ਜੋਧਪੁਰ – ਢੌਂਗੀ ਸਾਧ ਆਸਾਰਾਮ ਨੂੰ ਆਪਣੀ ਨਾਬਾਲਿਗ ਚੇਲੀ ਨਾਲ ਰੇਪ ਕਰਨ ਦੇ ਮਾਮਲੇ ਵਿੱਚ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਕੋਰਟ ਨੇ ਕਿਹਾ ਕਿ 77 ਸਾਲਾ ਆਸਾਰਾਮ ਨੂੰ ਹੁਣ ਬਾਕੀ ਦੀ ਸਾਰੀ ਉਮਰ ਜੇਲ੍ਹ ਵਿੱਚ ਹੀ ਗੁਜ਼ਾਰਨੀ ਪਵੇਗੀ। ਉਸ ਦੇ ਦੋ ਸਾਥੀਆਂ ਸ਼ਰਤਚੰਦਰ ਅਤੇ ਸਿ਼ਲਪੀ ਨੂੰ ਵੀ 20-20 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਪੈਸ਼ਲ ਜੱਜ ਮਧੂਸੂਦਨ ਸ਼ਰਮਾ ਨੇ ਕਿਹਾ, ‘ ਆਸਾਰਾਮ ਸੰਤ ਅਖਵਾਉਂਦਾ ਹੈ ਪਰ ਉਸ ਨੇ ਜਪ ਕਰਵਾਉਣ ਦਾ ਬਹਾਨਾ ਕਰਕੇ ਪੀੜਤ ਨੂੰ ਆਪਣੇ ਕਮਰੇ ਵਿੱਚ ਬੁਲਾ ਕੇ ਬਲਾਤਕਾਰ ਕੀਤਾ। ਦੋਸ਼ੀ ਨੇ ਨਾ ਸਿਰਫ਼ ਪੀੜਤਾ ਦਾ ਵਿਸ਼ਵਾਸ਼ ਹੀ ਤੋੜਿਆ,ਸਗੋਂ ਆਮ ਜਨਤਾ ਵਿੱਚ ਸੰਤਾਂ ਦੇ ਅਕਸ ਨੂੰ ਵੀ ਨੁਕਸਾਨ ਪਹੁੰਚਾਇਆ।’
ਆਸਾਰਾਮ ਨੇ ਕੋਰਟ ਵਿੱਚ ਆਪਣੀ ਉਮਰ ਦਾ ਹਵਾਲਾ ਦੇ ਕੇ ਰਹਿਮ ਦੀ ਭੀਖ ਵੀ ਮੰਗੀ। ਸਜ਼ਾ ਸੁਣ ਕੇ ਉਸ ਨੇ ਰੋਂਦੇ ਹੋਏ ਕਿਹਾ, ‘ਜੋ ਉਪਰ ਵਾਲੇ ਦੀ ਮਰਜ਼ੀ। ਹੁਣ ਮੈਂ ਜੇਲ੍ਹ ਵਿੱਚ ਹੀ ਰਹਾਂਗਾ।’ ਸੌਦਾ ਸਾਧ ਦੇ ਕੇਸ ਤੋਂ ਬਾਅਦ ਇਹ ਦੇਸ਼ ਦਾ ਚੌਥਾ ਅਜਿਹਾ ਵੱਡਾ ਕੇਸ ਹੈ, ਜਦੋਂ ਜੇਲ੍ਹ ਵਿੱਚ ਅਦਾਲਤ ਲਗੀ ਅਤੇ ਉਥੇ ਹੀ ਫੈਂਸਲਾ ਸੁਣਾਇਆ ਗਿਆ।ਪਾਕਸੋ ਐਕਟ ਦੇ ਤਹਿਤ ਵੀ ਪਹਿਲਾ ਵੱਡਾ ਫੈਂਸਲਾ ਹੈ। ਰਾਮ ਰਹੀਮ ਦੇ ਬਾਅਦ ਇਹ ਦੂਸਰਾ ਅਜਿਹਾ ਮਾਮਲਾ ਹੈ, ਜਿਸ ਵਿੱਚ ਸਾਧ ਨੂੰ ਬਲਾਤਕਾਰੀ ਕਰਾਰ ਦਿੱਤਾ ਗਿਆ ਹੈ। ਜੱਜ ਨੇ ਪੀੜਤ ਲੜਕੀ ਦੇ ਹੌਂਸਲੇ ਦੀ ਦਾਦ ਦਿੰਦੇ ਹੋਏ ਕਿਹਾ, ‘ ਪੀੜਤਾ ਆਸਾਰਾਮ ਦੇ ਵਿਸ਼ਾਲ ਕੱਦ ਅਤੇ ਉਸਦੀ ਪਾਵਰ ਤੋਂ ਘਬਰਾਈ ਹੋਈ ਸੀ। ਜਿਸ ਵਿਅਕਤੀ ਨੂੰ ਉਹ ਭਗਵਾਨ ਮੰਨ ਕੇ ਪੂਜਦੀ ਸੀ, ਉਸ ਦੁਆਰਾ ਅਜਿਹਾ ਘਿਨੌਣਾ ਕੁਕਰਮ ਕਰਨ ਨਾਲ ਉਸ ਦੀ ਵਿਚਾਰ ਪ੍ਰਕਿਰਿਆ ਸੁੰਨ ਹੋ ਗਈ ਹੋਵੇਗੀ।’
