ਖਡੂਰ ਸਾਹਿਬ : ਕਾਰ ਸੇਵਾ ਵਾਲੇ ਬਾਬਾ ਸੇਵਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ਼ ਸਾਇੰਸ ਐਂਡ ਟ੍ਰੇਨਿੰਗ ਇੰਸਟੀਚਿਊਟ ਦੇ ਡਾਇਰੈਕਟਰ ਸਾਬਕਾ ਮੇਜਰ ਜਨਰਲ ਰਵਿੰਦਰ ਸਿੰਘ ਛੱਤਵਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਯੂ.ਪੀ.ਐਸ.ਸੀ. ਵੱਲੋਂ ਬੀਤੇ ਦਿਨੀ ਐਲਾਨੇ ਗਏ ਨਤੀਜਿਆਂ ਵਿਚ ਸਾਡੇ ਇੰਸਟੀਚਿਊਟ ਦੇ ਛੇ ਵਿਦਿਆਰਥੀ ਐੱਨ.ਡੀ.ਏ. ਵਿਚ ਭਰਤੀ ਹੋਣ ‘ਚ ਕਾਮਯਾਬ ਹੋਏ ਹਨ ।
ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਵਾਲੇ ਸਮਾਰੋਹ ਨੂੰ ਅਰੰਭ ਕਰਨ ਤੋਂ ਪਹਿਲਾਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ । ਉਪਰੰਤ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ।
ਐੱਨ.ਡੀ.ਏ. ਵਿਚ ਭਰਤੀ ਹੋਏ ਵਿਦਿਆਰਥੀਆਂ ਨੇ ਸਾਂਝੇ ਤੌਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਬਾਬਾ ਸੇਵਾ ਸਿੰਘ ਜੀ ਦੀ ਦੂਰ-ਅੰਦੇਸ਼ੀ ਸੋਚ ਸਦਕਾ ਪੇਂਡੂ ਇਲਾਕੇ ਵਿਚ ਐੱਨ.ਡੀ.ਏ. ਦੀ ਤਿਆਰੀ ਦਾ ਪ੍ਰਬੰਧ ਕੀਤਾ ਗਿਆ ਜਿਸ ਵਿਚੋਂ ਸਿੱਖਿਆ ਪ੍ਰਾਪਤ ਕਰਕੇ ਨੌਜਵਾਨਾਂ ਨੇ ਦੇਸ਼ ਪੱਧਰ ਤੇ ਨਾਮ ਰੋਸ਼ਨ ਕੀਤਾ ਹੈ । ਉਹਨਾਂ ਨੇ ਕਿਹਾ ਕਿ ਏਥੇ ਪੜ੍ਹਾਈ ਦੇ ਨਾਲ ਸੇਵਾ ਸਿਮਰਨ ਨਾਲ ਵੀ ਜੋੜਿਆਂ ਜਾਂਦਾ ਹੈ । ਇਸ ਨਾਲ ਸਾਨੂੰ ਬਹੁਤ ਉਤਸ਼ਾਹ ਮਿਲਿਆ ਹੈ । ਏਥੇ ਸਾਨੂੰ ਸਮੇਂ ਕਦਰ, ਖੇਡਾਂ ਅਤੇ ਜੀਵਨ ਜਾਂਚ ਬਾਰੇ ਵੀ ਦੱਸਿਆ ਜਾਂਦਾ ਹੈ । ਸਮੇਂ-ਸਮੇਂ ਫੌਜ ਦੇ ਉੱਚ ਅਫਸਰਾਂ ਵੱਲੋਂ ਸਾਨੂੰ ਲੈਕਚਰ ਦਿੱਤੇ ਜਾਂਦੇ ਰਹੇ ਹਨ ।
ਇਸ ਮੌਕੇ ‘ਤੇ ਭਰਤੀ ਹੋਣ ਵਾਲੇ ਨੌਜਵਾਨਾਂ ਦੇ ਮਾਤਾ ਪਿਤਾ ਵੀ ਨਾਲ ਆਏ ਹੋਏ ਸਨ ।
ਐੱਨ.ਡੀ.ਏ ਵਿਚ ਭਰਤੀ ਹੋਏ ਵਿਦਿਆਰਥੀ ਪ੍ਰੀਤਮ ਸਿੰਘ ਦੇ ਪਿਤਾ ਹਰਜਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਸੰਸਥਾ ਵਿਚ ਮੇਰੇ ਲੜਕੇ ਨੂੰ ਪਰਿਵਾਰ ਵਾਲਾ ਮਹੌਲ ਮਿਲਿਆ । ਮੇਰੇ ਬੱਚੇ ਦੀ ਪੜ੍ਹਾਈ ਦੌਰਾਨ ਇਸ ਦੀ ਮਾਤਾ ਦੀ ਮੌਤ ਹੋ ਗਈ ਸੀ । ਉਸ ਹਲਾਤ ਵਿਚ ਵੀ ਮੇਰੇ ਬੱਚੇ ਨੂੰ ਸੰਸਥਾ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਗਈ । ਸਖਤ ਮਿਹਨਤ ਸਦਕਾ ਮੇਰਾ ਲੜਕਾ ਐੱਨ.ਡੀ.ਏ. ਵਿਚ ਭਰਤੀ ਹੋਇਆ ਹੈ । ਮੈਂ ਇਸ ਸੰਸਥਾ ਦਾ ਸਦਾ ਰਿਣੀ ਰਹਾਂਗਾ ।
ਸਾਬਕਾ ਡੀ.ਜੀ.ਪੀ. ਮਹਿਲ ਸਿੰਘ ਭੁੱਲਰ ਨੇ ਵੀ ਆਪਣੀ ਆਰਮੀ ਅਤੇ ਪੁਲਿਸ ਦੀ ਸਰਵਿਸ ਦੇ ਤਜ਼ੁਰਬੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਗਏ ਅਤੇ ਟ੍ਰੇਨਿੰਗ ਦੌਰਾਨ ਬੱਚਿਆਂ ਨੂੰ ਪੂਰੀ ਲਗਨ ਨਾਲ ਮਿਹਨਤ ਕਰਨ ਲਈ ਪ੍ਰੇਰਤ ਕੀਤਾ ।
ਇਸ ਮੌਕੇ ‘ਤੇ ਬਾਬਾ ਸੇਵਾ ਸਿੰਘ ਜੀ ਨੇ ਆਪਣੇ ਸੰਬੋਧਨ ਦੌਰਾਨ ਐੱਨ.ਡੀ.ਏ. ਵਿਚ ਭਰਤੀ ਹੋਏ ਵਿਦਿਆਰਥੀਆਂ ਨੂੰ ਕਿਹਾ ਕਿ ਵਿਦਿਆ ਦੇ ਕਾਰਜ਼ ਵਿਚ ਇਸ ਪਵਿੱਤਰ ਧਰਤੀ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਬਾਲ ਬੋਧ ਤਿਆਰ ਕਰਕੇ ਅੱਖਰੀ ਗਿਆਨ ਵੰਡਣ ਦੀ ਸ਼ੁਰੂਆਤ ਕੀਤੀ ਸੀ । ਉਹਨਾਂ ਨੇ ਕਿਹਾ ਸ੍ਰੀ ਗੁਰੂ ਅੰਗਦ ਦੇਵ ਜੀ ਸ਼ਤਾਬਦੀ ਨੂੰ ਸਮਰਪਿਤ ਨਿਸ਼ਾਨ-ਏ-ਸਿੱਖੀ ਦਾ ਪ੍ਰਜੈਕਟ ਅਰੰਭ ਕੀਤਾ ਗਿਆ ਸੀ । ਜਿਸ ਵਿਚੋਂ ਗੁਰੂ ਦੀ ਅਪਾਰ ਕ੍ਰਿਪਾ ਨਾਲ ਸਫਲਤਾ ਮਿਲ ਰਹੀ ਹੈ । ਉਹਨਾਂ ਨੇ ਕਿਹਾ ਅਫਸਰ ਵਿਚ ਸੱਚ ਤੇ ਚੱਲਣ ਅਤੇ ਦੇਸ਼ ਕੌਮ ਦੀ ਸੇਵਾ ਕਰਨ ਦਾ ਜ਼ਜ਼ਬਾ ਹੋਣਾ ਬਹੁਤ ਜ਼ਰੂਰੀ ਹੈ । ਸਿੱਖ ਧਰਮ ਵਿਚ ਦਸਵੰਧ ਦੀ ਪ੍ਰਥਾ ਸਬੰਧੀ ਵੀ ਬੱਚਿਆਂ ਨੂੰ ਜਾਣਕਾਰੀ ਦਿੱਤੀ । ਉਹਨਾਂ ਨੇ ਕਿਹਾ ਕਿ ਬਾਬਾ ਉੱਤਮ ਸਿੰਘ ਜੀ ਨੇ ਸ੍ਰੀ ਨਾਨਕ ਦੇਵ ਜੀ ਸ਼ਤਾਬਦੀ ਨੂੰ ਸਮਰਪਿਤ ਸ੍ਰੀ ਗੁਰੂ ਅੰਗਦ ਦੇਵ ਕਾਲਜ ਦੀ ਅਰੰਭਤਾ ਕੀਤੀ ਸੀ ।
ਅਖੀਰ ਵਿਚ ਬਾਬਾ ਸੇਵਾ ਸਿੰਘ ਜੀ ਵੱਲੋਂ ਵਿਦਿਆਰਥੀਆਂ ਨੂੰ ਵਾਤਾਵਰਨ ਦਾ ਸ਼ੰਦੇਸ਼ ਦੇਣ ਵਾਲੇ ਥੈਲੇ ਅਤੇ ਘੜੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸੰਸਥਾ ਵੱਲੋਂ ਭਰਤੀ ਹੋਏ ਵਿਦਿਆਰਥੀਆਂ ਨੂੰ ਇੱਕੀ ਹਜ਼ਾਰ ਦਿੱਤੇ ਗਏ ।
ਸਾਬਕਾ ਆਈ.ਜੀ. ਸਰੂਪ ਸਿੰਘ ਢੱਟ ਵੱਲੋਂ ਭਰਤੀ ਹੋਣ ਵਾਲੇ ਪ੍ਰਤੀਮ ਸਿੰਘ ਨੂੰ ਆਪਣੇ ਵੱਲੋਂ ਇੱਕ ਲੱਖ ਰੁਪਏ ਦਾ ਚੈਕ ਦਿੱਤਾ ਗਿਆ ।