ਸ੍ਰੀ ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਸਰੇ ਗੁਰੂ ਸਨ। ਉਨ੍ਹਾਂ ਦਾ ਪ੍ਰਕਾਸ਼ 31 ਮਾਰਚ, 1504 ਈ: ਵਿੱਚ ਪਿੰਡ ਮੱਤੇ ਦੀ ਸਰਾਂ, ਜ਼ਿਲ੍ਹਾਂ ਫਿਰੋਜ਼ਪੁਰ ਵਿੱਚ ਹੋਇਆ ਸੀ। ਉਨ੍ਹਾਂ ਦਾ ਮੁੱਢਲਾ ਨਾਂ ਲਹਿਣਾ ਸੀ। ਇਨ੍ਹਾਂ ਦੇ ਪਿਤਾ ਦਾ ਨਾਂ ਫੇਰੂਮੱਲ ਅਤੇ ਮਾਤਾ ਦਾ ਨਾਂ ਦਯਾ ਕੌਰ ਸੀ। ਲੋਧੀ ਸੂਬੇਦਾਰਾਂ ਦੀਆਂ ਬਗਾਵਤਾਂ ਅਤੇ ਬਾਬਰ ਦੇ ਹਮਲਿਆਂ ਦੀ ਬਦਅਮਨੀ ਤੇ ਲੁੱਟਮਾਰ ਵਜੋਂ ਪਿੰਡ ਮੱਤੇ ਦੀ ਸਰਾਂ ਉੱਜੜ ਗਿਆ। ਗਰੀਬੀ ਕਾਰਣ ਫੇਰੂਮੱਲ ਆਪਣਾ ਜੱਦੀ ਪਿੰਡ ਛੱਡ ਕੇ ਪਿੰਡ ਹਰੀਕੇ ਤੇ ਫਿਰ ਖਡੂਰ ਸਾਹਿਬ ਆ ਵੱਸੇ ਤੇ ਇੱਥੇ ਸ਼ਾਹੀ ਵਣਜ ਕਰਨ ਲੱਗ ਪਏ। ਆਪ ਛੇਤੀ ਹੀ ਵੱਡੇ ਸ਼ਾਹੂਕਾਰ ਬਣ ਗਏ।
ਫੇਰੂਮੱਲ ਦੇਵੀ-ਭਗਤ ਸਨ ਅਤੇ ਹਰ ਸਾਲ ਦੇਵੀ ਦੇ ਦਰਸ਼ਨਾਂ ਲਈ ਜਵਾਲਾਮੁਖੀ ਦੀ ਯਾਤਰਾ ਕਰਦੇ ਸਨ। ਪਿਤਾ ਦੀਆਂ ਧਾਰਮਿਕ ਰੁਚੀਆਂ ਦਾ ਲਹਿਣਾ ਜੀ ‘ਤੇ ਬੜਾ ਪ੍ਰਭਾਵ ਸੀ । ਬਚਪਨ ਤੋਂ ਹੀ ਉਹ ਦੇਵੀ ਦੇ ਭਗਤ ਬਣੇ ਅਤੇ ਸੰਗ ਦੇ ਮੁਖੀਆ ਬਣ ਕੇ ਹਰ ਸਾਲ ਦੇਵੀ ਦੇ ਦਰਸ਼ਨ ਲਈ ਜਵਾਲਾਮੁਖੀ ਜਾਂਦੇ। ਲਹਿਣਾ ਨੂੰ ਪਰਮ ਸੱਤਾ ਦੀ ਤਲਾਸ਼ ਦੀ ਤੀਬਰ ਇੱਛਾ ਸੀ। ਇਸੇ ਲਈ ਉਹ ਗਿਆਨ ਦੀ ਪ੍ਰਾਪਤੀ ਲਈ ਭਗਤਾਂ ਤੇ ਸੰਤਾਂ ਦੀ ਸੰਗਤ ਦੀ ਭਾਲ ਵਿੱਚ ਰਹਿੰਦੇ ਸਨ। 15 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਸ਼ਾਦੀ ਦੇਵੀ ਚੰਦ ਦੀ ਸਪੁੱਤਰੀ ਬੀਬੀ ਖੀਵੀ ਨਾਲ ਪਿੰਡ ਸੰਘਰ ਵਿਖੇ ਹੋਈ। ਉਨ੍ਹਾਂ ਦੇ ਘਰ ਬਾਬਾ ਦਾਤੂ ਜੀ, ਬਾਬਾ ਦਾਸੂ ਜੀ, ਬੀਬੀ ਅਮਰੋ ਜੀ, ਬੀਬੀ ਅਨੋਖੀ ਜੀ ਨੇ ਜਨਮ ਲਿਆ ।
