ਚੰਡੀਗੜ੍ਹ – ਸਾਬਕਾ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਇਸ ਸਮੇਂ ਦੇਸ਼ ਦੀ ਰਾਜਨੀਤਕ ਭਾਸ਼ਾ ਵਿੱਚ ਖਤਰਨਾਕ ਅਤੇ ਝੂਠ ਦਾ ਮਿਸ਼ਰਣ ਉਭਰ ਰਿਹਾ ਹੈ, ਜੋ ਕਿ ਲੋਕਤੰਤਰ ਦੇ ਲਈ ਖਤਰਾ ਪੈਦਾ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਚੋਣ ਸਿਸਟਮ ਨੂੰ ਧੰਨ ਅਤੇ ਤਾਕਤ ਦੇ ਜੋਰ ਨਾਲ ਪ੍ਰਭਾਵਿਤ ਕੀਤਾ ਜਾ ਰਿਹਾ ਹੈ। ਨਿਜੀ ਸਵਾਰਥ ਲਈ ਚੋਣ ਕਮਿਸ਼ਨ ਵਰਗੀਆਂ ਲੋਕਤੰਤਰਰਿਕ ਸੰਸਥਾਵਾਂ ਨੂੰ ਵੀ ਨਹੀਂ ਬਖਸਿ਼ਆ ਜਾ ਰਿਹਾ। ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਵਿੱਚ ਸਮੇਂ ਰਹਿੰਦੇ ਸੁਧਾਰ ਕਰਨ ਦੀ ਬਹੁਤ ਜਰੂਰਤ ਹੈ।
ਪੰਜਾਬ ਯੂਨੀਵਰਿਸਟੀ ਵਿੱਚ ਉਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਭਾਈਚਾਰਾ, ਸਮਾਨਤਾ, ਆਜ਼ਾਦੀ ਅਤੇ ਚੋਣ ਪ੍ਰਕਿਰਿਆ ਲੋਕਤੰਤਰ ਦੇ ਮੁੱਖ ਸਤੰਭ ਹਨ। ਅੱਜ ਰਾਜਨੀਤਕ ਪਾਰਟੀਆਂ ਇਸ ਸਤੰਭ ਨੂੰ ਹੀ ਨੁਕਸਾਨ ਪਹੁੰਚਾ ਰਹੀਆਂ ਹਨ। ਲੋਕਤੰਤਰਿਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਚੋਣ ਪ੍ਰਕਿਰਿਆ ਵਿੱਚ ਸੁਧਾਰ ਲਿਆਉਣਾ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਘੱਟ ਗਿਣਤੀਆਂ ਅਤੇ ਦਲਿਤ ਸਮਾਜ ਦੇ ਲੋਕਾਂ ਤੇ ਅੱਤਿਆਚਾਰ ਵੱਧ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਵੰਡਣ ਵਾਲੀਆਂ ਨੀਤੀਆਂ ਅਤੇ ਤਾਕਤਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਆਪਣੇ 20 ਮਿੰਟ ਦੇ ਭਾਸ਼ਣ ਵਿੱਚ ਉਨ੍ਹਾਂ ਨੇ ਤਿੰਨ ਵਾਰ ਡਾ. ਅੰਬੇਦਕਰ ਦਾ ਨਾਮ ਲੈ ਕੇ ਕਿਹਾ ਕਿ ਲੋਕਤੰਤਰ ਵਿੱਚ ਨਾ ਕੇਵਲ ਸਮਾਨ ਰੂਪ ਵਿੱਚ ਸੱਭ ਭਾਈਵਾਲ ਹੋਣ, ਬਲਿਕ ਸੱਭ ਨੂੰ ਆਪਣੀ ਗੱਲ ਰੱਖਣ ਦਾ ਵੀ ਅਧਿਕਾਰ ਹੋਣਾ ਚਾਹੀਦਾ ਹੈ। ਸਰਕਾਰ ਸਦਾ ਜਨਤਾ ਦੁਆਰਾ ਅਤੇ ਜਨਤਾ ਦੇ ਲਈ ਹੁੰਦੀ ਹੈ।
ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਵਿਅਕਤੀਗਤ ਵਿਚਾਰਾਂ ਅਤੇ ਸੋਚ ਤੋਂ ਉਪਰ ਰੱਖਣਾ ਚਾਹੀਦਾ ਹੈ। ਲੋਕਤੰਤਰ ਵਿੱਚ ਸੱਭ ਨੂੰ ਆਜ਼ਾਦੀ ਮਿਲਣੀ ਚਾਹੀਦੀ ਹੈ। ਕਿਸੇ ਵੀ ਇੱਕ ਵਿਅਕਤੀ ਜਾਂ ਸਮੂੰਹ ਦੀ ਆਜ਼ਾਦੀ ਨਾਲ ਦੂਸਰਿਆਂ ਦੇ ਅਧਿਕਾਰਾਂ ਨੂੰ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ।