ਨਵੀਂ ਦਿੱਲੀ : ਸਿੱਖਾਂ ਦੇ 5ਵੇਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਰਾਸ਼ਟਰੀ ਸਵੈ ਸੇਵਕ ਸੰਘ ਵੱਲੋਂ ਖੋਜ ਕਰਕੇ ਇਤਿਹਾਸ ਮੁੜ੍ਹ ਲਿਖਣ ਦਾ ਕੀਤਾ ਗਿਆ ਐਲਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰਾਸ ਨਹੀਂ ਆਇਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਚੇਤਾਵਨੀ ਭਰੇ ਲਹਿਜੇ ’ਚ ਸਾਫ਼ ਕਿਹਾ ਕਿ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ, ਕੀ ਆਰ.ਐਸ.ਐਸ. ਸਿੱਖਾਂ ਦਾ ਇਤਿਹਾਸ ਲਿੱਖੇ।
ਦਰਅਸਲ ਆਰ.ਐਸ.ਐਸ. ਦੇ ਸਹਿਯੋਗੀ ਸੰਗਠਨ ਅਖਿਲ ਭਾਰਤੀ ਇਤਿਹਾਸ ਸੰਕਲਨ ਯੋਜਨਾ ਨੇ ਗੁਰੂ ਅਰਜਨ ਦੇਵ ਜੀ ਵੱਲੋਂ ਭਾਰਤੀ ਸੰਸਕ੍ਰਿਤੀ ਨੂੰ ਬਚਾਉਣ ਅਤੇ ਉਭਾਰਣ ਵਾਸਤੇ ਦਿੱਤੇ ਗਏ ਯੋਗਦਾਨ ਵਿਸ਼ੈ ’ਤੇ ਬੀਤੇ ਦਿਨੀਂ ਦਿੱਲੀ ਵਿਖੇ ਸੈਮੀਨਾਰ ਕਰਵਾਇਆ ਸੀ। ਜਿਸ ’ਚ ਗੁਰੂ ਸਾਹਿਬ ਦੇ ਇਤਿਹਾਸ ਨੂੰ ਭਾਰਤੀ ਸੰਸਕ੍ਰਿਤੀ ਅਨੁਸਾਰ ਮੁੜ੍ਹ ਤੋਂ ਲਿੱਖਣ ਦਾ ਐਲਾਨ ਕੀਤਾ ਗਿਆ ਸੀ।
ਜੀ.ਕੇ. ਨੇ ਕਿਹਾ ਕਿ ਆਰ.ਐਸ.ਐਸ. ਨੂੰ ਸਿੱਖ ਇਤਿਹਾਸ ਲਿੱਖਣ ਦੀ ਇਜਾਜਤ ਨਹੀਂ ਦਿੱਤੀ ਜਾ ਸਕਦੀ ਅਤੇ ਨਾ ਹੀ ਆਰ.ਐਸ.ਐਸ. ਦਾ ਸਿੱਖ ਇਤਿਹਾਸ ਨੂੰ ਮੁੜ੍ਹ ਲਿੱਖਣ ਦਾ ਹੱਕ ਬਣਦਾ ਹੈ। ਸਾਡੇ ਕੋਲ ਸਿੱਖ ਵਿਦਿਵਾਨ, ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਇਤਿਹਾਸ ਨੂੰ ਲਿੱਖਣ ਬਾਰੇ ਅਧਿਕਾਰਿਕ ਹੱਕ ਰੱਖਦੇ ਹਨ। ਇਨ੍ਹਾਂ ਦੀ ਮੋਹਰ ਤੋਂ ਬਿਨਾਂ ਸਿੱਖ ਇਤਿਹਾਸ ਦੇ ਕਿਸੇ ਹਿੱਸੇ ਨੂੰ ਪ੍ਰਮਾਣਿਤ ਨਹੀਂ ਕੀਤਾ ਜਾ ਸਕਦਾ।
ਜੀ.ਕੇ. ਨੇ ਸਿੱਖ ਇਤਿਹਾਸ ਨੂੰ ਮਿਥਿਆਸ ਬਣਾਉਣ ਦੀ ਕੋਝੀ ਚਾਲਾਂ ਚਲਣ ਵਾਲੇ ਲੋਕਾਂ ਤੋਂ ਕੌਮ ਨੂੰ ਸਾਵਧਾਨ ਕਰਦੇ ਹੋਏ ਦੱਸਿਆ ਕਿ ਗਦਰੀ ਬਾਬਿਆਂ ਵੱਲੋਂ ਆਜ਼ਾਦੀ ਦੀ ਲੜਾਈ ਦੌਰਾਨ ਚਲਾਈ ਗਈ ਮੁਹਿੰਮ ਨੂੰ ਇਸ ਕਰਕੇ ਹੀ ਕਈ ਵਾਰ ਖੱਬੇਪੱਖੀ ਵਿਚਾਰਧਾਰਾ ਨਾਲ ਜੋੜਿਆ ਜਾਂਦਾ ਰਿਹਾ ਹੈ। ਕਦੇ ਸਿੱਖ ਕੌਮ ਦੇ ਮਹਾਨ ਸ਼ਹੀਦਾ ਭਾਈ ਮਤੀ ਦਾਸ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਨ੍ਹਾਂ ਦੇ ਪੁਰਾਣੇ ਪਿਛੋਕੜ ਨਾਲ ਜੋੜਕੇ ਸਿੱਖ ਦੱਸਣ ਤੋਂ ਪਾਸਾ ਵਟਣ ਦੀ ਕੋਸ਼ਿਸ਼ ਵੀ ਕਈ ਵਾਰ ਹੋਈ ਹੈ। ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਵੀ ਸਿੱਖ ਦੱਸਣ ਦੀ ਥਾਂ ਗੈਰ ਸਿੱਖ ਵਜੋਂ ਨਾਸਤਿਕ ਵਿਚਾਰਧਾਰਾ ਦੇ ਧਾਰਣੀ ਵੱਜੋਂ ਪ੍ਰਚਾਰਿਆ ਜਾਂਦਾ ਹੈ।
ਪੱਤਰਕਾਰਾਂ ਵੱਲੋਂ ਦੇਸ਼ ਦੇ ਘੱਟਗਿਣਤੀ ਭਾਈਚਾਰੇ ’ਚ ਪਾਏ ਜਾ ਰਹੇ ਡਰ ਦੇ ਮਾਹੌਲ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਜੀ.ਕੇ. ਨੇ ਕਿਹਾ ਕਿ ਜੇਕਰ ਸਰਕਾਰ ਅਤੇ ਉਸਦੇ ਸਾਥੀ ਸੰਗਠਨ ਕੋਈ ਕੋਝੀ ਹਰਕਤ ਕਰਦੇ ਹਨ ਤਾਂ ਇਹ ਘੱਟਗਿਣਤੀ ਕੌਮਾਂ ਨੂੰ ਕਿਸੇ ਹੋਰ ਦਿਸ਼ਾ ਵੱਲ ਤੋਰਨ ਦਾ ਮਾਧਿਅਮ ਬਣਨਗੇ। ਇਸ ਸਬੰਧੀ ਉਨ੍ਹਾਂ ਨੇ ਕਾਂਗਰਸ ਵੱਲੋਂ ਸਿੱਖਾਂ ਨਾਲ 1980-90 ਦੇ ਦਹਾਕੇ ’ਚ ਲਏ ਗਏ ਪੰਗੇ ਉਪਰੰਤ ਸਿੱਖਾਂ ਵੱਲੋਂ ਮੋੜੀ ਗਈ ਭਾਜ਼ੀ ਨੂੰ ਚੇਤੇ ਰੱਖਣ ਦੀ ਵੀ ਨਸੀਹਤ ਦਿੱਤੀ।