ਪਿਤਾ ਦੇ ਅਕਾਲ ਚਲਾਣੇ ਤੋਂ (1526 ਈ:) ਉਪਰੰਤ ਲਹਿਣਾ ਨੂੰ ਕਾਰੋਬਾਰ ਦਾ ਸਾਰਾ ਕੰਮ ਸੰਭਾਲਣਾ ਪਿਆ ਅਤੇ ਉਹ ਇਸ ਕੰਮ ਵਿੱਚ ਕਾਮਯਾਬ ਰਹੇ। ਸੰਨ 1532 ਵਿੱਚ ਇਕ ਦਿਨ ਲਹਿਣਾ ਨੇ ਗੁਰੂ ਨਾਨਕ ਦੇਵ ਜੀ ਦੇ ਇੱਕ ਸਿੱਖ ਭਾਈ ਯੋਧ ਕੋਲੋਂ ਗੁਰੂ ਨਾਨਕ ਬਾਣੀ ਦਾ ਇਹ ਸ਼ਬਦ ਸੁਣਿਆ:
ਭਿੰਨੀ ਰੈਨੜੀਐ ਚਾਮਕਨਿ ਤਾਰੇ ।
ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ ।।
(ਪੰਨਾ 859)
ਇਸ ਸ਼ਬਦ ਦਾ ਲਹਿਣਾ ਦੇ ਮਨ ‘ਤੇ ਬੜਾ ਪ੍ਰਭਾਵ ਪਿਆ ਅਤੇ ਉਨ੍ਹਾਂ ਦੇ ਦਿਲ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਦੀ ਤਾਂਘ ਪੈਦਾ ਹੋਈ। ਹਰ ਸਾਲ ਵਾਂਗ ਜਦੋਂ ਉਹ 1532 ਈ: ਵਿੱਚ ਦੇਵੀ ਦਰਸ਼ਨਾਂ ਲਈ ਜਵਾਲਾ ਮੁਖੀ ਦੀ ਯਾਤਰਾ ‘ਤੇ ਗਏ ਤਾਂ ਉਹ ਆਪਣੇ ਜੱਥੇ ਸਮੇਤ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਲਈ ਕਰਤਾਰਪੁਰ ਪਹੁੰਚੇ। ਗੁਰੂ ਜੀ ਦੇ ਦਰਸ਼ਨਾਂ ਨਾਲ ਲਹਿਣਾ ਦੀ ਆਤਮਾ ਤ੍ਰਿਪਤ ਹੋ ਗਈ ਅਤੇ ਉਹ ਉਥੇ ਹੀ ਰਹਿ ਪਏ। ਇਸ ਵੇਲੇ ਉਨ੍ਹਾਂ ਦੀ ਉਮਰ 28 ਸਾਲਾਂ ਦੀ ਸੀ ਤੇ ਉਹ ਇਕ ਅਮੀਰ ਵਪਾਰੀ ਸਨ। ਪਰ ਉਨ੍ਹਾਂ ਦੇ ਵਿਵਹਾਰ ਵਿੱਚ ਬੜੀ ਨਿਮਰਤਾ ਤੇ ਮਿੱਠਤ ਸੀ। ਗੁਰੂ ਨਾਨਕ ਦੇਵ ਜੀ ਲਹਿਣਾ ਦੀ ਸ਼ਖਸੀਅਤ ਤੋਂ ਬੜੇ ਪ੍ਰਭਾਵਿਤ ਹੋਏ ਤੇ ਉਨ੍ਹਾਂ ‘ਤੇ ਗਿਆਨ ਦੀ ਬਖਸ਼ਿਸ਼ ਕੀਤੀ।
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਲਹਿਣਾ ਜੀ ‘ਤੇ ਡੂੰਘਾ ਪ੍ਰਭਾਵ ਪਿਆ ਤੇ ਉਨ੍ਹਾਂ ਨੇ ਦੇਵੀ ਪੂਜਾ ਛੱਡ ਦਿੱਤੀ ਅਤੇ ਗੁਰੂ ਜੀ ਦੇ ਅਨੁਯਾਈ ਬਣ ਗਏ ਅਤੇ ਉਹ ਕਰਤਾਰਪੁਰ ਹੀ ਟਿਕ ਗਏ। ਬੜੀ ਸ਼ਰਧਾ ਨਾਲ ਉਹ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਸੁਣਦੇ ਅਤੇ ਉਨ੍ਹਾਂ ਦੀ ਬਾਣੀ ਨਾਲ ਆਪਣੇ ਹਿਰਦੇ ਦੇ ਸੰਦੇਹ ਦੂਰ ਕਰਦੇ। ਗੁਰੂ ਨਾਨਕ ਦੇਵ ਜੀ ਭਾਈ ਲਹਿਣਾ ਦੀ ਪ੍ਰਭੂ-ਭਗਤੀ ਅਤੇ ਲਗਨ ਤੋਂ ਬਹੁਤ ਪ੍ਰਸੰਨ ਹੋਏ। ਪਰ ਉਨ੍ਹਾਂ ਨੇ ਭਾਈ ਲਹਿਣਾ ਨੂੰ ਆਪਣੇ ਕਾਰੋਬਾਰ ਦੀ ਦੇਖ-ਭਾਲ ਕਰਨ ਲਈ ਖਡੂਰ ਸਾਹਿਬ ਵਾਪਿਸ ਜਾਣ ਲਈ ਪ੍ਰੇਰਿਆ।
ਖਡੂਰ ਸਾਹਿਬ ਵਾਪਿਸ ਆ ਕੇ ਭਾਈ ਲਹਿਣਾ ਦਾ ਚਿੱਤ ਨਾ ਲੱਗਾ ਤੇ ਉਹ ਕਰਤਾਰਪੁਰ ਪਹੁੰਚੇ। ਡੇਰੇ ‘ਤੇ ਜਾ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਜੀ ਖੇਤਾਂ ਵਿੱਚ ਗਏ ਹੋਏ ਹਨ। ਇਹ ਸੁਣ ਕੇ ਲਹਿਣਾ ਜੀ ਵੀ ਖੇਤਾਂ ਵੱਲ ਤੁਰ ਪਏ। ਅੱਗੇ ਜਾ ਕੇ ਵੇਖਦੇ ਹਨ ਕਿ ਗੁਰੂ ਸਾਹਿਬ ਆਪਣੇ ਸੇਵਕਾਂ ਸਮੇਤ ਝੋਨੇ ਵਿੱਚੋਂ ਘਾਹ-ਫੂਸ ਕੱਢ ਰਹੇ ਹਨ।
ਲਹਿਣਾ ਜੀ ਗੁਰੂ ਜੀ ਨੂੰ ਮੱਥਾ ਟੇਕ ਕੇ ਆਪ ਵੀ ਕੰਮ ਵਿੱਚ ਰੁੱਝ ਗਏ। ਗੁਰੂ ਜੀ ਦੇ ਦਰਸ਼ਨ-ਦੀਦਾਰ ਨਾਲ ਹੀ ਲਹਿਣਾ ਜੀ ਦੀ ਸਿੱਖੀ ਸੇਵਕੀ ਦਾ ਇਮਤਿਹਾਨ ਸ਼ੁਰੂ ਹੋ ਗਿਆ । ਗੁਰੂ ਜੀ ਦੇ ਵਾਪਿਸ ਡੇਰੇ ਦੀ ਤਿਆਰੀ ਸਮੇਂ ਗੁਰੂ ਨਾਨਕ ਦੇਵ ਜੀ ਦੇ ਹੁਕਮ ਅਨੁਸਾਰ ਲਹਿਣਾ ਜੀ ਨੇ ਚਿੱਕੜ ਨਾਲ ਭਿੱਜੀ ਹੋਈ ਘਾਹ-ਫੂਸ ਦੀ ਪੰਡ ਬੰਨ੍ਹ ਲਈ ਅਤੇ ਸਿਰ ਉੱਤੇ ਚੁੱਕ ਕੇ ਗੁਰੂ ਸਾਹਿਬ ਦੇ ਮਗਰ ਤੁਰ ਪਏ। ਘਾਹ ਦੀ ਪੰਡ ਵਿੱਚੋਂ ਚਿੱਕੜ ਦਾ ਪਾਣੀ ਲਹਿਣਾ ਜੀ ਦੀ ਰੇਸ਼ਮੀ ਪੁਸ਼ਾਕ ਉੱਤੇ ਡਿੱਗ ਰਿਹਾ ਸੀ। ਜਦੋਂ ਡੇਰੇ ਪਹੁੰਚੇ ਤਾਂ ਮਾਤਾ ਸੁਲੱਖਣੀ ਜੀ ਨੇ ਗੁਰੂ ਜੀ ਨੂੰ ਕਿਹਾ, “ਭਾਈ ਲਹਿਣਾ ਦੂਰੋਂ ਸਫਰ ਕਰ ਕੇ ਆਏ ਸਨ। ਤੁਸੀਂ ਆਉਂਦੇ ਹੀ ਇਨ੍ਹਾਂ ਨੂੰ ਵਗਾਰ ਪਾ ਦਿੱਤੀ। ਵੇਖੋ, ਚਿੱਕੜ ਨਾਲ ਇਨ੍ਹਾਂ ਦੇ ਕੀਮਤੀ ਕੱਪੜੇ ਕਿਵੇਂ ਲਿੱਬੜੇ ਪਏ ਹਨ।”
ਗੁਰੂ ਨਾਨਕ ਦੇਵ ਜੀ ਭਾਈ ਲਹਿਣਾ ਵੱਲ ਵੇਖ ਕੇ ਹੱਸ ਪਏ ਅਤੇ ਫੁਰਮਾਨ ਕੀਤਾ “ਸੁਲੱਖਣੀ! ਇਨ੍ਹਾਂ ਦੇ ਸਿਰ ‘ਤੇ ਘਾਹ ਦੀ ਪੰਡ ਨਹੀਂ, ਇਹ ਤਾਂ ਦੁਨੀਆਂ ਦੇ ਦੁੱਖਾਂ ਦੀ ਪੰਡ ਏ। ਇਹ ਚਿੱਕੜ ਦੀਆਂ ਛਿੱਟਾਂ ਨਹੀਂ ਇਹ ਤਾਂ ਕੇਸਰ ਦੇ ਛਿੱਟੇ ਨੇ। ਪਰਮਾਤਮਾ ਨੇ ਆਪ ਇਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੰਭਾਲਣ ਲਈ ਚੁਣਿਆ ਹੈ।” ਭਾਈ ਲਹਿਣਾ ਜੀ ਨੇ ਇਸ ਹੁਕਮ ਨੂੰ ਪ੍ਰਵਾਨ ਕੀਤਾ ਅਤੇ ਬੜੀ ਸ਼ਰਧਾ ਨਾਲ ਗੁਰੂ ਜੀ ਦੇ ਡੇਰੇ ‘ਤੇ ਸੇਵਾ ਕਰਨ ਲੱਗ ਪਏ।
ਹੁਣ ਲਹਿਣਾ ਦੀ ਨਿਮਰਤਾ ਅਤੇ ਸੇਵਾ ਭਾਵਨਾ ਦੀ ਕਠਿਨ ਪ੍ਰੀਖਿਆ ਸ਼ੁਰੂ ਹੋ ਗਈ। ਪਰ ਉਹ ਗੁਰ-ਸਿੱਖੀ ਦੀ ਕਸਵੱਟੀ ‘ਤੇ ਸਾਰੀਆਂ ਪ੍ਰੀਖਿਆਵਾਂ ਵਿੱਚੋਂ ਪੂਰੇ ਉਤਰੇ।
ਉਹ ਤਨ-ਮਨ-ਧਨ ਨਾਲ ਸੰਗਤਾਂ ਦੀ ਸੇਵਾ ਕਰਦੇ ਤੇ ਹਰ ਵਕਤ ਗੁਰੂ ਜੀ ਦੇ ਹੁਕਮ ਦੀ ਪਾਲਣਾ ਲਈ ਤਿਆਰ-ਬਰ-ਤਿਆਰ ਰਹਿੰਦੇ। ਕਿਸੇ ਵੀ ਹੁਕਮ ‘ਤੇ ਕਿੰਤੂ ਨਾ ਕਰਦੇ। ਗੁਰੂ ਸਾਹਿਬ ਦੀ ਰੱਬੀ-ਬਾਣੀ ਨੇ ਭਾਈ ਲਹਿਣਾ ਨੂੰ ਕੀਲ ਲਿਆ। ਪ੍ਰਭੂ-ਪ੍ਰੇਮ ਤੇ ਗੁਰੂ ਸੇਵਾ ਵਿੱਚ ਮਗਨ ਉਨ੍ਹਾਂ ਨੂੰ ਆਪਣੀ ਸੁਰਤ ਵੀ ਭੁੱਲ ਗਈ। ਗੁਰੂ ਚਰਨਾਂ ਵਿੱਚ ਰਹਿ ਕੇ ਲਹਿਣਾ ਜੀ ਨੇ ਗੁਰ-ਸਿੱਖੀ ਦਾ ਪੂਰਨ ਗਿਆਨ ਪ੍ਰਾਪਤ ਕੀਤਾ ਅਤੇ ਸਿੱਖੀ ਆਦਰਸ਼ਾਂ ਨੂੰ ਅਮਲਾਂ ਵਿੱਚ ਯਕੀਨੀ ਤੌਰ ‘ਤੇ ਧਾਰਨ ਕੀਤਾ।
ਗੁਰੂ-ਘਰ ਦੀ ਸੇਵਾ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਵੱਡਾ ਰੁਝੇਵਾਂ ਸੀ। ਔਖੇ ਤੋਂ ਔਖੇ ਕੰਮ ਨੂੰ ਵੀ ਉਹ ਖਿੜੇ ਮੱਥੇ ਕਬੂਲਦੇ ਅਤੇ ਨਿਮਰਤਾ ਨਾਲ ਹਰ ਸੇਵਾ ਨੂੰ ਆਪਣੇ ਹੱਥੀਂ ਕਰਨਾ ਵੱਡਾ ਭਾਗ ਸਮਝਦੇ। ਆਪਣੇ ਗੁਣਾਂ ਵਜੋਂ ਭਾਈ ਲਹਿਣਾ ਜੀ ਗੁਰੂ ਜੀ ਦੇ ਬਹੁਤ ਨੇੜੇ ਹੋ ਗਏ ਤੇ ਡੇਰੇ ਵਿੱਚ ਉਨ੍ਹਾਂ ਦਾ ਮਾਨ-ਸਨਮਾਨ ਵੀ ਸਭ ਤੋਂ ਵੱਧ ਹੋਣ ਲੱਗ ਪਿਆ। ਗੁਰੂ ਸਾਹਿਬ ਦੇ ਸਾਹਿਬਜ਼ਾਦੇ ਸ੍ਰੀ ਚੰਦ ਤੇ ਲਖਮੀ ਦਾਸ ਭਾਈ ਲਹਿਣਾ ਜੀ ਦੇ ਵਧਦੇ ਪ੍ਰਤਾਪ ਤੋਂ ਚਿੜ ਗਏ ਅਤੇ ਉਨ੍ਹਾਂ ਨਾਲ ਈਰਖਾ ਕਰਨ ਲੱਗ ਪਏ।
