ਵਿਸ਼ਵ ਦੇ ਹਰ ਦੇਸ਼ ਵਿਚ ਪ੍ਰੇਮ-ਕਹਾਣੀਆਂ ਬਹੁਤ ਲੋਕ ਪ੍ਰਿਯ ਹਨ। ਪੰਜਾਬ ਵਿਚ ਹੀਰ-ਰਾਂਝਾ, ਮਿਰਜਾ-ਸਾਹਿਬਾ, ਸੋਹਣੀ-ਮਹੀਵਾਲ ਅਤੇ ਸੱਸੀ-ਪੁੰਨੂ ਦਾ ਬਹੁਤ ਗੁਣਗਾਨ ਹੁੰਦਾ ਹੈ। ਇਨ੍ਹਾਂ ਉੱਤੇ ਸਾਹਿਤਕਾਰਾਂ, ਕਵੀਆਂ ਆਦਿ ਨੇ ਭਰਪੂਰ ਸਾਹਿਤ ਰਚਿਆ ਹੈ। ਬਚਾ-ਬਚਾ ਇਨ੍ਹਾਂ ਪ੍ਰੇਮ ਕਹਾਣੀਆਂ ਬਾਰੇ ਜਾਣਕਾਰੀ ਰਖਦਾ ਹੈ। ਚਾਹੇ ਉਸ ਨੂੰ ਆਪਣੇ ਦੇਸ਼ ਦੇ ਆਜ਼ਾਦੀ ਘੁਲਾਟੀਏ ਚਿੰਤਕਾਂ, ਸਾਇੰਸਦਾਨਾਂ, ਖੋਜੀਆਂ ਆਦਿ ਦੇ ਨਾਂ ਵੀ ਨਾ ਪਤਾ ਹੋਣ। ਵੱਖੋ-ਵੱਖ ਮਾਹਰਾਂ ਨੇ ਜੀਵਨ-ਕਾਲ ਨੂੰ 4, 8 ਜਾਂ 12 ਹਿੱਸਿਆਂ ਵਿਚ ਵੰਡਿਆ ਹੈ। ਭਾਰਤ ਵਿਚ ਆਮ ਤੌਰ ’ਤੇ 4 ਭਾਗ ਮੰਨੇ ਜਾਂਦੇ ਹਨ। ਹਰ ਇਕ ਭਾਗ ਵਿਚ ਵਿਕਾਸ ਦੇ ਟੀਚੇ ਹੁੰਦੇ ਹਨ, ਜੋ ਲਗਭਗ ਹਰ ਥਾਂ ਇਕਸਾਰ ਹੁੰਦੇ ਹਨ।
ਇਹ ਹਥਲਾ ਲੇਖ 16 ਸਾਲ ਤੋਂ 23 ਸਾਲ ਦੇ ਲੜਕੇ ਅਤੇ ਲੜਕੀਆਂ ਨੂੰ ਸੇਧ ਦੇਣ ਨੂੰ ਲਿਖਿਆ ਹੈ। ਜੀਵਨ-ਕਾਲ ਦਾ ਇਹ ਭਾਗ ਬਹੁਤ ਨਾਜਕ ਹੈ। ਇਸ ਵੇਲੇ ਹਾਰਮੋਨਜ਼ ਦੀ ਸੰਖਿਆ ਵਧਦੀ ਹੈ। ਸਰੀਰਕ ਅਤੇ ਭਾਵਨਾਤਮਕ ਤਬਦੀਲੀਆਂ ਆਉਂਦੀਆਂ ਹਨ। ਦਿਮਾਗ਼ ਦਾ ਪੂਰਾ ਵਿਕਾਸ ਨਹੀਂ ਹੋਇਆ ਹੁੰਦਾ। ਤਜ਼ਰਬੇ ਦੀ ਘਾਟ ਹੁੰਦੀ ਹੈ। ਵਤੀਰੇ ਵਿਚ ਕੱਚਾਪਨ ਹੁੰਦਾ ਹੈ। ਆਪਣੀ ਹੋਂਦ ਬਾਰੇ ਸੋਚਦਾ ਹੈ। ਸਵਤੰਤਰ ਹੋਣਾ ਚਾਹੁੰਦਾ ਹੈ। ਮਾਪਿਆਂ ਤੋਂ ਵੱਧ ਦੋਸਤਾਂ ਉਤੇ ਵਿਸ਼ਵਾਸ਼ ਕਰਦਾ ਹੈ, ਮਸਤ ਰਹਿੰਦਾ ਹੈ।
