ਰਹਿ ਗਈ ਹੁਣ ਵਿਸਾਖੀ ਲਗਦਾ ਵਿੱਚ ਕਵਿਤਾਵਾਂ ਦੇ,
ਜਾਂ ਫਿਰ ਵਿੱਚ ਗੀਤਾਂ ਦੇ ਜਾਂ ਫਿਰ ਵਿੱਚ ਹਾਵਾਂ ਦੇ।
ਲਾਵੇ ਜੱਟ ਦਮਾਮੇ ਅੱਜਕਲ ਕਵਿਤਾਵਾਂ ਵਿੱਚ ਹੀ,
ਮੈਨੂੰ ਲੱਗੇ ਵਿਸਾਖੀ ਰਹਿਗੀ ਸਹਿਤ ਸਭਾਵਾਂ ਵਿੱਚ ਹੀ।
ਭੰਗੜੇ ਗਿੱਧੇ ਦੇ ਲਗਦਾ ਸਭ ਹੁਣ ਤਾਂ ਗੱਲ ਪੁਰਾਣੀ ਹੋ ਗਏ,
ਨਚਦੇ ਸੀ ਜੋ ਮਿਲਕੇ ਲਗਦਾ ਵੱਖ ਉਹ ਹਾਣੀ ਹੋ ਗਏ।
ਕੌਣ ਸਮਾਉਂਦਾ ਕੁੜਤੇ ਅੱਜਕਲ ਕੌਣ ਚਾਦਰੇ ਲਾਉਂਦਾ ਜੀ ,
ਕੌਣ ਲਗਾਉਂਦਾ ਉੱਚੀਆਂ ਹੇਕਾਂ ਕੌਣ ਧਮਾਲਾਂ ਪਾਉਂਦਾ ਜੀ।
ਡਿੱਠੇ ਨਾ ਮੈਂ ਸੱਜ ਧੱਜ ਮੇਲੇ ਜਾਂਦੇ ਹੁਣ ਤਾਂ ਬਾਲ ਨਿਆਣੇ ਜੀ,
ਪਹਿਲਾਂ ਹੁੰਦੀ ਵਿਸਾਖੀ ਇੰਜ ਸੀ ਗੱਲਾਂ ਕਰਨ ਸਿਆਣੇ ਜੀ।
ਮੇਲੇ ਲਗਦਾ ਰਹਿ ਗਏ ਹੁਣ ਯਾਦਗਾਰੀ ਤਸਵੀਰਾਂ ਵਿੱਚ,
ਹੁਣ ਤਾਂ ਜ਼ਿਕਰ ਹੀ ਹੁੰਦੇ ਨੇ ਬੱਸ ਕਵਿਤਾਵਾਂ ਤਕਰੀਰਾਂ ਵਿੱਚ।
ਕੁਝ ਮੋਬਾਇਲਾਂ ਤੇ ਕੁਝ ਕੇਬਲ ਨੇ ਮੇਲੇ ਮਾਰ ਮੁਕਾ ਦਿੱਤੇ,
ਰਲ ਮਿਲ ਨਚਣ ਖੇਡਣ ਦੇ ਸਭ ਮੌਕੇ ਜਿਵੇਂ ਮਿਟਾ ਦਿੱਤੇ।