ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਕੌਮ ਨੂੰ ਦੁਸ਼ਮਣਾਂ ਦੀਆਂ ਲੂੰਬੜ੍ਹ ਚਾਲਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਬੀਤੇ ਦਿਨੀਂ ਦਲਿਤ ਭਾਈਚਾਰੇ ਵੱਲੋਂ ਕੀਤੇ ਗਏ ਭਾਰਤ ਬੰਦ ਦੌਰਾਨ ਅੰਬਾਲਾ ਦੇ ਨੇੜ੍ਹੇ ਇੱਕ ਸਿੱਖ ਦੀ ਦਲਿਤਾਂ ਨਾਲ ਹੋਈ ਬੋਲਚਾਲ, ਦਿੱਲੀ ਵਿਧਾਨਸਭਾ ’ਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਅਕਾਲੀ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਵੱਲੋਂ ਸਿੱਖ ਇਤਿਹਾਸ ’ਚੋਂ ਦਿੱਤੇ ਗਏ ਹਵਾਲੇ ਨੂੰ ਨੌਟੰਕੀ ਦੱਸਣ ਅਤੇ ਨਾਮਧਾਰੀ ਆਗੂ ਦਲੀਪ ਸਿੰਘ ਵੱਲੋਂ ਸਿੱਖਾਂ ਨੂੰ ਹਿੰਦੂ ਦੱਸੇ ਜਾਣ ਦੀਆਂ ਸਾਹਮਣੇ ਆਈਆਂ ਘਟਨਾਵਾਂ ’ਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕੌਮ ਨੂੰ ਸਾਵਧਾਨ ਕੀਤਾ ਹੈ।
ਜੀ. ਕੇ. ਨੇ ਕਿਹਾ ਕਿ ਸਿੱਖਾਂ ਦੀ ਚੜ੍ਹਦੀਕਲਾ ਨੂੰ ਨਾ ਬਰਦਾਸ਼ਤ ਕਰਨ ਵਾਲੀਆਂ ਤਾਕਤਾਂ ਹੁਣ ਸਿੱਖਾਂ ਨੂੰ ਦਲਿਤਾਂ ਦੇ ਨਾਲ ਭਿੜਾਉਣ ਵਾਸਤੇ ਸਰਗਰਮ ਨਜ਼ਰ ਆ ਰਹੀਆਂ ਹਨ। ਜਿਸ ਤਰੀਕੇ ਨਾਲ ਸਿੱਖ ਦੀ ਦਲਿਤ ਭਾਈਚਾਰੇ ਦੇ ਲੋਕਾਂ ਨਾਲ ਹੋਈ ਸੰਖ਼ੇਪ ਗੱਲਬਾਤ ਨੂੰ ਦਲਿਤਾਂ ਖਿਲਾਫ਼ ਸਿੱਖਾਂ ਦੇ ਰੋਹ ਵੱਜੋਂ ਪੇਸ਼ ਕੀਤਾ ਗਿਆ, ਉਹ ਸਮਾਜਿਕ ਵੱਖਰੇਵੇਂ ਵਧਾਉਣ ਦੇ ਨਾਲ ਹੀ ਦਲਿਤ ਭਾਈਚਾਰੇ ਨੂੰ ਸਿੱਖਾਂ ਦੇ ਉਨ੍ਹਾਂ ਦੇ ਖਿਲਾਫ਼ ਹੋਣ ਦਾ ਸੁਨੇਹਾ ਦੇਣ ਵਾਲੀ ਸੀ।