ਗੁਰੂ ਨਾਨਕ ਦੇਵ ਜੀ ਆਪਣੇ ਸਥਾਪਿਤ ਕੀਤੇ ਧਰਮ ਤੇ ਸਮਾਜਿਕ-ਸੰਗਠਨ ਦੀ ਅਗਵਾਈ ਲਈ ਕਿਸੇ ਯੋਗ ਗੁਰਸਿੱਖ ਵਿਅਕਤੀ ਦੀ ਭਾਲ ਵਿੱਚ ਸਨ। ਗੁਰੂ ਸਾਹਿਬ ਆਪਣੇ ਉਤਰਾਧਿਕਾਰੀ ਦੀ ਚੋਣ ਸਿੱਖੀ ਸੇਵਕਾਂ ਦੇ ਗੁਣਾਂ ਦੇ ਆਧਾਰ ‘ਤੇ ਕਰਨਾ ਚਾਹੁੰਦੇ ਸਨ। ਉਹ ਆਪਣੇ ਪੁੱਤਰਾਂ ਅਤੇ ਹੋਰ ਸੇਵਕਾਂ ਨੂੰ ਕਈ ਵਾਰ ਅਜ਼ਮਾ ਚੁੱਕੇ ਸਨ। ਪਰ ਭਾਈ ਲਹਿਣਾ ਜੀ ਹਰ ਪਰਖ ਵਿੱਚ ਪੂਰੇ ਉਤਰੇ। ਭਾਈ ਲਹਿਣਾ ਜੀ ਦੀ ਕਠਿਨ ਪ੍ਰੀਖਿਆ ਦੇ ਬਿਰਤਾਂਤ ਸਾਨੂੰ ‘ਆਦਿ ਸਾਖੀਆਂ’ ਵਿੱਚ ਮਿਲਦੇ ਹਨ। ਉਨ੍ਹਾਂ ਦੀ ਗੁਰੂ ਚਰਨਾਂ ਨਾਲ ਪ੍ਰੀਤ, ਸਿਦਕ ਅਤੇ ਹੁਕਮ ਮੰਨਣ ਦੀ ਘਾਲ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਉਹ ਹੀ ਗੁਰ-ਗੱਦੀ ਦੇ ਯੋਗ ਹਨ।
1539 ਈ: ਵਿੱਚ ਭਾਈ ਲਹਿਣਾ ਜੀ ਨੂੂੰ ਗੁਰਿਆਈ ਮਿਲੀ। ਉਨ੍ਹਾਂ ਅੱਗੇ 5 ਪੈਸੇ ਤੇ ਨਾਰੀਅਲ ਰੱਖ ਕੇ (ਗੁਰੂ) ਨਾਨਕ ਦੇਵ ਜੀ ਨੇ ਮੱਥਾ ਟੇਕਿਆ ਅਤੇ ਬਾਬਾ ਬੁੱਢਾ ਜੀ ਪਾਸੋਂ ਗੁਰਿਆਈ ਦਾ ਤਿਲਕ ਲਗਵਾ ਕੇ ਉਨ੍ਹਾਂ ਨੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਬਣਾ ਕੇ ਗੁਰ-ਗੱਦੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ।
ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਦੀ ਅਗਵਾਈ ਬੜੇ ਉੱਤਮ ਤਰੀਕੇ ਨਾਲ ਕੀਤੀ। ਉਨ੍ਹਾਂ ਦੇ ਆਦੇਸ਼ ਅਨੁਸਾਰ ਸਿੱਖ ਸੰਗਤ ਨੇਮ ਪੂਰਵਕ ਇਕੱਤਰ ਹੁੰਦੀ ਅਤੇ ੳਥੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦੀ ਵਿਆਖਿਆ ਹੁੰਦੀ। ਉਨ੍ਹਾਂ ਨੇ ਲੰਗਰ ਦੀ ਪ੍ਰਥਾ ਨੂੰ ਹੋਰ ਵਧੇਰੇ ਵਿਕਸਿਤ ਕੀਤਾ। ਜਿਸ ਦੀ ਦੇਖ-ਭਾਲ ਦਾ ਕੰਮ ਮਾਤਾ ਖੀਵੀ ਜੀ ਕਰਦੇ। ਭੱਟ ਸੱਤਾ ਤੇ ਬਲਵੰਡ ਦੇ ਕਥਨ ਅਨੁਸਾਰ ਲੰਗਰ ਵਿੱਚ ਦੁੱਧ ਅਤੇ ਘਿਉ ਵਿੱਚ ਬਣੀ ਹੋਈ ਖੀਰ ਖਾਣ ਨੂੰ ਮਿਲਦੀ ਸੀ। (ਵਾਰ ਸੱਤਾ ਬਲਵੰਡ, ਪਉੜੀ 3) ਗੁਰੂ ਸਾਹਿਬ ਆਪ ਸਾਦੀ ਖੁਰਾਕ ਖਾਂਦੇ ਸਨ ਅਤੇ ਆਪਣੀ ਕਮਾਈ ਲਈ ਮੁੰਜ ਵੱਟਣ ਦਾ ਕੰਮ ਕਰਦੇ ਸਨ। ਗੁਰੂ ਅੰਗਦ ਦੇਵ ਜੀ ਦੀ ਨਿਸ਼ਕਾਮ ਸੇਵਾ ਵਜੋਂ ਮਾਝੇ ਵਿੱਚ ਸਿੱਖੀ ਦਾ ਪ੍ਰਚਾਰ ਕਾਫੀ ਫੈਲਿਆ।
ਸਿੱਖ ਸੰਗਤਾਂ ਦੇ ਪ੍ਰਭਾਵ ਅਤੇ ਲੰਗਰ ਤੇ ਪੰਗਤ ਦੀ ਸੰਸਥਾ ਰਾਹੀਂ ਹਿੰਦੂ ਧਰਮ ਦੀ ਵਰਨ-ਵੰਡ ਤੇ ਜਾਤ-ਪਾਤ ਦੇ ਸਮਾਜਿਕ ਵਿਤਕਰੇ ਦੂਰ ਹੋਣ ਲੱਗੇ। ਗੁਰੂ ਸਾਹਿਬ ਨੇ ਸਮਾਨਤਾ ਤੇ ਮਾਨਵੀ ਏਕਤਾ ਦੇ ਉਪਦੇਸ਼ਾਂ ਰਾਹੀਂ ਅਛੂਤਾਂ ਤੇ ਗਰੀਬਾਂ ਵਿੱਚ ਸਵੈ-ਮਾਨ ਦਾ ਅਹਿਸਾਸ ਕਰਾਇਆ।
ਗੁਰੂ ਅੰਗਦ ਦੇਵ ਜੀ ਦਾ ਸਭ ਤੋਂ ਵੱਡਾ ਗੁਣ ਇਕ ਆਦਰਸ਼ਕ ਸਿੱਖ ਹੋਣਾ ਸੀ। ਉਹ ਗੁਰੂ ਨਾਨਕ ਦੇਵ ਜੀ ਦੇ ਅਨਿਨ ਆਗਿਆਕਾਰੀ ਸੇਵਕ ਸਨ। ਇਹੀ ਗੁਣ ਉਨ੍ਹਾਂ ਨੇ ਆਪਣੇ ਸੇਵਕਾਂ ਨੂੰ ਹਾਸਿਲ ਕਰਨ ਦਾ ਉਪਦੇਸ਼ ਦਿੱਤਾ।
ਗੁਰੁ ਅੰਗਦ ਦੇਵ ਜੀ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੇ ਕੁਲ 63 ਸਲੋਕ ਹਨ। ਆਪ ਜੀ ਦੀ ਬਾਣੀ ਵਿੱਚ ਜੀਵਨ ਦਾ ਜਿਹੜਾ ਫਲਸਫਾ ਉਘੜਦਾ ਹੈ, ਉਸ ਦਾ ਬੁਨਿਆਦੀ ਆਧਾਰ ਨਿਮਰਤਾ, ਸੇਵਾ ਤੇ ਨਾਮ ਜਪਣਾ ਹੈ। ਉਨ੍ਹਾਂ ਦਾ ਉਪਦੇਸ਼ ਹੈ ਮਾਇਆ ਦੀ ਤ੍ਰਿਸ਼ਨਾ ਦੇ ਪ੍ਰਭਾਵ ਹੇਠ, ਮਨੁੱਖ ਸੁਆਰਥੀ ਹੋ ਜਾਂਦਾ ਹੈ ਤੇ ਤੰਗ-ਦਿਲੀ ਦਾ ਸ਼ਿਕਾਰ ਹੋ ਜਾਂਦਾ ਹੈ।
