ਫ਼ਤਹਿਗੜ੍ਹ ਸਾਹਿਬ – “ਬੀਤੇ ਕੁਝ ਦਿਨ ਪਹਿਲੇ ਕਠੂਆ, ਜੰਮੂ-ਕਸ਼ਮੀਰ ਵਿਚ ਇਕ ਮਾਸੂਮ 8 ਸਾਲਾ ਬੱਚੀ ਨਾਲ ਕੱਟੜਵਾਦੀ ਹਿੰਦੂਆਂ ਨੇ ਧਾਰਮਿਕ ਸਥਾਨ ਮੰਦਰ ਵਿਚ ਜਿਸ ਅਤਿ ਸ਼ਰਮਨਾਕ ਢੰਗ ਨਾਲ ਜ਼ਬਰ-ਜਿਨਾਹ ਕਰਕੇ ਉਸ ਨੂੰ ਮਾਰ ਦਿੱਤਾ ਅਤੇ ਯੁਨਾਅ (ਯੂਪੀ) ਵਿਚ ਬੀਜੇਪੀ ਦੇ ਐਮ.ਐਲ.ਏ. ਕੁਲਦੀਪ ਸਿੰਘ ਸਿੰਗਾਰ ਵੱਲੋਂ ਇਕ ਬੀਬਾ ਨਾਲ ਜ਼ਬਰ-ਜਿ਼ਨਾਹ ਕੀਤਾ ਗਿਆ ਅਤੇ ਹਿਮਾਚਲ ਦੇ ਕਸੌਲੀ ਸਹਿਰ ਵਿਚ ਕੰਟਰੀ ਪਲਾਨਿੰਗ ਵਿਭਾਗ ਦੀ ਇਕ ਬੀਬਾ ਅਫ਼ਸਰ ਸੈਲ ਬਾਲਾ ਨੂੰ ਦਿਨ-ਦਿਹਾੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਫਗਵਾੜਾ ਵਿਖੇ ਬਹੁਗਿਣਤੀ ਹਿੰਦੂਆਂ ਨੇ ਇਕ ਦਲਿਤ ਉਤੇ ਹਮਲਾ ਕਰਕੇ ਉਸ ਨੂੰ ਅਤਿ ਗੰਭੀਰ ਰੂਪ ਵਿਚ ਜਖ਼ਮੀ ਕਰ ਦਿੱਤਾ ਗਿਆ ਜੋ ਕਿ ਬਾਅਦ ਵਿਚ ਦਮ ਤੋੜ ਗਿਆ, ਇਹ ਦੁੱਖਦਾਇਕ ਘਟਨਾਵਾਂ ਮੁਤੱਸਵੀ ਮੋਦੀ ਹਕੂਮਤ ਅਤੇ ਬੀਜੇਪੀ ਦੇ ਨਿਜਾਮ ਵਾਲੇ ਸੂਬਿਆਂ ਦੀਆਂ ਹਕੂਮਤਾਂ ਦੇ ‘ਜੰਗਲ ਦੇ ਰਾਜ’ ਦੀ ਘਿਨੌਣੀ ਤਸਵੀਰ ਨੂੰ ਪੇਸ਼ ਕਰਦੀਆਂ ਹਨ । ਇਥੇ ਸਟੇਟ ਦਹਿਸ਼ਤਗਰਦੀ ਅਤੇ ਅਰਾਜਕਤਾ ਵੱਧ ਜਾਣ ਨੂੰ ਸਪੱਸ਼ਟ ਕਰਦੀਆਂ ਹਨ । ਜੋ ਕਿ ਇੰਡੀਆਂ ਦੇ ਅਮਨ-ਚੈਨ ਅਤੇ ਜਮਹੂਰੀਅਤ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਲਈ ਖ਼ਤਰੇ ਦੀ ਘੰਟੀ ਵਾਲੇ ਅਮਲ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਵਿਚ ਆਰ.ਐਸ.ਐਸ-ਬੀਜੇਪੀ ਅਤੇ ਹੋਰ ਫਿਰਕੂ ਕੱਟੜਵਾਦੀ ਜਮਾਤਾਂ ਦੇ ਹੁਕਮਰਾਨੀ ਜ਼ਬਰ-ਜੁਲਮਾਂ ਅਤੇ ਬੇਇਨਸਾਫ਼ੀਆਂ ਦੇ ਵੱਧ ਜਾਣ ਅਤੇ ਘੱਟ ਗਿਣਤੀ ਕੌਮਾਂ ਨਾਲ ਗੈਰ-ਕਾਨੂੰਨੀ ਅਤੇ ਅਣਮਨੁੱਖੀ ਤਰੀਕੇ ਹੋ ਰਹੇ ਜ਼ਬਰ ਦੀ ਜੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਮੌਜੂਦਾ ਮੁਤੱਸਵੀ ਮੋਦੀ ਹਕੂਮਤ ਦੇ ਨਿਜਾਮ ਦੀ ਅਸਫ਼ਲਤਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਬਾਹਰਲੇ ਮੁਲਕਾਂ ਵਿਚ ਜਿੰਨੀ ਮਰਜੀ ਆਪਣੇ ਇੰਡੀਆਂ ਦੀ ਮੀਡੀਏ ਅਤੇ ਬਿਜਲਈ ਮੀਡੀਏ ਵਿਚ ਅੱਛੀ ਤਸਵੀਰ ਪੇਸ਼ ਕਰੇ ਅਤੇ ਇੰਡੀਆਂ ਵਿਚ ਅਮਨ-ਚੈਨ ਅਤੇ ਜਮਹੂਰੀਅਤ ਕਦਰਾਂ-ਕੀਮਤਾਂ ਦੇ ਕਾਇਮ ਹੋਣ ਦਾ ਜਿੰਨਾ ਮਰਜੀ ਝੂਠਾ ਰੌਲਾ ਪਾ ਲਵੇ । ਪਰ ਜਦੋਂ ਤੱਕ ਇਥੇ ਵੱਸਣ ਵਾਲੀਆਂ ਘੱਟ ਗਿਣਤੀ ਮੁਸਲਿਮ, ਇਸਾਈ, ਸਿੱਖ, ਦਲਿਤ, ਪੱਛੜੇ ਵਰਗ ਅਤੇ ਕਬੀਲਿਆਂ ਨੂੰ ਉਨ੍ਹਾਂ ਦੇ ਵਿਧਾਨਿਕ, ਆਜ਼ਾਦੀ ਦੇ ਹੱਕ ਅਮਲੀ ਰੂਪ ਵਿੱਚ ਪ੍ਰਦਾਨ ਨਹੀਂ ਕੀਤੇ ਜਾਂਦੇ ਅਤੇ ਉਨ੍ਹਾਂ ਨੂੰ ਬਰਾਬਰ ਦੇ ਅਧਿਕਾਰ ਨਹੀਂ ਦਿੱਤੇ ਜਾਂਦੇ, ਉਸ ਸਮੇਂ ਤੱਕ ਇਥੇ ਅਮਨ-ਚੈਨ ਕਾਇਮ ਰੱਖਣਾ ਅਸੰਭਵ ਹੈ । ਉਨ੍ਹਾਂ ਇਹ ਵੀ ਕਿਹਾ ਕਿ ਉਪਰੋਕਤ ਦੁੱਖਦਾਇਕ ਘਟਨਾਵਾਂ ਤੋਂ ਜਾਹਿਰ ਹੋ ਜਾਂਦਾ ਹੈ ਕਿ ਇੱਥੋਂ ਦੇ ਨਿਜਾਮੀ ਪ੍ਰਬੰਧ ਵਿਚ ਵੱਡੀਆਂ ਕਮੀਆਂ ਹਨ ਅਤੇ ਹਿੰਦੂਤਵ ਕੱਟੜਵਾਦੀ ਸੋਚ ਦਾ ਬੋਲਬਾਲਾ ਹੋ ਚੁੱਕਾ ਹੈ। ਹਿੰਦੂਤਵ ਹੁਕਮਰਾਨ ਹਿੰਦੂ ਸੋਚ ਨੂੰ ਜ਼ਬਰੀ ਲਾਗੂ ਕਰਕੇ ਘੱਟ ਗਿਣਤੀ ਕੌਮਾਂ ਵਿੱਚ ਖੁਦ ਵੱਡੀ ਬੇਚੈਨੀ ਪੈਦਾ ਕਰ ਰਹੇ ਹਨ। ਜਿਸਦੇ ਨਤੀਜੇ ਇੱਥੋਂ ਦੇ ਹੁਕਮਰਾਨਾਂ ਅਤੇ ਅਮਨ-ਚੈਨ ਲਈ ਕਤਈ ਸਹੀ ਸਾਬਤ ਨਹੀਂ ਹੋਣਗੇ ।
