ਲੁਧਿਆਣਾ – ਅੱਜ ਸਾਂਝਾ ਅਧਿਆਪਕ ਮੋਰਚਾ ਲੁਧਿਆਣਾ ਦੇ ਜ਼ਿਲ੍ਹਾ ਇਕਾਈ ਦੀ ਮੀਟਿੰਗ ਜਨਵਰੀ ਦਾ ਧਰਮ ਸਿੰਘ ਸੂਜਾਪੁਰ ਦੀ ਪ੍ਰਧਾਨਗੀ ਹੇਠ ਲੁਧਿਆਣਾ ਵਿਖੇ ਹੋਈ। ਮੀਟਿੰਗ ਵਿੱਚ 15 ਅਪਰੈਲ ਦੀ ਪਟਿਆਲਾ ਰੈਲੀ ਦੇ ਸਬੰਧ ਵਿੱਚ ਵਿਚਾਰ ਚਰਚਾ ਕੀਤੀ ਗਈ ਇਸ ਸਮੇਂ ਜ਼ਿਲ੍ਹਾ ਆਗੂਆਂ ਨੇ ਦੱਸਿਆ ਕਿ ਮਿਤੀ 25 ਮਾਰਚ ਨੂੰ ਲੁਧਿਆਣਾ ਵਿਖੇ ਕੀਤੀ ਰੈਲੀ ਤੋਂ ਬਾਅਦ ਲੁਧਿਆਣਾ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਦਫਤਰ ਨਾਲ ਸੰਪਰਕ ਕਰਕੇ ਅਧਿਆਪਕਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਨਿਸ਼ਚਿਤ ਕਰਵਾਈ ਗਈ ਸੀ,ਪਰ 2 ਅਪਰੈਲ ਨੂੰ ਮੁੱਖ ਮੰਤਰੀ ਵੱਲੋਂ ਅਧਿਆਪਕ ਜਥੇਬੰਦੀਆਂ ਨਾਲ ਵਾਅਦਾ ਖ਼ਿਲਾਫ਼ੀ ਕਰਦਿਆਂ ਮੀਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਜਿਸ ਦੇ ਰੋਸ ਵਜੋਂ ਅਧਿਆਪਕ ਜਥੇਬੰਦੀਆਂ ਵੱਲੋਂ ਤੁਰੰਤ ਚੰਡੀਗੜ੍ਹ ਵਿਖੇ ਮੀਟਿੰਗ ਕਰਕੇ 15 ਅਪਰੈਲ ਨੂੰ ਪਟਿਆਲਾ ਵਿਖੇ ਸੂਬਾ ਪੱਧਰੀ ਹੱਲਾ ਬੋਲ ਰੈਲੀ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਰੈਲੀ ਦੇ ਸਬੰਧ ਵਿੱਚ ਅੱਜ ਲੁਧਿਆਣਾ ਜ਼ਿਲ੍ਹੇ ਦੀਆਂ ਤਿਆਰੀਆਂ ਨੂੰ ਵਾਚਣ ਹਿੱਤ ਇਹ ਮੀਟਿੰਗ ਕੀਤੀ ਗਈ ਹੈ ।
ਇਸ ਸਮੇਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਲੰਮੇ ਸਮੇਂ ਤੋਂ ਅਧਿਆਪਕਾਂ ਦੀਆਂ ਹੱਕੀ ਅਤੇ ਵਾਜਬ ਮੰਗਾਂ ਜਿਨ੍ਹਾਂ ਵਿਚ ਵੱਖ ਵੱਖ ਸੁਸਾਇਟੀਆਂ ਵਿਚ ਕੰਮ ਕਰ ਰਹੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ 75% ਤੱਕ ਦੀ ਕਟੌਤੀ ਦੇ ਫੈਸਲੇ ਨੂੰ ਰੱਦ ਕਰਨਾ, ਵੱਖ ਵੱਖ ਕੈਟਾਗਰੀਆਂ ਅਧੀਨ ਸੋਸਾਇਟੀ ਠੇਕੇ ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਰੈਗੂਲਰ/ਸ਼ਿਫਟ ਕਰਨਾ ,ਅੱਠ ਸੌ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਰੱਦ ਕਰਨ, ਅਧਿਆਪਕਾਂ ਦੀਆਂ ਬਦਲੀਆਂ ਦਾ ਰਾਜਨੀਤੀਕਰਨ ਕਰਦਿਆਂ ਅਧਿਆਪਕਾਂ ਦੀ ਸੱਤ ਸਾਲ ਬਾਅਦ ਜਬਰੀ ਬਦਲੀ ਦੀ ਨੀਤੀ ਨੂੰ ਰੱਦ ਕਰਨ,ਸਿੱਖਿਆ ਵਿਰੋਧੀ ਰੈਸ਼ਨੇਲਾਈਜੇਸ਼ਨ ਨੀਤੀ ਜਿਸ ਵਿੱਚ ਪੰਜ ਜਮਾਤਾਂ ਵਾਲੇ ਪ੍ਰਾਇਮਰੀ ਸਕੂਲਾਂ ਵਿੱਚ ਦੋ ਅਧਿਆਪਕ ਅਤੇ ਹਾਈ ਅਤੇ ਮਿਡਲ ਸਕੂਲਾਂ ਵਿੱਚ ਵਿਸ਼ਾ ਵਾਰ ਅਧਿਆਪਕ ਦੀ ਥਾਂ ਤੇ ਹਿੰਦੀ ਵਿਸ਼ੇ ਦੇ ਅਧਿਆਪਕ ਤੋਂ ਪੰਜਾਬੀ ਜਾਂ ਸਮਾਜਿਕ ਵਿਸ਼ੇ ਦੇ ਅਧਿਆਪਕ ਤੋਂ ਅੰਗਰੇਜ਼ੀ ਪੜ੍ਹਾਉਣ ਜਿਹੀਆਂ ਗਲਤ ਨੀਤੀਆਂ ਨੂੰ ਰੱਦ ਕਰਵਾਉਣਾ ਆਦਿ ਸ਼ਾਮਲ ਹਨ ਦਾ ਕੋਈ ਵਾਜਿਬ ਹੱਲ ਕਰਨ ਅਤੇ ਅਧਿਆਪਕ ਜਥੇਬੰਦੀਆਂ ਨਾਲ ਇਨ੍ਹਾਂ ਮਸਲਿਆਂ ਤੇ ਵਿਚਾਰ ਵਟਾਂਦਰਾ ਕਰਨ ਤੋਂ ਲਗਾਤਾਰ ਭੱਜ ਰਹੀ ਹੈ ਅਤੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਡਾਂਗਾਂ ਅਤੇ ਜੇਲ੍ਹਾਂ ਦੇ ਜ਼ੋਰ ਨਾਲ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਉਨ੍ਹਾਂ ਦੱਸਿਆ ਕਿ ਸਰਕਾਰ ਦੀ ਇਸ ਧੱਕੇਸ਼ਾਹੀ ਕਾਰਨ ਲੁਧਿਆਣਾ ਜ਼ਿਲ੍ਹਾ ਦੇ ਸਮੂਹ ਅਧਿਆਪਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਇਸ ਧੱਕੇਸ਼ਾਹੀ ਦਾ ਵਿਰੋਧ ਕਰਨ ਲਈ ਲੁਧਿਆਣਾ ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿਚੋਂ ਵੱਡੀ ਗਿਣਤੀ ਵਿੱਚ ਅਧਿਆਪਕ ਰੈਲੀ ਵਿੱਚ ਸ਼ਮੂਲੀਅਤ ਕਰ ਰਹੇ ਹਨ । ਰੈਲੀ ਲਈ ਮੋਰਚੇ ਵੱਲੋਂ ਜ਼ਿਲ੍ਹੇ ਦੇ ਹਰ ਇੱਕ ਬਲਾਕ ਤੋਂ ਇੱਕ-ਇੱਕ ਵੱਖਰੀ ਬੱਸ ਲਿਜਾਣ ਦਾ ਫ਼ੈਸਲਾ ਕੀਤਾ ਗਿਆ ਹੈ ਜਿਸ ਦੇ ਲਈ ਵੱਖ ਵੱਖ ਬਲਾਕਾਂ ਦੀਆਂ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜੋ ਵੱਖ ਵੱਖ ਸਕੂਲਾਂ ਵਿੱਚ ਜਾ ਕੇ ਅਧਿਆਪਕਾਂ ਨੂੰ ਰੈਲੀ ਲਈ ਲਾਮਬੰਦ ਕਰਨਗੀਆ।
ਆਗੂਆਂ ਨੇ ਅੱਗੇ ਦੱਸਿਆ ਕਿ ਇਸ ਰੈਲੀ ਦੀ ਤਿਆਰੀ ਹਿੱਤ ਜ਼ਿਲ੍ਹੇ ਵਿੱਚ ਸਾਂਝੀ ਫੰਡ ਮੁਹਿੰਮ ਆਰੰਭੀ ਗਈ ਹੈ ਜਿਸਦਾ ਹੈ ਤਾਂ ਅਧਿਆਪਕਾਂ ਵੱਲੋਂ ਸਾਂਝੇ ਤੌਰ ਤੇ ਸੰਘਰਸ਼ ਲਈ ਫੰਡ ਇਕੱਤਰ ਕੀਤਾ ਜਾਵੇਗਾ ਇਸ ਸਮੇਂ ਚੌਦਾਂ ਅਪਰੈਲ ਦੀ ਹੱਲਾ ਬੋਲੀ ਦੇ ਸਬੰਧ ਵਿਚ ਪੋਸਟਰ ਜਾਰੀ ਕੀਤਾ ਗਿਆ ।ਮੀਟਿੰਗ ਵਿੱਚ ਹਾਜ਼ਰ ਸਮੂਹ ਆਗੂਆਂ ਨੇ ਜ਼ਿਲ੍ਹੇ ਦੇ ਸਮੂਹ ਅਧਿਆਪਕਾਂ ਨੂੰ 15 ਅਪਰੈਲ ਦੀ ਰੈਲੀ ਵਿੱਚ ਪਰਿਵਾਰਾਂ ਸਮੇਤ ਭਰਵੀਂ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ।
ਇਸ ਮੌਕੇ ਸ਼ਿੰਗਾਰਾ ਸਿੰਘ, ਪ੍ਰਵੀਨ ਕੁਮਾਰ ,ਹਰਮਿੰਦਰ ਸਿੰਘ, ਰਾਜਵੀਰ ਸਿੰਘ ਸਮਰਾਲਾ, ਅਰੁਣ ਕੁਮਾਰ, ਮਨਜਿੰਦਰ ਸਿੰਘ ,ਰਾਕੇਸ਼ ਕੁਮਾਰ ,ਗੁਰਪ੍ਰੀਤ ਸਿੰਘ, ਰਣਜੀਤ ਸਿੰਘ, ਸੁਖਦੇਵ ਸਿੰਘ, ਮਨਰਾਜ ਸਿੰਘ, ਤਰਨਜੀਤ ਸਿੰਘ, ਰੁਪਿੰਦਰਪਾਲ ਸਿੰਘ ਗਿੱਲ, ਪ੍ਰਭਜੀਤ ਸਿੰਘ ਆਦਿ ਅਧਿਆਪਕ ਆਗੂ ਹਾਜ਼ਰ ਸਨ