ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪਮੁਖਮੰਤਰੀ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਵਿਖੇ ਹੋਈਆਂ ਖਾਲਸਾਈ ਖੇਡਾਂ ਦਾ ਉਦਘਾਟਨ ਕੀਤਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਲ ਵਿਹਾਰ ਵਿਖੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਤੀਜ਼ੀ ਜਨਮ ਸ਼ਤਾਬਦੀ ਮੌਕੇ ਕਰਵਾਏ ਗਏ ਸਮਾਗਮਾਂ ਦੌਰਾਨ ਖਾਲਸਾਈ ਖੇਡਾਂ ਦਾ ਆਯੋਜਨ ਕੀਤਾ ਗਿਆ ਸੀ। ਖੇਡਾਂ ਦੌਰਾਨ ਨਿਹੰਗ ਸਿੰਘਾਂ ਨੇ ਘੁੜਦੌੜ, ਗੱਤਕਾ ਅਤੇ ਜਾਬਾਜ਼ ਹੌਸਲੇ ਰਾਹੀਂ ਜੌਹਰ ਦਿਖਾ ਕੇ ਦਰਸ਼ਕਾਂ ’ਚ ਉਤਸ਼ਾਹ ਭਰ ਦਿੱਤਾ।
ਬਾਦਲ ਨੇ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਗਿਣਤੀ ’ਚ ਬੇਸ਼ਕ ਦੂਜ਼ੀ ਕੌਮਾਂ ਤੋਂ ਛੋਟੀ ਹੋ ਸਕਦੀ ਹੈ ਪਰ ਸੰਸਾਰ ਦੇ ਕੋਨੇ-ਕੋਨੇ ’ਚ ਵੱਸਦੇ ਸਿੱਖ ਭਰਾਵਾਂ ਨੇ ਆਪਣੀ ਮਿਹਨਤ ਸਦਕਾ ਸਿੱਖ ਕੌਮ ਦਾ ਨਾਂ ਰੌਸ਼ਨ ਕੀਤਾ ਹੈ। ਜਿਹੜੀਆਂ ਕੌਮਾਂ ਇਤਿਹਾਸ ਨੂੰ ਸੰਭਾਲਦੀਆਂ ਹਨ ਉਹੀ ਕੌਮਾਂ ਅੱਗੇ ਵੱਧਦੀਆਂ ਹਨ। ਦਿੱਲੀ ਕਮੇਟੀ, ਸ਼੍ਰੋਮਣੀ ਕਮੇਟੀ ਅਤੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵਧਾਈ ਦੀ ਪਾਤਰ ਹਨ, ਜਿਹੜੀਆਂ ਲਾਲ ਕਿਲਾ ਫਤਿਹ ਕਰਨ ਵਾਲੇ ਮਹਾਨ ਸਿੱਖ ਜਰਨੈਲ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਜਨਮ ਸ਼ਤਾਬਦੀ ਮਨਾ ਰਹੀਆਂ ਹਨ। ਬਾਦਲ ਨੇ ਸ਼ਤਾਬਦੀ ਸਮਾਗਮਾਂ ਨੂੰ ਵੱਡੇ ਪੱਧਰ ’ਤੇ ਮਨਾਉਣ ਲਈ ਸਿੱਖ ਕੌਮ ਨੂੰ ਵਧਾਈ ਵੀ ਦਿੱਤੀ।
ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ.,ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਰਾਜਸਭਾ ਮੈਂਬਰ ਤੇ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਭਾਰੀ ਬਲਵਿੰਦਰ ਸਿੰਘ ਭੂੰਦੜ ਅਤੇ ਬੁੱਢਾ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ ਨੇ ਸੰਗਤਾਂ ਸਾਹਮਣੇ ਆਪਣੇ ਵਿਚਾਰ ਰੱਖੇ। ਜੀ. ਕੇ. ਨੇ ਕਿਹਾ ਕਿ ਦਿੱਲੀ ਕਮੇਟੀ ਦਾ ਟੀਚਾ ਹਮੇਸ਼ਾਂ ਤੋਂ ਸਿੱਖ ਇਤਿਹਾਸ ਨੂੰ ਸੰਗਤਾਂ ਦੇ ਸਾਹਮਣੇ ਰਖਣ ਵਾਲਾ ਰਿਹਾ ਹੈ। ਕਦੇ ਵੀ ਕਿਸੇ ਸਿਆਸੀ ਦਬਾਵ ਦੀ ਪਰਵਾਹ ਕੀਤੇ ਬਗੈਰ ਹਰ ਵੇਲੇ ਅਸੀਂ ਕੌਮ ਦੀ ਚੜ੍ਹਦੀਕਲਾ ਨੂੰ ਸੁਰਜੀਤ ਕਰਨ ਵੱਲ ਧਿਆਨ ਦਿੱਤਾ ਹੈ। ਇਸੇ ਕਰਕੇ ਮਹਾਨ ਸਿੱਖ ਜਰਨੈਲ ਬਾਰੇ ਇਤਨੇ ਵੱਡੇ ਪੱਧਰ ’ਤੇ ਸੰਗਤਾਂ ਤਕ ਜਾਣਕਾਰੀ ਪਹੁੰਚਾਉਣ ਲਈ ਕਮੇਟੀ ਨਿਵੇਕਲੇ ਉਪਰਾਲੇ ਕਰ ਰਹੀ ਹੈ।
ਸਿਰਸਾ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਸ਼ੇਰ ਦੱਸਿਆ ਹੈ। ਇਸ ਲਈ ਸ਼ੇਰ ਆਪਣੇ ਕਾਨੂੰਨ ਬਣਾਉਂਦਾ ਹੈ ਅਤੇ ਆਪਣੇ ਕਾਨੂੰਨ ’ਤੇ ਹੀ ਚਲਦਾ ਹੈ। ਜਿਸ ਲਾਲ ਕਿਲੇ ’ਤੇ ਮੁਗਲਾਂ ਨੇ ਸਿੱਖਾਂ ਤੋਂ ਜਾਨ ਦੀ ਭੀਖ ਮੰਗੀ ਸੀ, ਉਥੇ ਅੱਜ ਵੀ ਦੇਸ ਦੇ ਪ੍ਰਧਾਨ ਮੰਤਰੀ ਤੋਂ ਬਾਅਦ ਸਿੱਖਾਂ ਦੇ ਮਹਾਪੁਰਸ਼ ਗਰਜ਼ ਕੇ ਇਸ ਗੱਲ ਦਾ ਅਹਿਸਾਸ ਕਰਾਉਂਦੇ ਹਨ ਕਿ ਸਿੱਖ ਮਰਜੀਵੜੇ ਹਨ। ਸਿਰਸਾ ਨੇ ਕਿਹਾ ਕਿ ਮੈਂਨੂੰ ਸਿੱਖ ਹੋਣ ’ਤੇ ਮਾਣ ਹੈ। ਮੇਰੇ ਗੁਰੂ ਨੇ ਮੈਂਨੂੰ ਬੇਬਾਕ ਬੋਲਣ ਦਾ ਜੱਜ਼ਬਾ ਦਿੱਤਾ ਹੈ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਿੱਖ ਸੰਗਤ ਤੋਂ ਬਾਅਦ ਹੀ ਮੇਰੀ ਜਵਾਬਦੇਹੀ ਕਿਸੇ ਪਾਰਟੀ ਪ੍ਰਤੀ ਬਣਦੀ ਹੈ। ਦਿੱਲੀ ਕਮੇਟੀ ਸਿੱਖ ਮਾਮਲਿਆਂ ’ਤੇ ਕੌਮ ਦਾ ਸਿਰ ਕਦੇ ਵੀ ਨੀਵਾਂ ਨਹੀਂ ਹੋਣ ਦੇਵੇਗੀ।
ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਅਤੇ ਮੁਖ ਸਲਾਹਕਾਰ ਕੁਲਮੋਹਨ ਸਿੰਘ ਨੇ ਸਟੇਜ਼ ਸਕੱਤਰ ਦੀ ਸੇਵਾ ਨਿਭਾਈ। ਇਸ ਮੌਕੇ ਵੱਡੀ ਗਿਣਤੀ ’ਚ ਦਿੱਲੀ ਕਮੇਟੀ ਦੇ ਮੈਂਬਰ, ਦਲ ਪੰਥ ਬਾਬਾ ਬਿੱਧੀ ਚੰਦ ਦੇ ਮੁਖੀ ਬਾਬਾ ਅਵਤਾਰ ਸਿੰਘ, ਤਰਨਾ ਦਲ ਦੇ ਮੁਖੀ ਬਾਬਾ ਨਿਹਾਲ ਸਿੰਘ ਹਰਿਆਵੇਲਾਂ, ਟਿਕਾਣਾ ਸਾਹਿਬ ਦੇ ਸੰਤ ਅੰਮ੍ਰਿਤਪਾਲ ਸਿੰਘ ਸਣੇ ਕਈ ਸੰਤ ਮਹਾਪੁਰਸ਼ ਮੌਜੂਦ ਸਨ। ਗਾਇਕ ਦੀਪ ਜੋਤ ਓਸ਼ਨ ਨੇ ਧਾਰਮਿਕ ਗੀਤਾਂ ਦੀ ਵੀ ਇਸ ਮੌਕੇ ਪੇਸ਼ਕਾਰੀ ਕੀਤੀ।