ਗੁਰੂ ਸਾਹਿਬ ਦਾ ਇਹ ਸਲੋਕ ਸਾਡੀ ਮੌਜੂਦਾ ਸਮਾਜਿਕ ਤੇ ਰਾਜਨੀਤਕ ਹਾਲਤ ‘ਤੇ ਵੀ ਪੂਰਾ ਢੁੱਕਦਾ ਹੈ। ਉਨ੍ਹਾਂ ਦੇ ਉਪਦੇਸ਼ ਅਨੁਸਾਰ ਸਮਾਜਿਕ ਅਧੋਗਤੀ ਨੂੰ ਕਲਯੁਗ ਦਾ ਪਹਿਰਾ ਸਮਝਣਾ ਚਾਹੀਦਾ ਹੈ।
ਸਿੱਖ ਲਹਿਰ ਦੀ ਉਨਤੀ ਵਿੱਚ ਗੁਰੂ ਅੰਗਦ ਦੇਵ ਜੀ ਨੇ ਬੜਾ ਅਹਿਮ ਹਿੱਸਾ ਪਾਇਆ। ਆਪਣੀ ਯੋਗ ਅਗਵਾਈ ਵਿੱਚ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਆਦਰਸ਼ਾਂ ਨੂੰ ਨਿਸਚਿਤ ਤੇ ਸੰਗਠਿਤ ਰੂਪ ਪ੍ਰਦਾਨ ਕੀਤਾ। ਗੁਰੂ ਨਾਨਕ ਸਾਹਿਬ ਦੀ ਬਾਣੀ ਇਕੱਠੀ ਕੀਤੀ। ਇਸ ਤਰ੍ਹਾਂ ਸਿੱਖਾਂ ਦੀ ਧਾਰਮਿਕ ਪੁਸਤਕ ਗੁਰੂ ਗ੍ਰੰਥ ਸਾਹਿਬ ਦਾ ਕਾਰਜ ਆਰੰਭ ਹੋ ਗਿਆ ਅਤੇ ਇਸ ਵਿੱਚ ਯਕੀਨ ਰੱਖਣ ਵਾਲੇ ਅਨੁਯਾਈਆਂ ਨੂੰ ਠੀਕ ਸੇਧ ਮਿਲ ਗਈ।
ਗੁਰੂ ਸਾਹਿਬ ਨੇ ਵਿਦਿਆ ਦੀ ਸਿਖਲਾਈ ਵੱਲ ਵੀ ਧਿਆਨ ਦਿੱਤਾ। ਗੁਰਮੁਖੀ ਅੱਖਰਾਂ ਦੀ ਲਿੱਪੀ ਵਿੱਚ ਸਿਖਿਆ ਦੀ ਸ਼ੁਰੂਆਤ ਕੀਤੀ ਤਾਂ ਜੋ ਆਸਾਨੀ ਨਾਲ ਆਮ ਲੋਕ ਬਾਣੀ ਦਾ ਪਾਠ ਕਰ ਸਕਣ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਵੀ ਲਿਖਵਾਈ। ਗੁਰੂ ਅੰਗਦ ਦੇਵ ਜੀ ਨੇ ਬੱਚਿਆਂ ਦੀ ਸਿਖਲਾਈ ਲਈ ਇਕ ਨਿਵੇਕਲਾ ਰਵਈਆ ਪੇਸ਼ ਕੀਤਾ। ਜਿੱਥੇ ਉਹ ਮਨ ਦੇ ਸਵਾਸਥ ਲਈ ਬਾਣੀ ਦਾ ਜਾਪ ਅਤੇ ਉਸ ‘ਤੇ ਅਮਲ ਕਰਨਾ ਜ਼ਰੂਰੀ ਸਮਝਦੇ ਸਨ, ਉੱਥੇ ਸਰੀਰ ਨੂੰ ਤੰਦਰੁਸਤ ਰੱਖਣ ‘ਤੇ ਵੀ ਜ਼ੋਰ ਦਿੰਦੇ ਸਨ। ਗੁਰੂ ਸਾਹਿਬ ਨੇ ਬਾਲਕਾਂ ਦੀ ਤੰਦਰੁਸਤੀ ਲਈ ਖੇਡਾਂ ਅਤੇ ਜਵਾਨਾਂ ਲਈ ਕਸਰਤ ਤੇ ਭਲਵਾਨੀ ਲਈ ਅਖਾੜੇ ਬਣਵਾਏ ਜਿਥੇ ਉਹ ਘੋਲ ਕਰਵਾਉਂਦੇ ਸਨ। ਉਸ ਸਥਾਨ ਨੂੰ ਮੱਲ ਅਖਾੜਾ ਕਿਹਾ ਜਾਣਾ ਸ਼ੁਰੂ ਹੋ ਗਿਆ। ਇਸ ਤਰ੍ਹਾਂ ਸਿੱਖ ਸੰਸਥਾ ਵਿੱਚ ਧਾਰਮਿਕ ਗਿਆਨ ਦੇ ਨਾਲ-ਨਾਲ ਸਿਹਤ ਉਸਾਰੀ ਨੂੰ ਯੋਗ ਸਥਾਨ ਦਿੱਤਾ ਗਿਆ।
