ਅੰਮ੍ਰਿਤਸਰ – ਦਮਦਮੀ ਟਕਸਾਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵਿਵਾਦਿਤ ਫਿਲਮ ’ਨਾਨਕ ਸ਼ਾਹ ਫਕੀਰ’ ’ਤੇ ਰੋਕ ਲਾਉਣ ਅਤੇ ਉਸ ਦੇ ਨਿਰਮਾਤਾ ਨੂੰ ਪੰਥ ਵਿੱਚੋਂ ਖਾਰਜ ਕਰਨ ਪ੍ਰਤੀ ਲਏ ਗਏ ਸਖ਼ਤ ਫੈਸਲਿਆਂ ਦੀ ਹਮਾਇਤ ਦਾ ਐਲਾਨ ਕੀਤਾ ਹੈ।
ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਨੇ ਉਕਤ ਫੈਸਲਾ ਲੈਂਦਿਆਂ ਸਮੁੱਚੀ ਕੌਮ ਦੇ ਮਾਨਸਿਕਤਾ ਅਤੇ ਜਜਬਾਤਾਂ ਦੀ ਤਰਜਮਾਨੀ ਕੀਤੀ ਹੈ ਅਤੇ ਸਿੱਖ ਕੌਮ ਦੇ ਵਿਸ਼ਵਾਸ ਨੂੰ ਬਹਾਲ ਰੱਖਿਆ ਹੈ।ਉਹਨਾਂ ਇਹ ਵੀ ਕਿਹਾ ਕਿ ਜਿਨ੍ਹਾਂ ਵੱਲੋਂ ਉਕਤ ਫਿਲਮ ਪ੍ਰਤੀ ਕੌਮੀ ਜਜਬਾਤਾਂ ਦੇ ਉਲਟ ਗਲਤ ਭੂਮਿਕਾ ਨਿਭਾਈ ਉਹਨਾਂ ਪ੍ਰਤੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਸੁਪਰੀਮ ਕੋਰਟ ਵੱਲੋਂ ਉਕਤ ਫਿਲਮ ਨੂੰ ਰਿਲੀਜ਼ ਕਰਨ ਦੀ ਆਗਿਆ ਦੇਣ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਉ¤ਚ ਅਦਾਲਤਾਂ ਅਤੇ ਸਰਕਾਰਾਂ ਨੂੰ ਸਿੱਖ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਿੱਖ ਸਿਧਾਂਤਾਂ ਨਾਲ ਖਿਲਵਾੜ ਕਰਨ ਵਾਲੀ ਫਿਲਮ ਨੂੰ ਸਿੱਖ ਪੰਥ ਕਿਸੇ ਵੀ ਹਾਲਤ ’ਚ ਚਲਨ ਨਹੀਂ ਦੇਵੇਗੀ ਅਤੇ ਸਖ਼ਤ ਵਿਰੋਧ ਕਰੇਗੀ। ਉਹਨਾਂ ਕਿਹਾ ਕਿ ਗੁਰੂ ਸਾਹਿਬਾਨ ਜਾਂ ਉਹਨਾਂ ਦੇ ਸਤਿਕਾਰਯੋਗ ਪਰਿਵਾਰਕ ਮੈਂਬਰਾਂ ਦੇ ਕਿਰਦਾਰ ਨਿਭਾਉਣ ਦੇ ਗਲਤ ਰੁਝਾਨ ਅਤੇ ਸਿੱਖ ਸਿਧਾਂਤਾਂ ਨਾਲ ਖਿਲਵਾੜ ਕਰਦੀਆਂ ਅਜਿਹੀਆਂ ਫਿਲਮਾਂ ਪ੍ਰਤੀ ਕੌਮ ਨੂੰ ਸਖ਼ਤ ਸਟੈਂਡ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਫਿਲਮ ਦੇ ਰਿਲੀਜ਼ ਹੋਣ ’ਤੇ ਨਿਕਲਣ ਵਾਲੇ ਗੰਭੀਰ ਸਿੱਟਿਆਂ ਲਈ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਇਲਾਵਾ ਖੁਦ ਫਿਲਮ ਨਿਰਦੇਸ਼ਕ ਜ਼ਿੰਮੇਵਾਰ ਹੋਵੇਗਾ। ਇਸ ਮੌਕੇ ਜਥੇਦਾਰ ਬਾਬਾ ਅਜੀਤ ਸਿੰਘ, ਬਾਬਾ ਨਿਰਵੈਰ ਸਿੰਘ, ਜਥੇ: ਜਰਨੈਲ ਸਿੰਘ, ਬਾਬਾ ਕੁੰਦਨ ਸਿੰਘ, ਬਾਬਾ ਜਗੀਰ ਸਿੰਘ, ਭਾਈ ਪ੍ਰਨਾਮ ਸਿੰਘ, ਭਾਈ ਸਤਨਾਮ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਨਿਰਮਲ ਸਿੰਘ, ਭਾਈ ਪ੍ਰਭਜੀਤ ਸਿੰਘ ਅਤੇ ਪ੍ਰੋ: ਸਰਚਾਂਦ ਸਿੰਘ ਵੀ ਮੌਜੂਦ ਸਨ।