ਉਨ੍ਹਾਂ ਕਿਹਾ ਕਿ ਚੀਨ ਵਰਗੇ ਵੱਡੇ ਮੁਲਕ ਨੂੰ ਖੁਸ਼ ਕਰਨ ਲਈ ਸ੍ਰੀ ਮੋਦੀ ਹਕੂਮਤ ਨੇ ਮਨੁੱਖੀ ਕਦਰਾਂ-ਕੀਮਤਾਂ ਦਾ ਘਾਣ ਕਰਕੇ ਤਿੱਬਤ ਦੇ ਆਗੂ ਸ੍ਰੀ ਦਲਾਈ ਲਾਮਾ ਜਿਸ ਨੂੰ ਇੰਡੀਆ ਨੇ ਸ਼ਰਨ ਦਿੱਤੀ ਹੋਈ ਹੈ, ਉਸ ਨੂੰ ਧਰਮਸਾਲਾ (ਹਿਮਾਚਲ) ਦੇ ਘਰ ਵਿਚ ਹੀ ਬੰਦ ਕਰਕੇ ਮਨੁੱਖੀ ਨਿਯਮਾਂ ਦਾ ਉਲੰਘਣ ਕੀਤਾ ਹੈ। ਅਜਿਹਾ ਇਸ ਕਰਕੇ ਕੀਤਾ ਗਿਆ ਹੈ ਤਾਂ ਕਿ ਬੀਤੇ ਦਿਨੀਂ ਸ੍ਰੀ ਮੋਦੀ ਦੀ ਚੀਨ ਯਾਤਰਾ ਨੂੰ ਸਫ਼ਲ ਬਣਾਇਆ ਜਾ ਸਕੇ। ਜਦੋਂਕਿ ਚੀਨ ਦੇ ਅਧਿਕਾਰੀਆਂ ਨੇ ਸ੍ਰੀ ਮੋਦੀ ਨੂੰ ਇਕ ਝੀਲ ਦੇ ਸਿਕਾਰੇ ਵਿਚ ਸੈਰ ਕਰਵਾਕੇ ਅਤੇ ਕਈ ਹੋਰ ਥਾਂਵਾ ਤੇ ਘੁਮਾਕੇ ਵਾਪਸ ਭੇਜ ਦਿੱਤਾ ਹੈ ਅਤੇ ਕੋਈ ਮਨੁੱਖਤਾ ਪੱਖੀ ਪ੍ਰਾਪਤੀ ਨਹੀਂ ਹੋ ਸਕੀ । ਫਿਰ ਇਸ ਯਾਤਰਾ ਨੂੰ ਕਿਸ ਤਰ੍ਹਾਂ ਸਫ਼ਲ ਕਰਾਰ ਦਿੱਤਾ ਜਾ ਸਕਦਾ ਹੈ ? ਦੂਸਰਾ ਮੋਦੀ ਹਕੂਮਤ ਵੱਲੋਂ ਅਮਰੀਕਾ, ਆਸਟ੍ਰੇਲੀਆ, ਜਪਾਨ, ਵੀਅਤਨਾਮ ਆਦਿ ਨਾਲ ਫ਼ੌਜੀ ਸਮਝੌਤੇ ਕੀਤੇ ਜਾ ਰਹੇ ਹਨ, ਜੋ ਕਿ ਚੀਨ, ਰੂਸ, ਪਾਕਿਸਤਾਨ, ਉਤਰੀ ਕੋਰੀਆ ਦੇ ਕੌਮਾਂਤਰੀ ਪੱਧਰ ਦੇ ਬਣ ਰਹੇ ਵੱਡੇ ਗਰੁੱਪ ਦੇ ਵਿਰੋਧੀ ਅਮਲ ਹਨ । ਫਿਰ ਸ੍ਰੀ ਮੋਦੀ ਚੀਨ ਦੀ ਯਾਤਰਾ ਕਰਕੇ ਇੰਡੀਆ ਲਈ ਜਾਂ ਮਨੁੱਖਤਾ ਲਈ ਕੀ ਪ੍ਰਾਪਤੀ ਕਰ ਰਹੇ ਹਨ ? ਅੱਜ ਦੀ ਨਵੀਂ ਸੂਚਨਾ ਇਹ ਹੈ ਕਿ ਫ਼ਰਾਂਸ ਨੇ ਇੰਡੀਆ ਨਾਲ ਕੀਤੇ ਗਏ ਸਮਝੌਤੇ ਤੋਂ ਪਿੱਛੇ ਹੱਟ ਗਿਆ ਹੈ, ਜੋ ਪ੍ਰਤੱਖ ਹੈ ਕਿ ਫ਼ਰਾਂਸ ਚੀਨ ਵਾਲੇ ਫੌਜੀ ਗਰੁੱਪ ਵਿਚ ਜਾਵੇਗਾ ।