ਨਵੀਂ ਦਿੱਲੀ : ਪਹਿਲੇ ਵਿਸ਼ਵ ਯੁੱਧ ਦੌਰਾਨ ਸਿੱਖ ਫੌਜੀਆਂ ਵੱਲੋਂ ਫਰਾਂਸ ਨੂੰ ਜਰਮਨੀ ਦੇ ਹੱਥ ਜਾਣ ਤੋਂ ਬਚਾਉਣ ਦੀ ਕਹਾਣੀ ’ਤੇ ਬਣੀ ਪੰਜਾਬੀ ਫਿਲਮ ‘‘ਸੱਜਣ ਸਿੰਘ ਰੰਗਰੂਟ’’ ਸਿੱਖ ਇਤਿਹਾਸ ਦੇ ਪ੍ਰਚਾਰ ਦੀ ਦਿਸ਼ਾ ’ਚ ਵੱਡੀ ਭੂਮਿਕਾ ਨਿਭਾਏਗੀ। ਉਕਤ ਦਾਅਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਉਂੱਘੇ ਫ਼ਿਲਮ ਕਲਾਕਾਰ ਦਲਜੀਤ ਦੋਸ਼ਾਂਝ ਨਾਲ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਕੀਤਾ। ਇਸਤੋਂ ਪਹਿਲਾਂ ਫ਼ਿਲਮ ਦੀ ਪੂਰੀ ਟੀਮ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ 1984 ਸਿੱਖ ਕਤਲੇਆਮ ਦਾ ਦਰਦ ਬਿਆਨ ਕਰਦੀ ‘‘ਸੱਚ ਦੀ ਕੰਧ’’ ਯਾਦਗਾਰ ਨੂੰ ਦੇਖਿਆ।
ਜੀ.ਕੇ. ਨੇ ਕਿਹਾ ਕਿ ਦੇਸ਼ ਸਿਰਫ਼ ਅੰਗਰੇਜਾਂ ਦੀ ਗੁਲਾਮੀ ਨੂੰ ਤਾਂ ਆਪਣੇ ਇਤਿਹਾਸ ਦਾ ਹਿੱਸਾ ਮੰਨਦਾ ਹੈ ਪਰ 900 ਸਾਲ ਤੋਂ ਵੱਧ ਦੀ ਮੁਗਲਾਂ ਦੀ ਗੁਲਾਮੀ ਬਾਰੇ ਮੌਨ ਹੋ ਜਾਂਦਾ ਹੈ। ਜਦਕਿ ਸਿੱਖ ਗੁਰੂਆਂ ਅਤੇ ਜਰਨੈਲਾਂ ਨੇ ਗੁਲਾਮੀ ਦੀਆਂ ਬੇੜੀਆਂ ਨੂੰ ਤੋੜ ਕੇ ਸਮੁੱਚੀ ਮਨੁੱਖਤਾ ਨੂੰ ਆਜ਼ਾਦੀ ਦੀ ਖੁਸ਼ਬੂ ਦਿੱਤੀ ਸੀ। ਜੀ.ਕੇ. ਨੇ ਪਹਿਲੇ ਵਿਸ਼ਵ ਯੁੱਧ ’ਚ ਸਿੱਖ ਫੌਜੀਆਂ ਵੱਲੋਂ ਅੰਗਰੇਜ਼ ਹਕੂਮਤ ਦੇ ਫੌਜੀਆਂ ਵੱਜੋਂ ਲੜੀਆਂ ਗਈਆਂ ਲੜਾਈਆਂ ਨੂੰ ਸਿੱਖ ਇਤਿਹਾਸ ਦੇ ਮਹਾਨ ਸਫ਼ਰ ਦਾ ਹਿੱਸਾ ਦੱਸਿਆ।
ਜਰਮਨੀ ਵੱਲੋਂ ਫਰਾਂਸ ’ਤੇ ਕਬਜਾ ਕਰਨ ਵਾਸਤੇ ਕੀਤੇ ਗਏ ਹਮਲੇ ਦਾ ਜਵਾਬ 100 ਸਾਲ ਪਹਿਲੇ ਸਿੱਖ ਫੌਜੀਆਂ ਵੱਲੋਂ ਕੀਤੇ ਜਾਣ ਦਾ ਵਿਖਾਵਾ ਕਰਨ ਵਾਲੀ ਸੱਜਣ ਸਿੰਘ ਰੰਗਰੂਟ ਫਿਲਮ ਨੂੰ ਬਣਾਉਣ ਵਾਲੀ ਪੂਰੀ ਟੀਮ ਦਾ ਧੰਨਵਾਦ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਵੱਡੇ ਫਿਲਮਕਾਰ ਅਜਿਹੇ ਮਸਲਿਆਂ ’ਤੇ ਫਿਲਮ ਬਣਾਉਣ ਤੋਂ ਕਿਨਾਰਾ ਕਰਦੇ ਹਨ। ਇਸ ਲਈ ਇਸ ਫਿਲਮ ਨੂੰ ਬਣਾਉਣ ਵਾਲਿਆਂ ਦੀ ਭਾਵਨਾਂ ਨੂੰ ਉਹ ਸਲਾਮ ਕਰਦੇ ਹਨ। ਸਿੱਖ ਫੌਜੀਆਂ ਨੇ 303 ਰਾਇਫਲ ਅਤੇ ਸੂਤੀ ਕਪੜਿਆਂ ਦੇ ਸਹਾਰੇ ਆਪਣੀ ਬਹਾਦਰੀ ਨਾਲ ਜਰਮਨੀ ਨੂੰ ਫਰਾਂਸ ’ਤੇ ਕਬਜਾ ਨਹੀਂ ਕਰਨ ਦਿੱਤਾ ਸੀ। ਮਤਲਬ ਪਗੜੀ ਵਾਲੇ ਸਿੱਖਾਂ ਨੇ ਫਰਾਂਸ ਦੀ ਆਜ਼ਾਦੀ ਨੂੰ ਬਹਾਲ ਰੱਖਣ ਵਾਸਤੇ ਆਪਣਾ ਖੂੰਨ ਡੋਲਿਆ ਸੀ।ਪਰ ਅਫਸੋਸ ਫਰਾਂਸ ’ਚ ਅੱਜ ਸਾਨੂੰ ਦਸਤਾਰ ’ਤੇ ਪਾਬੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜੀ.ਕੇ. ਨੇ ਇੱਕ ਕਦਮ ਹੋਰ ਅੱਗੇ ਵੱਧਦੇ ਹੋਏ ਕਿਹਾ ਕਿ ਜੇਕਰ ਯੂਰੋਪ ਦਾ ਵਜੂਦ ਅੱਜ ਕਾਇਮ ਹੈ ਤਾਂ ਸਿੱਖਾਂ ਦੀ ਕੁਰਬਾਨੀਆਂ ਕਰਕੇ ਹੈ। ਪਹਿਲੇ ਵਿਸ਼ਵ ਯੁੱਧ ਦੌਰਾਨ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਕੰਧ ਨੂੰ ਵਾਇਸਰਾਇ ਦੇ ਆਦੇਸ਼ ’ਤੇ ਢਾਹੇ ਜਾਣ ਦਾ ਫੁਰਮਾਨ ਅਖੰਡ ਕੀਰਤਨੀ ਜਥੇ ਦੇ ਬਾਨੀ ਭਾਈ ਰਣਧੀਰ ਸਿੰਘ ਅਤੇ ਸਿੱਖ ਫੌਜੀਆਂ ਦੇ ਜੱਜ਼ਬੇ ਕਰਕੇ ਅੰਗਰੇਜ਼ ਹਕੂਮਤ ਵੱਲੋਂ ਵਾਪਸ ਲਏ ਜਾਣ ਦਾ ਜੀ.ਕੇ. ਨੇ ਖੁਲਾਸਾ ਕੀਤਾ। ਜੀ.ਕੇ. ਨੇ ਦੱਸਿਆ ਕਿ ਸਿੱਖ ਰੈਜੀਮੈਂਟ ਨੇ ਅੰਗਰੇਜ਼ਾ ਨੂੰ ਸਾਫ਼ ਚੇਤਾਵਨੀ ਦੇ ਦਿੱਤੀ ਸੀ ਕਿ ਜੇਕਰ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਕੰਧ ਢਾਹੀ ਗਈ ਤਾਂ ਅਸੀਂ ਵਿਸ਼ਵ ਯੂੱਧ ਦੌਰਾਨ ਬ੍ਰਿਟਿਸ ਖੇਮੇ ਪਾਸੋਂ ਲੜਾਈ ਨਹੀਂ ਲੜਾਂਗੇ।
ਜੀ.ਕੇ. ਨੇ ਇਟਾਲੀਅਨ ਇਤਿਹਾਸਕਾਰ ਦੀ ਇੱਕ ਕਿਤਾਬ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸਿੱਖ ਫੌਜੀਆਂ ਨੇ ਇਟਾਲੀਅਨ ਫੌਜੀਆਂ ਨੂੰ ਯੁੱਧ ਬੰਦੀ ਬਣਾਉਣ ਦੇ ਬਾਵਜੂਦ ਜਿਸ ਚੰਗੇ ਢੰਗ ਨਾਲ ਉਨ੍ਹਾਂ ਦੀ ਸੇਵਾ ਕੀਤੀ, ਉਸਦੇ ਇਟਾਲੀਅਨ ਅੱਜ ਵੀ ਕਾਇਲ ਹਨ। ਦਿਲਜੀਤ ਨੇ ਦਿੱਲੀ ਕਮੇਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਉਨ੍ਹਾਂ ਨੂੰ ਇੱਥੇ ਆ ਕੇ ਬਹੁਤ ਚੰਗਾ ਲਗਿਆ ਹੈ ਅਤੇ ਸਿੱਖ ਇਤਿਹਾਸ ਬਾਰੇ ਉਨ੍ਹਾਂ ਦੀ ਜਾਣਕਾਰੀ ’ਚ ਵੀ ਵਾਧਾ ਹੋਇਆ ਹੈ। ਦਿੱਲੀ ਕਮੇਟੀ ਵੱਲੋਂ ਇਸ ਮੌਕੇ ਫਿਲਮ ਦੀ ਟੀਮ ਨੂੰ ਸ਼ਾਲ, ਨਾਨਕਸ਼ਾਹੀ ਸਿੱਕਾ ਅਤੇ ਇਤਿਹਾਸ ਦੀ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ।