ਇਹ ਨੇ ਸੱਠ ਸਾਲ ਦੀਆਂ ਬਾਤਾਂ,
ਛੱਤੀ ਵੀਹਾਂ ਬਣਦੇ ਮਾਂਹ।
ਭਲੇ ਪੁਰਸ਼ ਸੀ ਲੋਕ ਦੇਵਤੇ,
ਹੇਰਾ ਫੇਰੀ ਜਾਨਣ ਨਾ।
ਇਹ ਹੈ ਸਭਿਆਚਾਰ ਅਸਾਡਾ,
ਤਾਈ, ਚਾਚੀ, ਦਾਦੀ-ਮਾਂ।
ਉਠ ਸਵੇਰੇ ਕੁਕੱੜ ਬਾਂਗੇ,
ਪਹਿਲਾਂ ਜਪਦੇ ਰੱਬ ਦਾ ਨਾਂ।
ਬੇਹੀ ਰੋਟੀ, ਦਹੀ ਕਟੋਰਾ,
ਚਾਹ ਦਾ ਨਾ ਕੋਈ ਜਾਣੇ ਨਾਂ।
ਚਾਚੂ ਸਾਡਾ ਕਰੇ ਗੁਤਾਵਾਂ,
ਰੱਜਣ ਬਲਦ ਤੇ ਮੱਝਾਂ ਗਾਂ।
ਕਟੜੂ, ਵਛੜੂ ਨਿੱਕੇ-ਨਿੱਕੇ,
ਖਿਚਦੇ ਕਿਲੇ ਕਰਦੇ ਬਾਂ।
ਬੇਬੇ ਸਾਡੀ ਧਾਰਾਂ ਕੱਢਦੀ,
ਰੰਬੇ ਜਦ ਲਵੇਰੀ ਗਾਂ।
ਭਰ ਵਲਟੋਹੀ ਦੁੱਧ ਦੀ ਦਿੰਦੀ,
ਛੰਨੇ ਭਰ-ਭਰ ਪੀਂਦੇ ਸਾਂ।
ਚਾਚੀ ਨਵੀਂ ਵਿਆਹੀ ਆਣੀ,
ਜਿਧਰ ਜਾਂਦੀ ਝਿਰਮਲ ਝਾਂ।
ਹੱਥੀਂ ਮਹਿੰਦੀ ਬਾਂਹੀ ਚੂੜਾ,
ਚਾਚਾ ਅੱਖੀਂ ਕਰਦਾ ਛਾਂ।
ਦੁੱਧ ਰਿੜਕਦੀ ਪਾ ਨੇਤਰਾ,
ਕਰੇ ਮਧਾਣੀ ਘੱਮਚ ਘਾਂ।
ਖੱਟੀ ਲੱਸੀ ਅੰਮ੍ਰਿਤ ਵਰਗੀ,
ਰੁਖਾ ਮੱਖਣ ਖਾਂਦੇ ਸਾਂ।
ਚਾਚੂ ਸਾਡਾ ਖੇਤੀ ਕਰਦਾ,
ਕੱਢੇ ਸਿੱਧੇ ਤੁਕ ਹਲਾਂਅ।
ਬਲਦ ਨਗੌਰੀ, ਗਲ਼ ਵਿੱਚ ਟੱਲੀਆਂ,
ਲੱਗਣ ਨਾ ਬਈ ਪੈਰ ਹਿਠਾਂਅ।
ਕਣਕ ਸਰੋਂ ਤੇ ਛੋਲੇ ਬੀਜਣ,
ਅੱਸੂ ਮਗਰੋਂ ਕਤੱਕ ਮਾਂਹ।
ਹਲ਼, ਪੰਜਾਲੀ ਅਤੇ ਸੁਹਾਗੀ,
ਸੰਦੇ ਰੱਖਦਾ ਥਾਂ ਪੁਰ ਥਾਂ।
ਤੰਗਲੀ, ਢੀਂਗਾ, ਖੁਰਪਾ, ਦਾਤਰ,
ਨਾਲ ਸ਼ਤੀਰਾਂ ਟੰਗੇ ਤਾਂਹ।
ਦਾਦੀ ਸਾਡੀ ਚਰਖਾ ਕੱਤੇ,
ਗੇੜਾ ਦਿੰਦੀ ਲੰਬੀ ਬਾਂਹ।
ਤੰਦ ਜੋੜ ਕੇ ਭਰੇ ਗਲੋਟੇ,
ਛਿੱਕੂ ਭਰ ਭਰ ਥੱਕਦੀ ਨਾ।
ਚੁੱਲੇ, ਚੌਂਕੇ ਲੇਪਣ ਮਾਰੇ,
ਕੱਚੀਆਂ ਗਲੀਆਂ ਵਿੱਚ ਗਰਾਂ।
ਅਸਾਂ ਵੀ ਚੁਕਿਆ ਫੱਟੀ ਬਸਤਾ,
ਸੀ ਮਦਰੱਸਾ ਕੋਲ ਗਰਾਂ।
ਹੇਠ ਨਿੰਮ ਦੇ ਬੈਠ ਕੇ ਪੜ੍ਹ ‘ਗੇ,
ਕੱਚਾ ਕੋਠਾ ਸੀ ਵੀ ਨਾ।
ਦਾਦਾ ਸਾਡਾ ਖੂੰਡਾ ਲੈ ਕੇ,
ਜਾ ਬੈਠਦਾ ਬੋਹੜ ਦੀ ਛਾਂ।