ਗੁਰੂ ਅੰਗਦ ਦੇਵ ਜੀ ਦੇ ਯਤਨਾਂ ਦੁਆਰਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਪ੍ਰਚਾਰ ਕਾਫੀ ਫੈਲ ਗਿਆ ਅਤੇ ਆਪਣੇ ਇਲਾਕੇ ਵਿੱਚ ਗੁਰੂ ਅੰਗਦ ਦੇਵ ਜੀ ਹਰਮਨ ਪਿਆਰੇ ਨਾਇਕ ਬਣ ਗਏ। ਖਡੂਰ ਸਾਹਿਬ ਦੇ ਇਕ ਭੇਖੀ ਸ਼ਿਵਨਾਥ (ਜਿਸ ਨੂੰ ਤਪਾ ਆਖਦੇ ਸਨ) ਨੇ ਲੋਕਾਂ ਵਿੱਚ ਕਈ ਵਹਿਮ-ਭਰਮ ਫੈਲਾ ਰੱਖੇ ਸਨ। ਗੁਰੂ ਸਾਹਿਬ ਦੇ ਉਪਦੇਸ਼ਾਂ ਦੁਆਰਾ ਲੋਕਾਂ ਨੇ ਵਹਿਮ-ਭਰਮ ਤੇ ਅੰਧ-ਵਿਸ਼ਵਾਸ ਤਿਆਗਣੇ ਸ਼ੁਰੂ ਕਰ ਦਿੱਤੇ ਅਤੇ ਤਪੇ ਦੀ ਮਾਨਤਾ ਘਟ ਗਈ। ਕਿਹਾ ਜਾਂਦਾ ਹੈ ਕਿ ਮੁਗਲ ਬਾਦਸ਼ਾਹ ਹਮਾਯੂੰ ਸੰਨ 1540 ਵਿੱਚ ਸ਼ੇਰ ਸ਼ਾਹ ਸੂਰੀ ਤੋਂ ਹਾਰ ਖਾ ਕੇ ਲਾਹੌਰ ਆਉਂਦਾ ਹੋਇਆ ਰਸਤੇ ਵਿੱਚ ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਦੇ ਦਰਸ਼ਨਾਂ ਲਈ ਗੁਰੂ ਸਾਹਿਬ ਦੇ ਡੇਰੇ ਆਇਆ ਸੀ।
ਸੰਨ 1540 ਵਿੱਚ ਭਾਈ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਆਏ ਅਤੇ ਗੁਰੂ ਸਾਹਿਬ ਦੀ ਸੇਵਾ ਵਿੱਚ ਜੁੱਟ ਗਏ। ਗੁਰੂ ਅੰਗਦ ਦੇਵ ਜੀ ਨੇ ਸਿੱਖ-ਧਰਮ ਦੇ ਪ੍ਰਚਾਰ ਲਈ ਇਕ ਨਗਰ ਵਸਾਉਣ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ। ਇਸੇ ਹੁਕਮ ਅਧੀਨ ਸੰਨ 1546 ਵਿੱਚ ਗੋਇੰਦਵਾਲ ਨਗਰ ਵਸਾਇਆ ਗਿਆ।
ਗੁਰੂ ਅੰਗਦ ਦੇਵ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਤੇਰ੍ਹਾਂ ਵਰ੍ਹਿਆਂ ਤੱਕ ਨਿਭਾਈ। ਉਨ੍ਹਾਂ ਨੇ ਆਪਣਾ ਉਤਰਾਧਿਕਾਰੀ ਚੁਣਨ ਤੋਂ ਪਹਿਲਾਂ ਆਪਣੇ ਪੁੱਤਰਾਂ ਤੇ ਸਿੱਖਾਂ ਦੀ ਕਰੜੀ ਪ੍ਰੀਖਿਆ ਉਪਰੰਤ ਆਪਣੇ ਅਨਿਨ ਸੇਵਕ ਭਾਈ ਅਮਰਦਾਸ ਨੂੰ ਗੁਰਿਆਈ ਬਖਸ਼ੀ। ਗੁਰੂ ਅੰਗਦ ਦੇਵ ਜੀ 48 ਵਰ੍ਹਿਆਂ ਦੀ ਆਯੂ ਭੋਗ ਕੇ 29 ਮਾਰਚ, 1552 ਈ: ਵਿੱਚ ਜੋਤੀ ਜੋਤ ਸਮਾ ਗਏ।