ਅਦਾਲਤ ਦੇ ਫੈਂਸਲੇ ਵਿੱਚ ਪੀੜਤ ਲੜਕੀ ਦੇ ਉਸ ਬਿਆਨ ਦਾ ਵੀ ਜਿਕਰ ਕੀਤਾ ਗਿਆ ਹੈ ਜੋ ਉਸ ਨੇ ਬਹਿਸ ਦੌਰਾਨ ਕੋਰਟ ਵਿੱਚ ਦਰਜ਼ ਕਰਵਾਇਆ ਸੀ। ਜਿਸ ਵਿੱਚ ਪੀੜਤ ਨੇ ਇੱਕ ਵਾਰ ਕਿਹਾ ਹੈ, “ ਮੈਂ ਰੋ ਰਹੀ ਸੀ, ਅਤੇ ਕਹਿ ਰਹੀ ਸੀ ਕਿ ਮੈਨੂੰ ਛੱਡ ਦੇਵੋ। ਅਸੀਂ ਤਾਂ ਤੁਹਾਨੂੰ ਭਗਵਾਨ ਮੰਨਦੇ ਹਾਂ। ਤੁਸੀਂ ਇਹ ਕੀ ਕਰ ਰਹੇ ਹੋ? ਫਿਰ ਵੀ ਉਹ ਮੇਰੇ ਨਾਲ ਬਦਤਮੀਜ਼ੀ ਕਰਦੇ ਰਹੇ ਅਤੇ ਕਰੀਬ ਇੱਕ ਤੋਂ ਸਵਾ ਘੰਟੇ ਦੇ ਬਾਅਦ ਮੈਂੂੰ ਛੱਡਿਆ।”
ਸਾਧ ਆਸਾਰਾਮ ਬਾਪੂ ਦੇ ਦੁਰਾਚਾਰ ਦੀ ਸਿ਼ਕਾਰ ਇਹ ਲੜਕੀ ਯੂਪੀ ਦੇ ਸ਼ਾਹਜਹਾਂਪੁਰ ਦੀ ਰਹਿਣ ਵਾਲੀ ਹੈ। ਸਾਧ ਦੇ ਸਮੱਰਥਕਾਂ ਨੇ ਉਸ ਨੂੰ ਅਤੇ ਉਸ ਦੇ ਪ੍ਰੀਵਾਰ ਨੂੰ ਬਿਆਨ ਬਦਲਣ ਦੇ ਲਈ ਕਈ ਵਾਰ ਧਮਕੀਆਂ ਦਿੱਤੀਆਂ। ਕੇਸ ਲੜਨ ਦੇ ਲਈ ਉਸ ਦੇ ਪਿਤਾ ਨੂੰ ਆਪਣੇ ਟਰੱਕ ਤੱਕ ਵੇਚਣੇ ਪਏ। ਆਸਾਰਾਮ ਦੇ ਖਿਲਾਫ਼ ਗਵਾਹੀਆਂ ਦੇਣ ਵਾਲੇ 9 ਵਿਅਕਤੀਆਂ ਤੇ ਹਮਲੇ ਹੋਏ। 3 ਗਵਾਹਾਂ ਦੀ ਹੱਤਿਆ ਕਰ ਦਿੱਤੀ ਗਈ। ਵਕੀਲਾਂ ਦੁਆਰਾ ਗਵਾਹਾਂ ਨੂੰ ਹਰਾਸ ਕੀਤਾ ਗਿਆ। ਇੱਕ ਗਵਾਹ ਨੂੰ ਤਾਂ 104 ਵਾਰ ਅਦਾਲਤ ਵਿੱਚ ਬੁਲਾਇਆ ਗਿਆ।
ਡੇਰੇ ਵੱਲੋਂ ਲੜਕੀ ਤੇ ਅਪਮਾਨਜਨਕ ਆਰੋਪ ਲਗਾਏ ਗਏ। ਡੇਰੇ ਦੇ ਵਕੀਲਾਂ ਨੇ ਨਾਬਾਲਿਗ ਨੂੰ ਬਾਲਿਗ ਸਾਬਿਤ ਕਰਨ ਲਈ ਹਰ ਹੱਥਕੰਡਾ ਅਪਨਾਇਆ। ਏਨਾ ਕੁਝ ਹੋਣ ਦੇ ਬਾਵਜੂਦ ਵੀ ਲੜਕੀ ਅਤੇ ਉਸ ਦੇ ਪ੍ਰੀਵਾਰ ਨੇ ਬੜੀ ਹਿੰਮਤ ਨਾਲ ਇਨਸਾਫ਼ ਲੈਣ ਲਈ ਹਰ ਮੁਸ਼ਕਿਲ ਦਾ ਦਲੇਰੀ ਨਾਲ ਸਾਹਮਣਾ ਕੀਤਾ ਅਤੇ ਆਖਿਰਕਾਰ ਸਚਾਈ ਦੀ ਜਿੱਤ ਹੋਈ।