ਫ਼ਤਹਿਗੜ੍ਹ ਸਾਹਿਬ – “ਬੀਤੇ ਦਿਨੀਂ ਅਖ਼ਬਾਰਾਂ ਤੇ ਪ੍ਰੈਸ ਰਾਹੀ ਜੋ ਸਾਨੂੰ ਸਾਬਕਾ ਜਥੇਦਾਰ ਰਣਜੀਤ ਸਿੰਘ ਅਤੇ ਬਾਬਾ ਸਰਬਜੋਤ ਸਿੰਘ ਬੇਦੀ ਜੀ ਦੀ ਅਗਵਾਈ ਵਿਚ ਜੋ ਨਵਾਂ ਪੰਥਕ ਦਲ ਬਣਨ ਦੀ ਸੰਭਾਵਨਾ ਬਾਰੇ ਜਾਣਕਾਰੀ ਮਿਲੀ ਹੈ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸਦਾ ਜਿਥੇ ਸਵਾਗਤ ਕਰਦਾ ਹੈ, ਉਥੇ ਬਾਬਾ ਬੇਦੀ ਜੀ ਅਤੇ ਸਾਬਕਾ ਜਥੇਦਾਰ ਰਣਜੀਤ ਸਿੰਘ ਜੀ ਅਤੇ ਹੋਰ ਸੰਬੰਧਤ ਆਗੂਆਂ ਨੂੰ ਇਹ ਜੋਰਦਾਰ ਅਪੀਲ ਕਰਨੀ ਚਾਹਵੇਗਾ ਕਿ ਇਸ ਨਵੇਂ ਬਣਨ ਜਾ ਰਹੇ ਦਲ ਦੇ ਮੁੱਖ ਮਕਸਦ 1978 ਦੇ ਨਿਰੰਕਾਰੀ ਕਾਂਡ ਦੇ ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ, ਸਿੱਖ ਨਸ਼ਲਕੁਸੀ ਅਤੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ, 2013 ‘ਚ ਗੁਜਰਾਤ ਵਿਚ 60 ਹਜ਼ਾਰ ਸਿੱਖ ਜਿੰਮੀਦਾਰਾਂ ਨੂੰ ਜੋ ਮੋਦੀ ਹਕੂਮਤ ਵੱਲੋਂ ਉਜਾੜਿਆ ਗਿਆ ਸੀ, ਉਨ੍ਹਾਂ ਦੇ ਮੁੜ ਵਸੇਬੇ, 2015 ਵਿਚ ਬਰਗਾੜੀ ਕਾਂਡ ਦੌਰਾਨ ਸ਼ਹੀਦ ਹੋਏ ਸਿੰਘਾਂ ਦੇ ਕਾਤਲਾਂ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ, ਬੰਦੀ ਸਿੰਘਾਂ ਦੀ ਰਿਹਾਈ ਆਦਿ ਮੁਸ਼ਕਿਲਾਂ ਤੇ ਮੁੱਦਿਆ ਨੂੰ ਹੱਲ ਕਰਵਾਉਣ ਉਤੇ ਕੇਦਰਿਤ ਰਹਿਣ ਅਤੇ ਸਮੁੱਚੇ ਪੰਥਕ ਦਲਾਂ ਨੂੰ ਕੌਮੀ ਮਿਸ਼ਨ ਲਈ ਇਕ ਪਲੇਟਫਾਰਮ ਤੇ ਇਕੱਤਰ ਕਰਨ ਵਿਚ ਯੋਗਦਾਨ ਪਾਉਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਬਾ ਸਰਬਜੋਤ ਸਿੰਘ ਬੇਦੀ ਦੀ ਚੇਅਰਮੈਨਸਿਪ ਹੇਠ ਆਉਣ ਵਾਲੇ ਦਿਨਾਂ ਵਿਚ ਨਵੇਂ ਬਣਨ ਜਾ ਰਹੇ ਪੰਥਕ ਦਲ ਦੀ ਮਿਲੀ ਜਾਣਕਾਰੀ ਉਤੇ ਆਪਣੇ ਵਿਚਾਰ ਜ਼ਾਹਰ ਕਰਦੇ ਹੋਏ ਅਤੇ ਇਨ੍ਹਾਂ ਆਗੂਆਂ ਨੂੰ ਗੰਭੀਰ ਪੰਥਕ ਮੁੱਦਿਆ ਉਤੇ ਕੇਦਰਿਤ ਰਹਿਣ ਅਤੇ 14 ਅਪ੍ਰੈਲ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਮੁੱਚੇ ਖ਼ਾਲਸਾ ਪੰਥ ਵੱਲੋਂ ਮਨਾਏ ਜਾ ਰਹੇ ਕੌਮੀ ਦਿਹਾੜੇ ਉਤੇ ਖੁਦ ਅਤੇ ਆਪਣੀਆ ਸੰਗਤਾਂ ਨੂੰ ਨਾਲ ਲੈਕੇ ਪਹੁੰਚਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਬਾਬਾ ਸਰਬਜੋਤ ਸਿੰਘ ਬੇਦੀ ਅਤੇ ਦੂਸਰੇ ਆਗੂ ਆਪਣੀਆ ਗਤੀਵਿਧੀਆਂ ਅਤੇ ਸਰਗਰਮੀਆ ਨੂੰ ਵਧਾਉਦੇ ਹੋਏ ਜਿਥੇ ਉਪਰੋਕਤ ਪੰਥਕ ਮੁੱਦਿਆ ਨੂੰ ਮੁੱਖ ਰੱਖਣਗੇ, ਉਥੇ ਵਿਚਾਰਾਂ ਦੇ ਛੋਟੇ-ਮੋਟੇ ਵੱਖਰੇਵੇ ਹੋਣ ਦੇ ਬਾਵਜੂਦ ਵੀ ਵਿਸਾਖੀ ਦੇ ਮਹਾਨ ਦਿਹਾੜੇ ‘ਤੇ ਕੌਮੀ ਸ਼ਕਤੀ ਵਿਚ ਯੋਗਦਾਨ ਪਾਉਣਗੇ ।