ਪਿੰਡ ਪਤਵੰਤੇ ਕਰਨ ਫ਼ੈਸਲੇ,
ਸੱਚੀ ਗੱਲ ਨੂੰ ਵੱਟਾ ਨਾ।
ਚਾਲੀ ਸੇਰੀ ਗਲ਼ ਕਰੇਂਦੇ,
ਅੜ੍ਹਦਾ ਨਾ ਕੋਈ ਨਾਢੂ ਖਾਂ।
ਬਾਪੂ ਸਾਡਾ ਸ਼ਹਿਰ ਨੂੰ ਜਾਵੇ,
ਘੋੜੀ ਗੰਢਾਂ ਦੇਂਦੀ ਜਾਂ।
ਲੂਣ ਤੇਲ ਤੇ ਮਿੱਠਾ ਲੈ ਕੇ,
ਬੀਜਣ ਲਈ ਖਰੀਦੇ ਮਾਂਹ।
ਸਾਂਝੇ ਖੂਹ ਤੋਂ ਪਾਣੀ ਭਰਦੇ,
ਭਰਿਆ ਬੋਕਾ ਲੰਮੀ ਲਾਂ।
ਗਾਗਰ ਉਤੇ ਗਾਗਰ ਧਰਕੇ,
ਜਾਣ ਮੁਟਿਆਰਾਂ ਕਰਦੀਆਂ ਛਾਂ।
ਡਾਕੀਏ ਆ ਤਾਕੀ ਖੜਕਾਈ,
ਚਿੱਠੀ ‘ਤੇ ਥੋਡਾ ਸਿਰਨਾਂਅ।
ਫ਼ੌਜੀ ਤਾਏ ਨੇ ਖ਼ਤ ਤੇ ਲਿਖਿਆ,
ਮੁੜ ਸਿਆਲੇ ਆਵਾਂ ਜਾਂ।
ਅੱਜ ਤਾਂ ਕੋਈ ਪ੍ਰਹਾਣਾ ਆਉਣਾ,
ਬੈਠ ਬਨੇਰੇ ਬੋਲੇ ਕਾਂ।
ਜੇ ਨਾ ਘਰ ਪ੍ਰਹਾਣਾ ਆਵੇ,
ਘਰ ਕਰਦਾ ਹੈ ਭਾਂ-ਭਾਂ।
ਤ੍ਰਿਕਾਲਾਂ ਨੂੰ ਢਲ ਗਏ ਪ੍ਰਛਾਵੇਂ,
ਆਗੀ ਸਾਡੀ ਮਾਂ ਦੀ ਮਾਂ।
ਦੁੱਧ ਕਾੜਨੀ ਹਾਰੇ ਵਿਚੋਂ,
ਕੱਢ ਕੇ ਮਾਂ ਨੇ ਰੱਖੀ ਠਾਂਹ।
ਨਾਨੀ ਲਿਆਈ ਘਿਓ ਦੀਆਂ ਪਿੰਨੀਆਂ,
ਸੋਗੀ ਸੌਂਫ਼ ਤੇ ਮਗਜ਼ ਬਦਾਂਅ।
ਆਓ ਜੁਆਕੋ ਖ਼ਮਣੀ ਬੰਨ੍ਹਾ,
ਵਿਆਹ ਛਿੰਦੋ ਦਾ ਫ਼ੱਗਣ ਮਾਂਹ।
ਸਾਰੇ ਗੱਡੇ ਉਤੇ ਆਇਓ,
ਕੁੜੀਆਂ ਚਿੜੀਆਂ ਮਰਦ ਜਵਾਂ।
ਆਲੇ ਵਿੱਚ ਦੀਵਾ ਜਾ ਧਰਿਆ,
ਸੂਰਜ ਕਹਿੰਦਾ ਜਾਨਾਂ ਵਾਂ।
ਤੌੜੀ ਦੇ ਵਿੱਚ ਸਾਗ਼ ਬਣਾਇਆ,
ਮਧਣੀ ਨਾਲ ਰਲਾਇਆ ਜਾਂ।
ਅਲ੍ਹਣ ਵਾਲਾ ਸਾਗ਼ ਸੁਆਦੀ,
ਬਾਟੀ ਭਰ ਕੇ ਖਾਇਆ ਜਾਂ।
ਲੰਗਰ ਛੱਕ ਮੰਜੇ ਡਾਹ ਕੇ,
ਬਾਤ ਸੁਣਾਵੇ ਦਾਦੀ ਮਾਂ।
ਦਸ਼ਮੇਸ਼ ਪਿਤਾ ਨੇ ਪੁੱਤਰ ਵਾਰੇ,
ਪਾਰ ਬੁਲਾਇਆਂ ਪੈਂਦੇ ਖਾਂ।
ਸਾਖੀ ਸੁਣਦਿਆਂ ਭਰੇ ਹੁੰਗਾਰੇ,
ਨੀਂਦ ਨੇ ਉਪਰ ਕੀਤੀ ਛਾਂ।
ਸਾਰੇ ਟੱਬਰ ਬੈਠ ਕੇ ਪੜ੍ਹਿਆ,
ਕੀਰਤਨ ਸੋਹਿਲਾ ਰੱਬ ਦਾ ਨਾਂ।
ਇੱਕ ਅਰਜੋਈ ਕਰੇ ‘ਸਰਪੰਚ’,
ਰੱਬਾ ਵਸਦੇ ਰੱਖੀਂ ਪਿੰਡ ਗਰਾਂ।