ਇਸ ਉਮਰ ਗੁਟ ਵਿਚ ਪੜ੍ਹਾਈ ਅਤੇ ਕਿਤੇ ਲਈ ਤਿਆਰੀ ਕਰਨੀ ਹੁੰਦੀ ਹੈ। ਆਉਣ ਵਾਲੇ ਜੀਵਨ ਦਾ ਢਾਂਚਾ ਬਨਾਉਣਾ ਹੁੰਦਾ ਹੈ। ਆਪਣੀ ਮੰਜ਼ਿਲ ਤਹਿ ਕਰਨੀ ਹੁੰਦੀ ਹੈ ਅਤੇ ਉਸ ਉੱਤੇ ਪਹੁੰਚਣ ਲਈ ਸਖਤ ਮਿਹਨਤ ਅਤੇ ਲਗਨ ਨਾਲ ਸੰਭਵ ਯਤਨ ਕਰਨਾ ਹੁੰਦਾ ਹੈ। ਇਸ ਉਮਰ ਵਿਚ ਸੈਕਸ ਹਾਵੀ ਹੋ ਜਾਂਦਾ ਹੈ। ਪ੍ਰੇਮ-ਕਹਾਣੀਆਂ ਦਾ ਪ੍ਰਚਾਰ ਇਨ੍ਹਾਂ ਉੱਤੇ ਮਾਰੂ ਅਸਰ ਕਰਦਾ ਹੈ। ਪ੍ਰੇਮ ਨੂੰ ਰੱਬ ਦੀ ਕਿਰਪਾ ਕਿਹਾ ਗਿਆ ਹੈ ਅਤੇ ਪ੍ਰੇਮ ਕਰਨ ਵਾਲੇ ਰੱਬ ਦੇ ਪਿਆਰੇ ਹੁੰਦੇ ਹਨ ਆਦਿ ਪ੍ਰੇਮੀਆਂ ਦੀਆਂ ਯਾਦਾਂ ਦੇ ਮੰਜਾਰ ਹੁੰਦੇ ਹਨ। ਆਮ ਲੋਕ ਇਨ੍ਹਾਂ ਉੱਤੇ ਮੱਕਾ ਟੇਕਦੇ ਹਨ। ਇਨ੍ਹਾਂ ਦੀਆਂ ਫੋਟੋਆਂ ਘਰ ਦੇ ਡਰਾਇੰਗ ਰੂਮ ਦਾ ਸਿੰਗਾਰ ਹੁੰਦੀਆਂ ਹਨ। ਕੁਝ ਉੱਤੇ ਇਹ ਮਾਰੂ ਅਸਰ ਕਰਦੀਆਂ ਹਨ। ਆਪਣੀ ਅਸਲੀ ਮੰਜ਼ਿਲ ਤੋਂ ਭਟਕ ਜਾਂਦੇ ਹਨ ਅਤੇ ਪ੍ਰੇਮ ਦੇ ਚੱਕਰ ਵਿਚ ਪੈ ਜਾਂਦੇ ਹਨ। ਅਸਲ ਵਿਚ ਇਸ ਉਮਰ ਦੇ ਬੱਚਿਆਂ ਲਈ ਪ੍ਰੇਮ ਇਕ ਭਰਮ ਹੈ। ਸਾਹਿਤਕਾਰ ਕਵੀ ਆਦਿ ਜਿਨ੍ਹਾਂ ਨੇ ਇਹ ਸਾਹਿਤ ਰਚਿਆ ਹੈ। ਆਪਣੇ ਬੱਚਿਆਂ ਨੂੰ ਹੀਰ ਰਾਂਝਾ ਨਹੀਂ ਬਨਾਉਂਦੇ। ਲੇਖਕ ਨੇ ਕਦੇ ਕੋਈ ਹੀਰ ਨਾਂ ਦੀ ਲੜਕੀ ਅਤੇ ਰਾਂਝਾ ਨਾਮ ਦਾ ਲੜਕਾ ਨਹੀਂ ਮਿਲਿਆ। ਹੋਰਨਾਂ ਦੇ ਬੱਚਿਆਂ ਦੀਆਂ ਪ੍ਰੇਮ ਕਹਾਣੀਆਂ ਚੰਗੀਆਂ ਲਗਦੀਆਂ ਹਨ।
ਲੇਖਕ ਨੇ ਕਈ ਦਹਾਕੇ ਪਹਿਲਾਂ ਇਕ ਰੇਡੀਓ ਨਾਟਕ ਸੁਣਿਆ ਸੀ। ਉਸ ਨਾਟਕ ਵਿਚ ਵਾਰਸ਼ਾਹ ਜੀ ਆਪਣਾ ਕਿੱਸਾ ਪੂਰਾ ਹੋਣ ਉੱਤੇ ਰੱਬ ਅੱਗੇ ਅਰਦਾਸ ਕਰਦੇ ਹਨ ਕਿ ਮੈਂ ਤੁਹਾਡੀ ਕਿਰਪਾ ਨਾਲ ਏਨਾ ਵੱਡਾ ਗ੍ਰੰਥ ਪੂਰਾ ਕਰ ਸਕਿਆ ਹਾਂ।
