼ ਖ਼ਾਲਸਾ ਦੀਵਾਨ ਗੁਰੂ ਪੰਥ ਦੀ ਇਕ ਸਦੀ ਤੋਂ ਵਧ ਪੁਰਾਤਨ ਤੇ ਨਾਮਵਰ ਧਾਰਮਿਕ ਵਿੱਦਿਅਕ ਸੰਸਥਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਕਿਸੇ ਵੀ ਅਨੈਤਿਕ ਵਰਤਾਰੇ ਨੂੰ ਸਹਿਣ ਨਹੀਂ ਕਰ ਸਕਦੀ। ਪਿਛਲੇ ਦਿਨੀਂ ਇਸ ਸੰਸਥਾ ’ਚ ਜੋ ਘਟਨਾਕ੍ਰਮ ਵਾਪਰਿਆ ਉਸ ਨਾਲ ਇਸ ਸਿੱਖ ਸੰਸਥਾ ਦੀ ਸ਼ਾਖ਼ ਨੂੰ ਵਡੀ ਢਾਹ ਲੱਗੀ ਹੈ ਅਤੇ ਕੌਮ ਨੂੰ ਨਮੋਸ਼ੀ ਸਹਿਣੀ ਪਈ ਹੈ। ਉਨ੍ਹਾਂ ਦਸਿਆ ਕਿ ਚੀਫ਼ ਖ਼ਾਲਸਾ ਦੀਵਾਨ ਦਾ ਦੇਸ਼ ਦੀ ਗੁਲਾਮੀ ਉਪਰੰਤ ਸਿੱਖ ਨੌਜਵਾਨਾਂ ਵਿਚ ਫੈਲ ਰਹੇ ਪਤਿਤਪੁਣੇ ਨੂੰ ਰੋਕਣ ਅਤੇ ਉਨ੍ਹਾਂ ਨੂੰ ਸਿਖ ਧਰਮ ਅਤੇ ਅਮੀਰ ਵਿਰਸੇ ਪ੍ਰਤੀ ਜਾਣੂ ਕਰਵਾਉਣ ਤੋਂ ਇਲਾਵਾ ਸਿੱਖ ਕੌਮ ਨੂੰ ਵਿਦਿਆ ਦੇ ਖੇਤਰ ਵਿਚ ਸਮੇਂ ਦੇ ਹਾਣ ਦਾ ਬਣਾਉਣ ਲਈ ਅਹਿਮ ਇਤਿਹਾਸਕ ਯੋਗਦਾਨ ਰਿਹਾ ਹੈ।ਇਸ ਸੰਸਥਾ ਦੇ ਆਗੂਆਂ ਅਤੇ ਮੈਂਬਰਾਂ ਵੱਲੋਂ ਤਨ, ਮਨ, ਅਤੇ ਧਨ ਨਾਲ ਕੌਮ ਦੀ ਸ਼ਲਾਘਾ ਯੋਗ ਸੇਵਾ ਸਦਕਾ ਸੰਸਥਾ ਨੇ ਸਿੱਖ ਕੌਮ ਦੇ ਸਮਾਜਕ, ਆਰਥਿਕ, ਰਾਜਨੀਤਿਕ, ਧਾਰਮਿਕ, ਸਭਿਆਚਾਰਕ ਅਤੇ ਵਿੱਦਿਅਕ ਖੇਤਰ ਵਿਚ ਬੜੀਆਂ ਮਲਾਂ ਮਾਰੀਆਂ ਹਨ। ਉਨ੍ਹਾਂ ਕਿਹਾ ਕਿ ਚੀਫ਼ ਖ਼ਾਲਸਾ ਦੀਵਾਨ ਨੇ ਮੁੱਢਲੇ ਯਤਨਾਂ ਵਜੋਂ ਪੰਜਾਬੀ ਭਾਸ਼ਾ ਅਤੇ ਸਿਖੀ ਦਾ ਪ੍ਰਚਾਰ ਕੀਤਾ, ਵਿੱਦਿਅਕ ਸੰਸਥਾਵਾਂ ਖੋਲੀਆਂ, ਖ਼ਾਲਸਾ ਕਾਲਜ ਅੰਮ੍ਰਿਤਸਰ ਖੋਲ੍ਹਣ ਵਿਚ ਯੋਗਦਾਨ ਪਾਇਆ, 1909 ਵਿਚ ਅਨੰਦ ਮੈਰਿਜ ਐਕਟ ਪਾਸ ਕਰਵਾਇਆ, ਆਰਥਿਕ ਖੇਤਰ ਵਿਚ ਕੌਮੀ ਵਿਕਾਸ ਲਈ ਪੰਜਾਬ ਐਂਡ ਸਿੰਧ ਬੈਂਕ ਸਥਾਪਿਤ ਕਰਨ ਵਿਚ ਯੋਗਦਾਨ ਪਾਇਆ, 1925 ਵਿਚ ਗੁਰਦੁਆਰਾ ਐਕਟ ਬਣਾਉਣ ਵਿਚ ਵੀ ਅਹਿਮ ਭੂਮਿਕਾ ਨਿਭਾਈ, ਇਨ੍ਹਾਂ ਹੀ ਨਹੀਂ ਇਸ ਸੰਸਥਾ ਨੇ ਸਮਾਜ ਦੇ ਦੂਖੀ ਵਰਗ ਦੀ ਸੇਵਾ ਦਾ ਬੀੜਾ ਚੁੱਕਦਿਆਂ ਹਸਪਤਾਲ, ਯਤੀਮਖ਼ਾਨੇ, ਬਿਰਧ ਘਰ ਖੋਲੇ, ਸਿਖੀ ਦੇ ਪ੍ਰਚਾਰ ਹਿਤ ਰਾਗੀਆਂ, ਗ੍ਰੰਥੀਆਂ ਅਤੇ ਪ੍ਰਚਾਰਕਾਂ ਦੀ ਸਿਖਲਾਈ ਲਈ ਵਿਦਿਆਲੇ ਖ਼ੋਲ ਕੇ ਕੌਮ ਦੀ ਸੇਵਾ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੀਵਾਨ ਦੇ ਪ੍ਰਬੰਧਕ ਖੇਤਰ ਵਿਚ ਆਏ ਨਿਘਾਰ ਨੂੰ ਦੂਰ ਕਰਨ ਅਤੇ ਇਸ ਨਾਲ ਸਬੰਧਿਤ ਸਮੂਹ ਅਦਾਰਿਆਂ ਦਾ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਉਣ ਤੋਂ ਇਲਾਵਾ ਦੀਵਾਨ ਦੇ ਪੁਰਾਤਨ ਸਵਰੂਪ ਅਤੇ ਸਤਿਕਾਰ ਨੂੰ ਮੁੜ ਹਾਸਲ ਕਰਨ ਲਈ ਸੰਸਥਾ ਦੀ ਵਾਗਡੋਰ ਬੇਦਾਗ਼ ਅਤੇ ਕਾਬਲ ਗੁਰਸਿਖ ਸ਼ਖ਼ਸੀਅਤਾਂ ਦੇ ਹਵਾਲੇ ਕੀਤਾ ਜਾਣਾ ਜ਼ਰੂਰੀ ਹੈ।