ਨਵੀਂ ਦਿੱਲੀ : ਗੁਜਰਾਤ ਦੇ ਭਾਵਨਗਰ ਪਾਸਪੋਰਟ ਦਫ਼ਤਰ ਵੱਲੋਂ ਸਿੱਖ ਨੂੰ ਪਾਸਪੋਰਟ ’ਤੇ ਪਗੜੀ ਉਤਾਰ ਕੇ ਫੋਟੋ ਖਿੱਚਵਾਉਣ ਦਾ ਆਦੇਸ਼ ਦੇਣ ਦੇ ਮਾਮਲੇ ’ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਰੁੱਖ ਅਖਤਿਆਰ ਕਰ ਲਿਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੋਸ਼ੀ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਾਉਣ ਲਈ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਭੇਜਣ ਦੀ ਜਾਣਕਾਰੀ ਦਿੱਤੀ। ਇਸਦੇ ਨਾਲ ਹੀ ਜੀ. ਕੇ. ਨੇ ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ’ਚ ਸਿੱਖਾਂ ਲਈ ਸ਼ਮਸ਼ਾਨ ਘਾਟ ਨਾ ਹੋਣ ਕਰਕੇ ਸਿੱਖਾਂ ਨੂੰ ਮ੍ਰਿਤਕ ਦੇਹਾਂ ਨੂੰ ਅਗਨਿ ਭੇਟ ਦੀ ਥਾਂ ਉਨ੍ਹਾਂ ਨੂੰ ਦਫਨਾਉਣ ਲਈ ਮਜਬੂਰ ਹੋਣ ਵਾਲੀ ਆਈ ਖਬਰ ’ਤੇ ਵੀ ਆਪਣਾ ਪ੍ਰਤੀਕਰਮ ਦਿੱਤਾ।
ਜੀ. ਕੇ. ਨੇ ਦੱਸਿਆ ਕਿ ਕਮੇਟੀ ਕੋਲ ਭਾਵਨਗਰ ’ਚ ਰਹਿਣ ਵਾਲੇ ਅਜੀਤ ਸਿੰਘ ਹਰੀਮਲ ਕੁਕਡੇਜ਼ਾ ਵੱਲੋਂ ਸ਼ਿਕਾਇਤੀ ਪੱਤਰ ਆਇਆ ਹੈ। ਜਿਸ ’ਚ ਉਨ੍ਹਾਂ ਨੇ ਦੱਸਿਆ ਹੈ ਕਿ ਸਿੰਧੀ ਪਰਿਵਾਰ ’ਚ ਜਨਮ ਲੈਣ ਦੇ ਬਾਵਜੂਦ ਸਿੱਖੀ ਨਾਲ ਪਿਆਰ ਹੋਣ ਕਰਕੇ ਉਹ ਸਿੰਘ ਸਜ਼ ਗਏ ਸੀ ਅਤੇ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਅਤੇ ਰਾਗੀ ਸਿੰਘ ਵੱਜੋਂ ਸੇਵਾ ਨਿਭਾਉਂਦੇ ਹਨ। ਵਿਦੇਸ਼ ਜਾਣ ਦੀ ਚਾਹ ਕਰਕੇ ਅਜੀਤ ਨੇ ਪਾਸਪੋਰਟ ਦਫ਼ਤਰ ਵਿਖੇ ਪਾਸਪੋਰਟ ਬਣਾਉਣ ਦੀ ਅਰਜ਼ੀ ਦਿੱਤੀ ਸੀ। ਪਰ ਜਦੋਂ ਉਹ ਉਪਰ ਗਾਤਰਾ ਧਾਰਣ ਕਰਕੇ ਪਾਸਪੋਰਟ ਦਫ਼ਤਰ ’ਚ ਫੋਟੋ ਖਿਚਾਉਣ ਲਈ ਪੁੱਜਿਆ ਤਾਂ ਅਧਿਕਾਰੀ ਨੇ ਗਾਤਰਾ ਅਤੇ ਦਸਤਾਰ ਉਤਾਰਣ ਦਾ ਆਦੇਸ਼ ਦਿੱਤਾ।
ਜੀ. ਕੇ. ਨੇ ਦੱਸਿਆ ਕਿ ਆਦੇਸ਼ ਨੂੰ ਮੰਨਣ ਤੋਂ ਅਜੀਤ ਨੇ ਇਨਕਾਰ ਕਰ ਦਿੱਤਾ। ਜਿਸਤੋਂ ਬਾਅਦ ਅਧਿਕਾਰੀ ਨੇ ਸਾਫ਼ ਕਿਹਾ ਕਿ ਜਦੋਂ ਤਕ ਕੇਸ ਬਾਹਰ ਨਹੀਂ ਦਿੱਖਣਗੇ ਤਦ ਤਕ ਉਹ ਫੋਟੋ ਨਹੀਂ ਖਿੱਚੇਗਾ। ਅੱਗਲੇ ਦਿਹਾੜੇ ਸਥਾਨਕ ਸਿੱਖ ਸੰਗਤ ਨੇ ਜਦੋਂ ਅਧਿਕਾਰੀ ਕੋਲ ਪੁੱਜ ਕੇ ਸਵਾਲ ਪੁੱਛੇ ਤਾਂ ਉਸਨੇ ਕਿਹਾ ਕਿ ਦਸਤਾਰ ਪਾਉਣ ਦੀ ਤੁਹਾਨੂੰ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ ਕਿਉਂਕਿ ਪਾਸਪੋਰਟ ’ਤੇ ਛੱਪਣ ਵਾਲੀ ਫੋਟੋ ਲਈ ਤੁਹਾਡੇ ਕੰਨ ਸਾਫ ਨਜ਼ਰ ਆਉਣੇ ਚਾਹੀਦੇ ਹਨ। ਉਸਤੋਂ ਬਾਅਦ ਅਜੀਤ ਦੇ ਸਾਥੀ ਵਿਸ਼ਾਲ ਸਿੰਘ ਵੱਲੋਂ ਮੁਖ ਦਫ਼ਤਰ ਅਹਿਮਦਾਬਾਦ ਵਿਖੇ ਆਰ।ਟੀ।ਆਈ। ਦਾਖਲ ਕੀਤੀ ਗਈ ਜਿਸਤੋਂ ਆਏ ਜਵਾਬ ’ਚ ਸਾਫ਼ ਲਿਖਿਆ ਸੀ ਕਿ ਅਜਿਹਾ ਕੋਈ ਨਿਯਮ ਨਹੀਂ ਹੈ।
ਜੀ. ਕੇ. ਨੇ ਕਿਹਾ ਕਿ ਇੱਕ ਅਧਿਕਾਰੀ ਦੀ ਬੇਵਕੂਫੀ ਕਾਰਨ ਇੱਕ ਸਿੱਖ ਨੂੰ ਧਾਰਮਿਕ ਭੇਦਭਾਵ ਦਾ ਸਾਹਮਣਾ ਕਰਨਾ ਪਿਆ ਹੈ। ਇਸ ਲਈ ਦਿੱਲੀ ਕਮੇਟੀ ਇਸ ਮਸਲੇ ’ਤੇ ਦੋਸ਼ੀ ਦੇ ਖਿਲਾਫ਼ ਕਾਰਵਾਈ ਹੋਣ ਤਕ ਲੜਾਈ ਲੜੇਗੀ। ਪੇਸ਼ਾਵਰ ’ਚ ਪਾਕਿਸਤਾਨ ਸਰਕਾਰ ਵੱਲੋਂ ਜਮੀਨ ਸ਼ਮਸ਼ਾਨ ਘਾਟ ਲਈ ਦਿੱਤੇ ਜਾਣ ਦੀ ਮੰਗ ਕਰਦੇ ਹੋਏ ਜੀ।ਕੇ। ਨੇ ਜਮੀਨ ਦੇ ਰੱਖ-ਰੱਖਾਵ ਅਤੇ ਨਿਰਮਾਣ ਲਈ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਮਿਲ ਕੇ ਮਦਦ ਕਰਨ ਦੀ ਵੀ ਪੇਸ਼ਕਸ਼ ਕੀਤੀ।