ਅੰਮ੍ਰਿਤਸਰ – ਦਮਦਮੀ ਟਕਸਾਲਾ ਨੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਮਦਮੀ ਟਕਸਾਲ ਨੂੰ ਚਿਤਾਵਨੀ ਦੇਣ ਲਈ ਉਸ ਨੂੰ ਆੜੇ ਹੱਥੀਂ ਲਿਆ ਹੈ। ਤੇ ਕਿਹਾ ਕਿ ਕਾਂਗਰਸ ਦਾ ਮੁਖ ਮੰਤਰੀ ਦਮਦਮੀ ਟਕਸਾਲ ਦੇ ਸਤਿਕਾਰ ਨੂੰ ਸਟ ਮਾਰਨ ਤੋਂ ਬਾਜ ਆਵੇ। ਦਮਦਮੀ ਟਕਸਾਲ ਕਿਸੇ ਵੀ ਜਬਰ ਜੁਲਮ ਨਾਲ ਭੈਭੀਤ ਹੋਣ ਵਾਲੀ ਨਹੀਂ ਹੈ। ਦਮਦਮੀ ਟਕਸਾਲ ਦੇ ਆਗੂ ਭਾਈ ਅਜਾਇਬ ਸਿੰਘ ਅਭਿਆਸੀ, ਭਾਈ ਹਰਦੀਪ ਸਿੰਘ ਅਨੰਦਪੁਰ ਅਤੇ ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਸ ਨੂੰ ਪੰਜਾਬ ਦੇ ਲੋਕਾਂ ਨੇ ਰਣਜੀਤ ਸਿੰਘ ਢੱਡਰੀਆਂ ਵਾਲਾ ਵਰਗੇ ਗੁਰ ਨਿੰਦਕਾਂ ਦੀ ਤਰਫ਼ਦਾਰੀ ਕਰਨ ਲਈ ਮੁਖ ਮੰਤਰੀ ਨਹੀਂ ਬਣਾਇਆ। ਉਨ੍ਹਾਂ ਕਿਹਾ ਕਿ ਜਿਸ ਲਹਿਜ਼ੇ ’ਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਮਦਮੀ ਟਕਸਾਲ ਅਤੇ ਇਸ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੂੰ ਨਿਸ਼ਾਨਾ ਬਣਾਇਆ ਗਿਆ ਉਸ ਤੋਂ ਜ਼ਾਹਿਰ ਹੈ ਕਿ ਉਹ ਦਮਦਮੀ ਟਕਸਾਲ ਦੇ ਮੁਖੀ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ। ਜੇ ਦਮਦਮੀ ਟਕਸਾਲ ਦੇ ਮੁਖੀ ਦਾ ਵਾਲ ਵੀ ਵਿੰਗਾ ਹੋਇਆ ਤਾਂ ਉਸ ਦੇ ਨਿਕਲਣ ਵਾਲੇ ਗੰਭੀਰ ਸਿੱਟਿਆਂ ਲਈ ਖ਼ੁਦ ਮੁਖ ਮੰਤਰੀ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਨੇ 300 ਸਾਲਾਂ ਦੇ ਇਤਿਹਾਸ ਦੌਰਾਨ ਹਕੂਮਤੀ ਜਬਰ ਜੁਲਮ ਅਤੇ ਅੱਤਿਆਚਾਰ ਨੂੰ ਪਿੰਡੇ ਹੰਢਾਇਆ ਹੈ। ਸੋ ਦਮਦਮੀ ਟਕਸਾਲ ਨੂੰ ਅੱਤਿਆਚਾਰ ਦਾ ਡਰਾਵਾ ਅਤੇ ਜਬਰ ਜੁਲਮ ਰਾਹੀਂ ਦਬਾਇਆ ਨਹੀਂ ਜਾ ਸਕਦਾ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਜਦ ਢੱਡਰੀਆਂ ਵਾਲਾ ਵੱਲੋਂ ਦਮਦਮੀ ਟਕਸਾਲ ਦੇ ਮੁਖੀ ਦੀ ਪਗ ਨੂੰ ਹਥ ਪਾਇਆ ਜਾ ਰਿਹਾ ਸੀ ਉਸ ਵਕਤ ਉਹ ਕਿਥੇ ਸਨ? ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਰਾਜ ਦੇ ਅਮਨ ਕਾਨੂੰਨ ਦੀ ਵਿਵਸਥਾ ਬਣਾਈ ਰਖਣ ਦੇ ਹੱਕ ’ਚ ਹੈ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਿਖਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਰਾਖੀ ਕਿਸ ਦੀ ਜ਼ਿੰਮੇਵਾਰੀ ਹੈ, ਕੀ ਰਣਜੀਤ ਸਿੰਘ ਢੱਡਰੀਆਂ ਵਾਲਾ ਅਮਰੀਕ ਸਿੰਘ ਚੰਡੀਗੜਵਾਲਾ ਆਦਿ ਅਖੌਤੀ ਪ੍ਰਚਾਰਕਾਂ ਦੀ ਸਿਖ ਸਿਧਾਂਤਾਂ ਪ੍ਰਤੀ ਆਏ ਦਿਨ ਗੁਮਰਾਹਕੁਨ ਪ੍ਰਚਾਰ ਕਰਦਿਆਂ ਸਿਖੀ ਹਿਰਦਿਆਂ ਨੂੰ ਠੇਸ ਪਹੁੰਚਾਈ ਜਾਂਦੀ ਰਹੀ ਉਸ ਵਕਤ ਉਨ੍ਹਾਂ ਨਿੰਦਕਾਂ ਵਿਰੁੱਧ ਕਾਰਵਾਈ ਤਾਂ ਦੂਰ ਕੈਪਟਨ ਦੀ ਉਨ੍ਹਾਂ ਵਿਰੁੱਧ ਜ਼ੁਬਾਨ ਵੀ ਕਿਉ ਨਹੀਂ ਖੁੱਲ੍ਹੀ।
ਦਮਦਮੀ ਟਕਸਾਲ ਕਿਸੇ ਵੀ ਸਰਕਾਰੀ ਜਬਰ ਜੁਲਮ ਤੋਂ ਭੈਭੀਤ ਹੋਣ ਵਾਲੀ ਨਹੀਂ : ਟਕਸਾਲ ਆਗੂ
This entry was posted in ਪੰਜਾਬ.