ਲੁਧਿਆਣਾ – ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿ¤ਚ ਪਸਾਰ ਮਾਹਿਰਾਂ ਦੀ ਦੋ ਰੋਜ਼ਾ ਵਰਕਸ਼ਾਪ ਆਰੰਭ ਹੋਈ । ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਸਬਜ਼ੀਆਂ, ਫੁੱਲਾਂ ਦੀ ਕਾਸ਼ਤ ਅਤੇ ਰੇਸ਼ਮ ਦੇ ਕੀੜਿਆਂ ਦੇ ਵਿਕਾਸ ਦੇ ਨਾਲ-ਨਾਲ ਵਾਢੀ ਤੋਂ ਬਾਅਦ ਫ਼ਸਲ ਦੇ ਪ੍ਰਬੰਧਨ, ਫਾਰਮ ਪਾਵਰ ਅਤੇ ਮਸ਼ੀਨਰੀ, ਭੋਜਨ-ਤਕਨਾਲੋਜੀ ਅਤੇ ਖੇਤੀ-ਆਰਥਿਕਤਾ ਦੇ ਸੰਬੰਧ ਵਿੱਚ ਨਵੀਆਂ ਤਕਨੀਕਾਂ ਦੀ ਜਾਣਕਾਰੀ ਸੰਬੰਧੀ ਵਿਚਾਰ ਕਰਨਾ ਸੀ । ਪੰਜਾਬ ਬਾਗਬਾਨੀ ਵਿਭਾਗ ਦੇ ਡਿਪਟੀ ਨਿਰਦੇਸ਼ਕਾਂ ਤੋਂ ਇਲਾਵਾ ਜ਼ਿਲ੍ਹਾ ਬਾਗਬਾਨੀ ਵਿਭਾਗ ਅਫ਼ਸਰਾਂ, ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਜ਼ਿਲ੍ਹਾ ਪਸਾਰ ਮਾਹਿਰ, ਯੂਨੀਵਰਸਿਟੀ ਦੇ ਡੀਨਜ਼ ਅਤੇ ਹੋਰ ਫੈਕਲਟੀ ਇਸ ਵਰਕਸ਼ਾਪ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ । ਸਭ ਤੋਂ ਪਹਿਲਾਂ ਐਗਰੀਕਲਚਰ ਕਾਲਜ ਦੇ ਡੀਨ ਡਾ. ਐਸ.ਐਸ. ਕੁੱਕਲ ਨੇ ਆਏ ਹੋਏ ਮਹਿਮਾਨਾਂ ਅਤੇ ਮਾਹਿਰਾਂ ਦਾ ਸਵਾਗਤ ਕੀਤਾ ।
ਮੁੱਖ ਭਾਸ਼ਣ ਵਿੱਚ ਡਾ. ਬਲਦੇਵ ਸਿੰਘ ਢਿੱਲੋਂ ਉਪ ਕੁਲਪਤੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਨਿਜੀ ਖੇਤਰ ਵੱਲੋਂ ਕੀਤੇ ਜਾ ਰਹੇ ਤਿੱਖੇ ਪ੍ਰਚਾਰ ਦੇ ਮੁਕਾਬਲੇ ਲਈ ਬੀਜ ਉਤਪਾਦਨ ਵਿਧੀ ਦੇ ਵਿਕਾਸ ਉਪਰ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਸੰਬੰਧ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਵਿਕਸਤ ਕੀਤੀ ਅਤੇ ਪੂਰੇ ਪੰਜਾਬ ਵਿੱਚ ਪ੍ਰਵਾਨਿਤ ਹੋਈ ਪੂਸਾ-44 ਕਿਸਮ ਬਾਰੇ ਗੱਲ ਕਰਦਿਆਂ ਇਸ ਕਿਸਮ ਦੇ ਉਤਪਾਦਨ, ਆਮਦਨੀ ਅਤੇ ਲਾਭ ਬਾਰੇ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਦੇ ਖੇਤੀਬਾੜੀ ਪਰਿਵਾਰਾਂ ਦੀ ਆਮਦਨ ਹਰਿਆਣੇ ਨਾਲੋਂ 50% ਜ਼ਿਆਦਾ ਹੈ ਪਰ ਮਿੱਟੀ ਦੀ ਸਿਹਤ, ਕੀੜੇਮਾਰ ਦਵਾਈਆਂ ਦੀ ਵਰਤੋਂ ਅਤੇ ਵਾਢੀ ਤੋਂ ਬਾਅਦ ਦੇ ਨੁਕਸਾਨ, ਭੰਡਾਰਨ ਅਤੇ ਮਾਰਕੀਟਿੰਗ ਪੰਜਾਬ ਦੀ ਖੇਤੀ ਦੇ ਬਹੁਤ ਗੰਭੀਰ ਮੁੱਦੇ ਹਨ । ਡਾ. ਢਿੱਲੋਂ ਨੇ ਆਪਣੇ ਭਾਸ਼ਣ ਵਿੱਚ ਸ਼ਹਿਰੀ ਖੇਤਰਾਂ ਵਿੱਚ ਬਾਗਬਾਨੀ ਦੇ ਤਰੀਕਿਆਂ, ਮਿੱਟੀ ਰਹਿਤ ਬਿਜਾਈ, ਕੀਟਨਾਸ਼ਕਾਂ ਦੀ ਸਹੀ ਵਰਤੋਂ, ਆਲੂ ਦੇ ਵਧੀਆ ਬੀਜਾਂ ਦਾ ਉਤਪਾਦਨ ਅਤੇ ਟਮਾਟਰਾਂ ਦੀ ਸਾਂਭ-ਸੰਭਾਲ ਬਾਰੇ ਬਹੁਤ ਸਾਰੇ ਕੀਮਤੀ ਨੁਕਤੇ ਪੇਸ਼ ਕੀਤੇ ।
ਬਾਗਬਾਨੀ ਨਿਰਦੇਸ਼ਕ ਪੰਜਾਬ ਡਾ. ਪੀ.ਐਸ. ਔਲਖ ਨੇ ਕਿਹਾ ਕਿ ਪੰਜਾਬ ਸਰਕਾਰ ਬਾਗਬਾਨੀ ਹੇਠਲੇ ਰਕਬੇ ਨੂੰ 4 ਪ੍ਰਤੀਸ਼ਤ ਤੋਂ 10 ਪ੍ਰਤੀਸ਼ਤ ਤੱਕ ਵਧਾਉਣ ਲਈ ਵਚਨਬੱਧ ਹੈ । ਵਿਦੇਸ਼ੀ ਸਬਜ਼ੀਆਂ ਜਿਵੇਂ ਬਰੌਕਲੀ, ਪਰਪਲ ਗੋਭੀ, ਚੈਰੀ ਟਮਾਟਰ ਅਤੇ ਸਵੀਟ ਕੌਰਨ ਦੀ ਬਿਜਾਈ ਖੇਤੀ-ਵਿਭਿੰਨਤਾ ਦੇ ਖੇਤਰ ਵਿੱਚ ਬਹੁਤ ਅਹਿਮ ਹਿ¤ਸਾ ਪਾ ਸਕਦੀ ਹੈ । ਡਾ. ਔਲਖ ਨੇ ਸਾਂਝੇ ਕੀਟ-ਪ੍ਰਬੰਧਨ (ਆਈ ਪੀ ਐਮ) ਉਪਰ ਜ਼ੋਰ ਦਿੰਦਿਆਂ ਆਲੂ ਉਤਪਾਦਨ ਦੀ ਤਕਨੀਕ ਅਤੇ ਮਸ਼ੀਨਰੀ ਦੇ ਨਾਲ ਭੰਡਾਰਨ ਦੇ ਵਿਕਾਸ, ਪਿਆਜ਼ ਦੀ ਸਾਂਭ-ਸੰਭਾਲ, ਕੱਦੂ ਜਾਤੀ ਦੀਆਂ ਕਿਸਮਾਂ ਲਈ ਫਰੂਟ ਫਲਾਈ ਟਰੈਪ ਦੀ ਨਵੀਂ ਤਕਨੀਕ ਬਾਰੇ ਜਾਣਕਾਰੀ ਦਿੱਤੀ ਜਿਸ ਨਾਲ ਪੈਕਿੰਗ ਦੀ ਗੁਣਵੱਤਾ ਨੂੰ ਸੁਧਾਰਿਆ ਜਾ ਸਕੇਗਾ । ਉਨ੍ਹਾਂ ਨੇ ਕਿਹਾ ਕਿ ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ ਅਤੇ ਰੂਪ ਨਗਰ ਦੇ ਬੇਜ਼ਮੀਨੇ ਲੋਕ ਰੇਸ਼ਮ ਦੇ ਕੀੜੇ ਪਾਲਣ ਦੇ ਧੰਦੇ ਨਾਲ ਜੁੜ ਕੇ ਮੁਨਾਫ਼ਾ ਕਮਾ ਸਕਦੇ ਹਨ ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਐਨ. ਐਸ. ਬੈਂਸ ਨੇ ਖੋਜ ਪ੍ਰੋਗਰਾਮ ਦੀ ਰੂਪ-ਰੇਖਾ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਯੂਨੀਵਰਸਿਟੀ ਨੇ ਅੱਠ ਨਵੀਆਂ ਕਿਸਮਾਂ ਈਜਾਦ ਕੀਤੀਆਂ ਹਨ ਜਿਨ੍ਹਾਂ ਦੇ ਨਾਂ ’ਪੰਜਾਬ ਖੀਰਾ-1’, ’ਪੰਜਾਬ ਸਵਰਨ’ ਟਮਾਟਰ, ’ਪੰਜਾਬ ਟੀਂਡਾ-1’, ’ਪੀਏਯੂ ਮਗਜ਼ ਕੱਦੂ-1’, ’ਪੰਜਾਬ ਨਿਧੀ’ ਬੈਂਗਣ, ’ਕੁਫ਼ਰੀ ਗੰਗਾ’ ਆਲੂ ’ਪੰਜਾਬ ਮੋਹਨੀ’ ਅਤੇ ’ਪੰਜਾਬ ਸ਼ਿੰਗਾਰ’ ਗੁਲਦਾਊਦੀ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਕਿਸਮਾਂ ਰਾਜ ਦੀ ਖੇਤੀ ਵਿਭਿੰਨਤਾ ਨੂੰ ਪ੍ਰਵਾਨਗੀ ਕਮੇਟੀ ਕੋਲ ਪ੍ਰਵਾਨਗੀ ਲਈ ਭੇਜੀਆਂ ਗਈਆਂ ਹਨ । ਡਾ. ਬੈਂਸ ਨੇ ਇਸ ਤੋਂ ਬਿਨਾਂ ਫ਼ਸਲ ਦੀ ਵਢਾਈ ਤੋਂ ਬਾਅਦ ਦੇ ਪ੍ਰਬੰਧਨ, ਭੰਡਾਰਨ ਤਕਨੀਕ ਦੇ ਨਾਲ-ਨਾਲ ਉਤਪਾਦਨ ਅਤੇ ਸਾਂਭ-ਸੰਭਾਲ ਦੀਆਂ ਨਵੀਆਂ ਤਜਵੀਜ਼ਾਂ ਉਪਰ ਵੀ ਰੌਸ਼ਨੀ ਪਾਈ ।
ਨਿਰਦੇਸ਼ਕ ਪਸਾਰ ਸਿਖਿਆ ਡਾ. ਜੇ.ਐਸ. ਮਾਹਲ ਨੇ ਸਭ ਦਾ ਧੰਨਵਾਦ ਕੀਤਾ । ਪਸਾਰ ਸਿੱਖਿਆ ਦੇ ਪ੍ਰੋਫੈਸਰ ਡਾ. ਟੀ.ਐਸ. ਰਿਆੜ ਨੇ ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਕੀਤਾ ।
ਇਸ ਮੌਕੇ ਮੁੱਖ ਮਹਿਮਾਨ ਡਾ. ਢਿੱਲੋਂ ਨੇ ‘‘ਕਰੀਸੈਂਥੇਮਮ’ ’ਨਾਂ ਹੇਠ ਡਾ. ਮਧੂ ਬਾਲਾ ਅਤੇ ਡਾ. ਐਚ.ਐਸ. ਗਰੇਵਾਲ ਅਤੇ ‘ਲੈਂਡਸਕੇਪ ਯੂਜ ਆਫ ਔਰਨਾਮੈਂਟਲ ਪਲਾਂਟਸ’ ਲੇਖਕ ਆਰ.ਕੇ. ਦੂਬੇ ਅਤੇ ਐਚ.ਐਸ. ਗਰੇਵਾਲ ਦੀਆਂ ਕਿਤਾਬਾਂ ਨੂੰ ਰਿਲੀਜ਼ ਕੀਤਾ । ਪੀਏਯੂ ਦੇ ਵਿਭਿੰਨ ਵਿਭਾਗਾਂ ਵੱਲੋਂ ਵੱਖ-ਵੱਖ ਫ਼ਸਲੀ ਕਿਸਮਾਂ ਅਤੇ ਤਕਨੀਕਾਂ ਦੀ ਇੱਕ ਨੁਮਾਇਸ਼ ਇਸ ਮੌਕੇ ਵਿਸ਼ੇਸ਼ ਤੌਰ ਤੇ ਲਗਾਈ ਗਈ ਸੀ ।