ਇਸੇ ਵਿਚਾਰਧਾਰਾ ਨੂੰ ਆਪ ਵਿਧਾਇਕਾਂ ਨੇ ਵੀ ਅੱਗੇ ਵਧਾਇਆ, ਨਾਲ ਹੀ ਇਸ ਸਾਰੀ ਮੁਹਿੰਮ ਮੌਕੇ ਵਿਧਾਨਸਭਾ ’ਚ ਬੈਠੇ ਆਪ ਦੇ 3 ਸਿੱਖ ਵਿਧਾਇਕਾਂ ਦਾ ਵਿਵਹਾਰ ਵੀ ਸਿੱਖ ਇਤਿਹਾਸ ਨੂੰ ਝੂੱਠਲਾਉਣ ਵਾਲੀਆਂ ਦੀ ਹਿਮਾਇਤ ਭਰਿਆ ਨਜ਼ਰ ਆਇਆ।
ਜੀ. ਕੇ. ਨੇ ਕਿਹਾ ਕਿ ਇੱਕ ਪਾਸੇ ਸਾਰੀ ਸਿੱਖ ਕੌਮ ਸਿੱਖਾਂ ਦੀ ਵੱਖਰੀ ਪਛਾਣ ਦੀ ਹਿਮਾਇਤੀ ਬਣਕੇ ਸੰਵਿਧਾਨ ਦੀ ਧਾਰਾ 25 ਬੀ ’ਚ ਸੋਧ ਨੂੰ ਜਰੂਰੀ ਮੰਨਦੀ ਹੈ ਪਰ ਇਸਦੇ ਉਲਟ ਨਾਮਧਾਰੀ ਆਗੂ ਦਲੀਪ ਸਿੰਘ ਸਿੱਖਾਂ ਨੂੰ ਜਬਰਦਸਤੀ ਹਿੰਦੂ ਸਾਬਿਤ ਕਰਨ ਵਾਸਤੇ ਸਰਗਰਮ ਨਜ਼ਰ ਆ ਰਹੇ ਹਨ। ਕਦੇ ਉਹ ਗੁਰਬਾਣੀ ’ਚ ਆਏ ਰਾਮ ਸ਼ਬਦ ਦੀ ਵਰਤੋਂ ਦਸ਼ਰਥ ਪੁੱਤਰ ਰਾਮ ਲਈ ਕਰਦੇ ਹਨ ਤੇ ਕਦੇ ਮੁਸਲਮਾਨਾਂ ਨੂੰ ਗੁਰਦੁਆਰਿਆਂ ਦਾ ਵਿਰੋਧੀ ਦੱਸ ਕੇ ਫਿਰਕੂ ਨਫ਼ਰਤ ਫੈਲਾਉਣ ਦਾ ਯਤਨ ਕਰਦੇ ਹਨ।
ਜੀ. ਕੇ. ਨੇ ਕਿਹਾ ਕਿ ਅੱਜ ਸਿੱਖ ਕੌਮ ਨੂੰ ਆਪਣਾ ਚੰਗਾ-ਬੁਰਾ ਸੋਚਣ ਵਾਸਤੇ ਬੌਧਿਕ ਪੱਧਰ ’ਤੇ ਵਿਚਾਰਣ ਦੀ ਲੋੜ ਹੈ। ਕਿਊਂਕਿ ਸਾਡੀ ਵੱਖਰੀ ਪਛਾਣ, ਵੱਖਰਾ ਗ੍ਰੰਥ ਅਤੇ ਸਰਬਤ ਦੇ ਭਲੇ ਦਾ ਸਿੰਧਾਂਤ ਬਾਕੀ ਸਾਰੇ ਧਰਮਾਂ ਤੋਂ ਸਾਨੂੰ ਵਿਲੱਖਣ ਵਿਚਾਰਧਾਰਕ ਰੂਪ ਦਿੰਦਾ ਹੈ। ਇਹੀ ਕਾਰਨ ਹਨ ਕਿ ਸਾਡੇ ਦੁਸ਼ਮਣ ਇੱਕ ਸੱਚੇ ਸਿੱਖ ਦੇ ਬਹੁਪੱਖੀ ਅਤੇ ਮਜਬੂਤ ਕਿਰਦਾਰ ਨੂੰ ਢਾਹ ਲਾਉਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ।