ਲਖਨਊ – ਬਸਪਾ ਮੁੱਖੀ ਮਾਇਆਵਤੀ ਨੇ ਕਿਹਾ ਕਿ ਦੋ ਅਪਰੈਲ ਨੂੰ ਭਾਰਤ ਬੰਦ ਦੀ ਸਫ਼ਲਤਾ ਨੂੰ ਵੇਖ ਕੇ ਬੀਜੇਪੀ ਡਰ ਗਈ ਹੈ। ਇਸ ਡਰ ਦੇ ਕਾਰਣ ਹੀ ਦਲਿਤ ਨੇਤਾਵਾਂ ਤੇ ਕੇਸ ਦਰਜ਼ ਹੋ ਰਹੇ ਹਨ। ਮਾਇਆਵਤੀ ਨੇ ਬੀਜੇਪੀ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਦਲਿਤਾਂ ਦੇ ਖਿਲਾਫ਼ ਬੇਵਜ੍ਹਾ ਕੇਸ ਦਰਜ਼ ਕਰਕੇ ਅੱਗ ਨਾਲ ਨਾ ਖੇਡੇ। ਬਸਪਾ ਮੁੱਖੀ ਦਲਿਤਾਂ ਵੱਲੋਂ ਸੁਪਰੀਮ ਕੋਰਟ ਦੇ ਫੈਂਸਲੇ ਦੇ ਵਿਰੁੱਧ ਭਾਰਤ ਬੰਦ ਦੀ ਸਫਲਤਾ ਤੋਂ ਬਹੁਤ ਉਤਸ਼ਾਹਿਤ ਹੈ।
ਭਾਰਤ ਬੰਦ ਦੌਰਾਨ ਹੋਈ ਹਿੰਸਾ ਦੇ ਬਾਵਜੂਦ ਵੀ ਬਸਪਾ ਮੁੱਖੀ ਇਸ ਨੂੰ ਸਫ਼ਲ ਕਰਾਰ ਦੇ ਰਹੀ ਹੈ। ਮੋਦੀ ਅਤੇ ਬੀਜੇਪੀ ਤੇ ਨਿਸ਼ਾਨਾ ਸਾਧਦੇ ਹੋਏ ਮਾਇਆਵਤੀ ਨੇ ਆਰੋਪ ਲਗਾਇਆ ਕਿ ਐਸਸੀ, ਐਸਟੀ ਐਕਟ ਵਿੱਚ ਬਦਲਾਅ ਦੇ ਖਿਲਾਫ਼ ਭਾਰਤ ਬੰਦ ਵਿੱਚ ਸ਼ਾਮਿਲ ਹੋਣ ਵਾਲੇ ਲੋਕਾਂ ਨੂੰ ਪੁਲਿਸ ਟਾਰਚਰ ਕਰ ਰਹੀ ਹੈ। ਦਲਿਤਾਂ ਤੇ ਅੱਤਿਆਚਾਰ ਕੀਤੇ ਜਾ ਰਹੇ ਹਨ। ਮਾਇਆਵਤੀ ਨੇ ਮੋਦੀ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਦੇਸ਼ ਵਿੱਚ ਐਮਰਜੈਂਸੀ ਤੋਂ ਵੀ ਵੱਧ ਖਰਾਬ ਹਾਲਾਤ ਹਨ।
ਉਨ੍ਹਾਂ ਨੇ ਕਿਹਾ ਕਿ ਭਾਰਤ ਬੰਦ ਨੇ ਭਾਜਪਾ ਨੂੰ ਪਰੇਸ਼ਾਨ ਕਰ ਦਿੱਤਾ ਹੈ। ਇਸ ਬੰਦ ਦੀ ਸਫ਼ਲਤਾ ਦੇ ਬਾਅਦ ਜਿਹੜੇ ਰਾਜਾਂ ਵਿੱਚ ਭਾਜਪਾ ਦੀਆਂ ਸਰਕਾਰਾਂ ਹਨ, ਉਥੇ ਦਲਿਤਾਂ ਤੇ ਜੁਲਮ ਕੀਤੇ ਜਾ ਰਹੇ ਹਨ। ਨਿਰਦੋਸ਼ ਦਲਿਤਾਂ ਅਤੇ ਉਨ੍ਹਾਂ ਦੇ ਪ੍ਰੀਵਾਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਦਲਿਤਾਂ ਤੇ ਅੱਤਿਆਚਾਰ ਬੰਦ ਹੋਣੇ ਚਾਹੀਦੇ ਹਨ।