ਮਾਂ ਇੱਕ ਅਜਿਹਾ ਸ਼ਬਦ ਹੈ ਜਿਸ ਨੂੰ ਬੋਲਣ ਲੱਗੇ ਧੁਰ ਅੰਦਰ ਤੋਂ ਆਵਾਜ਼ ਨਿਕਲਦੀ ਹੈ। ਜਿਸ ਨੂੰ ਬੋਲ ਕੇ ਮੂੰਹ ਮਿਠਾਸ ਨਾਲ ਭਰਿਆ ਮਹਿਸੂਸ ਹੁੰਦਾ ਹੈ। ਇਸ ਸ਼ਬਦ ਦੇ ਰਸ ਨਾਲ ਜ਼ੁਬਾਨ ਤਰੋ ਤਾਜ਼ਾ ਹੋ ਜਾਂਦੀ ਹੈ। ਰੱਬ ਦੁਆਰਾ ਪੈਦਾ ਕੀਤੇ ਇਸ ਜੀਵ (ਜਿਸ ਨੂੰ ਰੱਬ ਦਾ ਦੂਜਾ ਰੂਪ ਵੀ ਕਿਹਾ ਜਾਂਦਾ ਹੈ) ਦੇ ਗੁਣਾਂ ਦੀ ਮਹਿਮਾਂ ਨੂੰ ਸ਼ਬਦਾਂ ਵਿੱਚ ਪ੍ਰਗਟਾਇਆ ਜਾਂ ਬਿਆਨ ਨਹੀਂ ਕੀਤਾ ਜਾ ਸਕਦਾ। ਇੱਕ ਚੰਗੇ ਮਨੁੱਖ ਦਾ (ਭਾਵੇਂ ਕਿਸੇ ਵੀ ਅਹੁਦੇ ਤੇ ਪਹੁੰਚ ਜਾਵੇ) ਇਥੋਂ ਤੱਕ ਕਿ ਗੁਰੂ, ਪੀਰ, ਪੈਗੰਬਰ ਆਦਿ ਦਾ ਵੀ ਸਿਰ ਮਾਂ ਦੇ ਅੱਗੇ ਸ਼ਰਧਾ ਨਾਲ ਆਪਣੇ ਆਪ ਹੀ ਝੁੱਕ ਜਾਂਦਾ ਹੈ। ਉਹ ਮਾਂ ਹੀ ਹੈ ਜੋ ਆਪਣੀ ਜਾਨ ਨੂੰ ਜੋਖਿਮ ਵਿੱਚ ਪਾ ਕੇ ਬੱਚੇ ਨੂੰ ਜਨਮ ਦਿੰਦੀ ਹੈ। ਬੱਚੇ ਦੇ ਛੋਟੇ ਹੋਣ ਦੀ ਅਵਸਥਾ ਵਿੱਚ ਰਾਤ ਨੂੰ ਖੁਦ ਗਿੱਲੀ ਜਗ੍ਹਾ ਸੌ ਜਾਂਦੀ ਹੈ ਤੇ ਬੱਚੇ ਨੂੰ ਸੁੱਕੀ ਜਗ੍ਹਾ ਸੁਲਾਂਉਦੀ ਹੈ। ਗੱਲ ਕੀ ਜਿਸਨੂੰ ਅਸੀਂ ਮਾਂ ਕਹਿੰਦੇ ਹਾਂ ਉਹ ਰੱਬ ਦੁਆਰਾ ਬਣਾਇਆ ਅਜਿਹਾ ਜੀਵ ਹੈ ਜੋ ਕਿ ਆਪਣੀਆਂ ਸਾਰੀਆਂ ਸੁੱਖ ਸੁਵਿਧਾਵਾਂ ਦਾ ਤਿਆਗ ਕਰਕੇ, ਦੁੱਖ ਤਕਲੀਫਾਂ ਨੂੰ ਹੱਸ ਕੇ ਸਹਾਰਦੇ ਹੋਏ, ਬੱਚੇ ਦੀ ਦੇਖ-ਭਾਲ ਕਰਕੇ ਉਸਨੂੰ ਧਰਤੀ ਤੇ ਚੱਲਣ ਵਾਲਾ ਜੀਵ ਬਣਾ ਦਿੰਦੀ ਹੈ। ਮਾਂ ਨੂੰ ਬੱਚੇ ਦੇ ਪਹਿਲੇ ਅਧਿਆਪਕ ਹੋਣ ਦਾ ਮਾਣ ਪ੍ਰਾਪਤ ਹੈ। ਮਾਂ ਦੁਆਰਾ ਦਿੱਤੀ ਸਿੱਖਿਆ ਅਤੇ ਸੰਸਕਾਰ ਪੂਰੀ ਉਮਰ ਵਿਅਕਤੀ ਦੇ ਨਾਲ ਰਹਿੰਦੇ ਹਨ। ਮਾਂ ਦੇ ਬੱਚੇ ਦੇ ਪ੍ਰਤੀ ਇਸ ਸਮਰਪਣ ਦੇ ਕਾਰਨ ਹੀ ਇਸਲਾਮ ਧਰਮ ਵਿੱਚ ਕਿਹਾ ਗਿਆ ਹੈ ਕਿ “ਮਾਂ ਦੇ ਪੈਰਾਂ ਹੇਠ ਜੰਨਤ (ਸਵਰਗ) ਹੈ”। ਭਾਵ ਮਾਂ ਦੀ ਸੇਵਾ ਅਤੇ ਸਤਿਕਾਰ ਕੀਤਾ ਬਿਨ੍ਹਾਂ ਸਵਰਗ ਦੀ ਪ੍ਰਾਪਤੀ ਅਸੰਭਵ ਹੈ। ਜੋ ਕਿ ਮਾਂ ਦੇ ਉੱਚੇ ਮੁਕਾਮ ਵੱਲ ਸੰਕੇਤ ਕਰਦਾ ਹੈ।
ਮਾਂ ਦੇ ਸਨਮਾਨ ਵਿੱਚ ਵਿਸ਼ਵ ਪੱਧਰ ਤੇ ਹਰ ਸਾਲ ਮਈ ਮਹੀਨੇ ਦੇ ਦੂਸਰੇ ਐਤਵਾਰ ਨੂੰ ਮਾਂ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਪਰ ਮੈਂ ਸਮਝਦਾ ਹਾਂ ਕਿ ਪੂਰੇ ਸਾਲ ਵਿੱਚ ਇੱਕ ਦਿਨ ਨੂੰ ਮਾਂ ਦਿਵਸ ਦੇ ਰੂਪ ਵਿੱਚ ਮਨਾ ਲੈਣਾ ਸਾਡੇ ਸੱਭਿਆਚਾਰ, ਸਾਡੀਆਂ ਸਮਾਜਿਕ ਅਤੇ ਧਾਰਮਿਕ ਪਰੰਪਰਾਵਾਂ ਦੇ ਅਨੁਸਾਰ ਠੀਕ ਨਹੀਂ। ਜਦੋਂ ਕਿ ਸਾਡੀਆਂ ਧਾਰਮਿਕ ਪੁਸਤਕਾਂ ਅਤੇ ਸਮਾਜਿਕ ਪਰੰਪਰਾਵਾਂ ਤਾਂ ਇਹ ਕਹਿੰਦੀਆਂ ਹਨ ਕਿ ਜੇਕਰ ਅਸੀਂ ਸਾਰੀ ਉਮਰ ਵੀ ਮਾਂ ਦੀ ਸੇਵਾ ਕਰ ਲਈਏ ਤਾਂ ਵੀ ਬੱਚੇ ਨੂੰ ਜਨਮ ਦਿੰਦੇ ਸਮੇਂ ਸਹਿਣ ਕੀਤੀਆਂ ਗਈਆਂ ਪ੍ਰਸੂਤਾ ਪੀੜਾਂ ਦਾ, ਉਹਨਾਂ ਰਾਤਾਂ ਦਾ ਜਦੋਂ ਉਹ ਖੁਦ ਬੱਚੇ ਦੇ ਪਿਸ਼ਾਬ ਕਰਨ ਵਾਲੇ ਸਥਾਨ ਤੇ ਸੋ ਕੇ ਬੱਚੇ ਨੂੰ ਸੁੱਕੀ ਜਗ੍ਹਾ ਸੁਲਾਂਉਦੀ ਸੀ ਦਾ ਮੁੱਲ ਨਹੀਂ ਮੋੜ ਸਕਦੇ । ਉਂਝ ਵੀ ਮਾਂ ਦੇ ਸਨਮਾਣ ਵਿੱਚ ਇਹ ਕਿਹੋ ਜਿਹਾ ਮਾਂ ਦਿਵਸ ਹੋਇਆ ਕਿ ਸੋਸਲ ਮੀਡੀਆ ਵਟਸ ਐਪ, ਟਵੀਟਰ ਜਾਂ ਫੇਸ ਬੁੱਕ ਆਦਿ ਤੇ ਮਾਂ ਦੇ ਸਨਮਾਨ ਲਈ ਕੁਝ ਸ਼ਬਦ ਜਾਂ ਸਲੋਗਨ ਅਪਲੋਡ ਕਰਕੇ ਜਾਂ ਸੈਮੀਨਾਰਾਂ ਆਦਿ ਵਿੱਚ ਭਾਸ਼ਣ ਦੇ ਕੇ ਮਾਂ ਦਿਵਸ ਨੂੰ ਲੋਕ ਦਿਖਾਵੇ ਦੇ ਸਾਧਨ ਮਾਤਰ ਦੇ ਰੂਪ ਵਿੱਚ ਮਨਾਉਣ ਦੀ ਪਰੰਪਰਾ ਆਰੰਭ ਕਰ ਲਈ ਗਈ ਹੈ। ਭਾਵੇਂ ਕਿ ਇਸ ਤਰ੍ਹਾਂ ਦਾ ਢੌਂਗ ਕਰਦੇ ਸਮੇਂ ਮਾਂ ਦਿਵਸ ਮਨਾਉਣ ਵਾਲਿਆਂ ਦੀ ਆਪਣੀ ਮਾਂ ਪਾਣੀ ਦੇ ਗਿਲਾਸ ਲਈ ਆਵਾਜ਼ਾਂ ਮਾਰ-ਮਾਰ ਕੇ ਥੱਕ ਗਈ ਹੋਵੇ ਜਿਸਨੂੰ ਕੇ ਗਲ ਸੁਕੱਣ ਦੇ ਕਾਰਨ, ਸਾਹ ਲੈਣਾ ਵੀ ਔਖਾ ਹੋ ਰਿਹਾ ਹੋਵੇ ਤੇ ਬੇਟਾ ਮਾਂ ਦਿਵਸ ਮਨਾਉਣ ਵਿੱਚ ਰੁੱਝਿਆ ਹੋਵੇ। ਵਟਸ ਐਪ ਜਾਂ ਫੇਸ ਬੁੱਕ ਤੇ ਮਾਂ ਦੇ ਸਨਮਾਨ ਲਈ ਪਾੲ ਗਏੇ ਸਲੋਗਨਾਂ ਨੂੰ ਦੇਖ ਕੇ ਤਾਂ ਇਸ ਤਰ੍ਹਾਂ ਲੱਗਦਾ ਹੈ ਕੇ ਅੱਜ ਦੇ ਯੁੱਗ ਦੀ ਮਾਂ ਬਹੁਤ ਖੁਸ਼ ਕਿਸਮਤ ਹੈ ਕਿ ਉਸ ਨੂੰ ਇੰਨ੍ਹਾਂ ਪਿਆਰ ਤੇ ਸਤਿਕਾਰ ਕਰਨ ਵਾਲੀ ਔਲਾਦ ਮਿਲੀ ਹੈ। ਉਸਦੀ ਤਾਂ ਜੂਨੀ ਸੁਧਰ ਗਈ ਹੈ। ਦੁਨੀਆਂ ਭਰ ਦੀਆਂ ਖੁਸ਼ੀਆਂ ਅਤੇ ਸੁੱਖ ਸੁਵੀਧਾਵਾਂ ਉਸਦੇ ਕਦਮਾਂ ਵਿੱਚ ਹਨ। ਪਰ ਅਸਲ ਸਥਿਤੀ ਤੋਂ ਤਾਂ ਇਹ ਸਲੋਗਨ ਕੋਹਾਂ ਦੂਰ ਹਨ। ਅੱਜ ਆਮ ਤੌਰ ਤੇ ਸਰਦੇ-ਪੁੱਜਦੇ ਘਰਾਂ ਦੀ ਸਥਿਤੀ ਵੀ ਬਜੁਰਗਾਂ ਦੀ ਸੇਵਾ ਕਰਨ ਵਿੱਚ ਬਹੁਤ ਨਿਗਰਦੀ ਜਾ ਰਹੀ ਹੈ। ਬਿਰਧ ਆਸ਼ਰਮ ਪੱਛਮੀ ਦੇਸ਼ਾਂ ਦੀ ਤਰਜ਼ ਤੇ ਭਾਰਤ ਵਿੱਚ ਖੋਲਣ ਦੀਆਂ ਚਰਚਾਵਾਂ ਅੱਜ ਦੀ ਨੌਜਵਾਨ ਪੀੜ੍ਹੀ ਦੇ ਮੂੰਹੋਂ ਆਮ ਹੀ ਸੁਨਣ ਨੂੰ ਮਿਲਦੀਆਂ ਹਨ। ਤਾਂ ਕੇ ਮਾਪਿਆਂ ਨੂੰ ਬੁਡਾਪੇ ਦੀ ਹਾਲਤ ਵਿੱਚ ਬਿਰਧ ਆਸ਼ਰਮਾਂ ਵਿੱਚ ਛੱਡ ਕੇ ਉਨ੍ਹਾਂ ਦੀ ਸੇਵਾ ਤੋਂ ਸੁਰਖਰੂ ਹੋਇਆ ਜਾ ਸਕੇ। ਗੱਲ ਕੀ ਅੱਜ ਸਾਡਾ ਸਮਾਜ ਅਜਿਹੇ ਦਰਦਨਾਕ ਸਮੇਂ ਵਿੱਚੋਂ ਨਿਕਲ ਰਿਹਾ ਹੈ ਜਿੱਥੇ ਆਪਣੀ ਔਲਾਦ ਤੇ ਸਭ ਕੁਝ ਨਿਛਾਵਰ ਕਰਨ ਤੋਂ ਬਾਅਦ ਬੁਢਾਪੇ ਦੀ ਹਾਲਤ ਵਿੱਚ ਬਜੁਰਗ ਆਪਣੀਆਂ ਮੁੱਢਲੀਆਂ ਆਰਥਿਕ ਲੋੜਾਂ (ਰੋਟੀ-ਕੱਪੜੇ ਆਦਿ) ਦੀ ਪੂਰਤੀ ਲਈ ਵੀ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹਨ। ਡੰਗਰਾਂ ਵਾਲੇ ਕਮਰੇ ਵਿੱਚ ਆਪਣੀ ਜਿੰਦਗੀ ਦੇ ਅੰਤਿਮ ਦਿਨ ਗਿਣਦੇ ਹੋਏ ਪਲ ਪਲ ਮਰ ਰਹੇ ਹਨ।
ਸੋ ਲੋੜ ਮਾਂ ਦਿਵਸ ਵਰਗੇ ਦਿਵਸ ਮਨਾ ਕੇ ਸ਼ੋਸ਼ੇਬਾਜ਼ੀ ਕਰਨ ਦੀ ਨਹੀ ਸਗੋਂ ਜਰੂਰਤ ਹੈ ਆਪਣੇ ਮਾਪਿਆਂ ਨੂੰ ਅਸਲ ਰੂਪ ਵਿੱਚ ਪਿਆਰ ਕਰਨ ਦੀ, ਦਿਲੋਂ ਸਤਿਕਾਰ ਦੇਣ ਦੀ, ਉਹਨਾਂ ਦੀਆਂ ਸੁੱਖ-ਸੁਵਿਧਾਵਾਂ ਦਾ ਧਿਆਨ ਰੱਖਣ ਦੀ, ਉਹਨਾਂ ਦੀ ਗੱਲ ਨੂੰ ਧਿਆਨ ਨਾਲ ਸੁਨਣ ਦੀ, ਉਹਨਾਂ ਨਾਲ ਦਿਨ ਦੇ ਸਮੇਂ ਵਿੱਚੋਂ ਕੁਝ ਸਮਾਂ ਬਿਤਾਉਣ ਦੀ ਹੈ।ਇਸ ਤਰ੍ਹਾਂ ਕਰਕੇ ਹੀ ਅਸੀ ਸੱਚੇ ਅਰਥਾਂ ਵਿੱਚ ਉਹਨਾਂ ਦਾ ਸਨਮਾਨ ਕਰ ਸਕਦੇ ਹਾਂ। ਜਿਸ ਤਰ੍ਹਾਂ ਹਰ ਮਾਂ-ਬਾਪ ਆਪਣੇ ਬੱਚਿਆਂ ਨੂੰ ਆਪਣੀ ਹੈਸੀਅਤ ਤੋਂ ਵਧ ਕੇ ਰਾਜਕੁਮਾਰ/ਰਾਜਕੁਮਾਰੀ ਦੀ ਤਰ੍ਹਾਂ ਪਾਲਦੇ ਹਨ ਉਸੀ ਤਰ੍ਹਾਂ ਬੱਚਿਆਂ ਦਾ ਵੀ ਫਰਜ਼ ਹੈ ਕਿ ਉਹ ਵੀ ਮਾਪਿਆਂ ਨੂੰ ਰਾਜੇ/ਰਾਣੀ ਦੀ ਤਰ੍ਹਾਂ ਸਤਿਕਾਰ ਦੇਣ, ਉਨ੍ਹਾਂ ਦੀਆਂ ਸੁੱਖ-ਸੁਵੀਧਾਵਾਂ ਦਾ ਆਪਣੀ ਹੈਸੀਅਤ ਦੇ ਅਨੁਸਾਰ ਧਿਆਨ ਰੱਖਣ। ਇੱਥੇ ਅੰਤ ਵਿੱਚ ਮੈ ਇਹ ਗੱਲ ਜਰੂਰ ਕਹਿਣੀ ਚਾਹੁੰਦਾਂ ਹਾਂ ਕਿ ਮਾਡਰਨ ਜਾਂ ਅਜੋਕੀਆਂ ਮਾਵਾਂ ਨੂੰ ਵੀ ਆਪਣੇ ਆਪ ਨੂੰ ਪਦਾਰਥਵਾਦ ਦੀ ਚਕਾਂਚੌਂਦ ‘ਚੋਂ ਕੱਢ ਕੇ ਸੋਸਲ ਮੀਡੀਆ ਦੇ ਪ੍ਰਭਾਵ ‘ਚੋਂ ਨਿਕਲਦੇ ਹੋਏ ਬੱਚਿਆਂ ਦੀ ਦੇਖ-ਭਾਲ ਕਰਨ, ਉਨ੍ਹਾਂ ਨੂੰ ਚੰਗੇ ਸੰਸਕਾਰ ਦੇਣ ਦੇ ਆਪਣੇ ਮੁੱਢਲੇ ਫਰਜ਼ ਵੱਲ ਉੱਚੇਚੇ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ। ਇਹ ਗੱਲ ਹਮੇਸ਼ਾਂ ਯਾਦ ਰੱਖਣੀ ਚਾਹੀਦੀ ਹੈ ਕਿ ਜਦੋਂ ਤੋਂ ਮਾਂ ਦੇ ਪੇਟ ਵਿੱਚ ਬੱਚੇ ਦਾ ਪਹਿਲਾ ਅੰਸ਼ ਬਣਦਾ ਹੈ ਉਦੋਂ ਤੋਂ ਲੈ ਕੇ ਬੱਚੇ ਦੇ ਸਕੂਲ ਜਾਣ ਤੱਕ ਮਾਂ ਦੀ ਹਰ ਪ੍ਰਕਿਰਿਆ ਦਾ ਬੱਚੇ ਤੇ ਸਭ ਤੋਂ ਵਧ ਅਸਰ ਹੁੰਦਾ ਹੈ। ਅਸੀਂ ਸਾਰੇ ਭਲੀ-ਭਾਂਤੀ ਜਾਣਦੇ ਹਾਂ ਕਿ ਕਿਸ ਤਰ੍ਹਾਂ ਮਹਾਂਭਾਰਤ ਵਿੱਚ ਅਰਜੁਨ ਦੇ ਬੇਟੇ ਨੇ ਆਪਣੀ ਮਾਂ ਦੇ ਪੇਟ ਵਿੱਚ ਹੀ ਵੀਰ ਚੱਕਰ ਨੂੰ ਤੋੜਣਾ ਸਿੱਖ ਲਿਆ ਸੀ।ਇਸ ਲਈ ਬੱਚੇ ਨੂੰ ਚੰਗੀ ਸਿੱਖਿਆ ਦੇਣ ਲਈ ਜਰੂਰੀ ਹੈ ਕਿ ਬੱਚੇ ਨੂੰ ਮਾਂ ਦੇ ਪੇਟ ਵਿੱਚ ਹੀ ਨੈਤਿਕਤਾ ਅਤੇ ਇਨਸਾਨੀਅਤ ਦੇ ਗੁਣਾਂ ਦੀ ਸਿੱਖਿਆ ਮਿਲ ਜਾਣੀ ਚਾਹੀਦੀ ਹੈ। ਇਸ ਤਰ੍ਹਾਂ ਕਰਕੇ ਹੀ ਅੱਜ ਦੀ ਔਰਤ ਮਾਂ-ਬਾਪ ਦਾ ਸਤੀਕਾਰ ਕਰਨ ਵਾਲੀ ਔਲਾਦ ਪੈਦਾ ਕਰਕੇ ਦੇਸ਼ ਵਿੱਚ ਫਿਰਕਾਪ੍ਰਸਤੀ ਅਤੇ ਨਫਰਤ ਦੀ ਚੱਲ ਰਹੀ ਹਨੇਰੀ ਵਿੱਚੋਂ ਦੇਸ਼ ਨੂੰ ਕੱਢ ਕੇ ਆਪਸੀ ਭਾਈਚਾਰਕ ਸਾਂਝ ਤੇ ਆਧਾਰਤ ਸਮਾਜ ਦੀ ਸਿਰਜਨਾ ਕਰ ਸਕਦੀ ਹੈ।