ਉਸੇ ਸਮੇਂ ਪਿੰਡ ਦਾ ਕੋਈ ਵਿਅਕਤੀ ਦੌੜਦਾ ਹੋਇਆ ਵਾਰਸ਼ਾਹ ਕੋਲ ਆਉਂਦਾ ਹੈ ਅਤੇ ਦਸਦਾ ਹੈ ਕਿ ਵਾਰਸ ਜੀ ਤੁਹਾਡੀ ਲੜਕੀ ਪਿੰਡ ਦੇ ਇਕ ਮੁੰਡੇ ਨਾਲ ਨੱਸ ਗਈ ਹੈ। ਡਰਾਮੇ ਵਿਚ ਵਾਰਸ਼ ਸ਼ਾਹ ਨੂੰ ਰੋਂਦਾ, ਕਲਪਦਾ ਦਿਖਾਇਆ ਗਿਆ ਹੈ ਅਤੇ ਚੀਕਾਂ ਮਾਰ-ਮਾਰ ਕੇ ਕਹਿ ਰਿਹਾ ਹੈ, ਮੈਂ ਤਾਂ ਕੱਖ ਦਾ ਵੀ ਨਹੀਂ ਰਿਹਾ।
ਪੰਜਾਬ ਦੀ ਪ੍ਰਸਿੱਧ ਪ੍ਰੇਮ ਕਹਾਣੀਆਂ ਕੀ ਸੁਨੇਹਾ ਦੇ ਰਹੀਆਂ ਹਨ :
1. ਹੀਰ ਰਾਂਝਾ : ਰਾਂਝਾ ਕਿਸੇ ਉਸਾਰੂ ਕੰਮ ਕਰਨ ਦੀ ਥਾਂ ਡੰਗਰ ਚਾਰਦਾ ਹੈ। ਹੀਰ ਫਿਰ ਵੀ ਨਹੀਂ ਮਿਲਦੀ ਤਾਂ ਮੌਤ ਮਿਲ ਜਾਂਦੀ ਹੈ।
2. ਮਿਰਜ਼ਾ : ਮਿਰਜ਼ੇ ਨੂੰ ਆਪਣੇ ਉੱਤੇ ਮਾਣ ਹੁੰਦਾ ਹੈ ਤਾਂ ਹੀ ਸਾਹਿਬਾਂ ਨੂੰ ਵਿਆਹ ਦੀ ਰਸਮ ਸਮੇਂ ਘੋੜੀ ਉੱਤੇ ਚੁੱਕ ਕੇ ਲਿਜਾਇਆ ਜਾਂਦਾ ਹੈ, ਕਿਵੇਂ ਸਾਹਿਬਾਂ ਦੇ ਭਰਾ ਬਰਦਾਸ਼ਤ ਕਰ ਸਕਦੇ ਹਨ, ਅੰਤ ਮਿਰਜ਼ੇ ਦੀ ਮੌਤ।
3. ਮਹੀਵਾਲ : ਵਿਆਹੀ ਹੋਈ ਸੱਸੀ ਰਾਤ ਨੂੰ ਚੋਰੀ-ਚੋਰੀ ਆਪਣੇ ਆਸ਼ਕ ਮਹੀਵਾਲ ਨੂੰ ਮਿਲਣ ਜਾਂਦੀ ਹੈ। ਸਹੁਰੇ ਘਰ ਵਾਲੇ ਕਿਵੇਂ ਬਰਦਾਸ਼ਤ ਕਰ ਸਕਦੇ ਹਨ, ਅੰਤ ਸੱਸੀ ਦੀ ਮੌਤ।
ਕੱਚੀ ਉਮਰ ਵਿਚ ਪ੍ਰੇਮ ਰਚਾਉਣ ਇਕ ਸਮਾਜਿਕ ਬੁਰਾਈ ਹੈ। ਇਸ ਦੇ ਸਿੱਟੇ ਮਾੜੇ ਹੀ ਨਿਕਲਦੇ ਹਨ, ਹਰ ਸਾਲ ਭਾਰਤ ਵਿਚ 1000 ਅਤੇ ਵਿਸ਼ਵ ਵਿਚ 5000 ਆਨਰ ਕਿਲਿੰਗਸ ਹੁੰਦੀਆਂ ਹਨ।
ਮਾਪਿਆਂ, ਅਧਿਆਪਕਾਂ, ਸਮਾਜ ਸੇਵੀਆਂ, ਸਾਹਕਾਰ ਆਦਿ ਨੂੰ ਮਿਲ ਕੇ ਇਸੇ ਸਮਾਜਿਕ ਬੁਰਾਈ ਨੂੰ ਖਤਮ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ।