ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰੂ ਤੇਗ ਬਹਾਦਰ ਇੰਸਟੀਟਿਊਟ ਆਫ ਟੈਕਨਾਲੌਜੀ (ਜੀ.ਟੀ.ਬੀ.ਆਈ.ਟੀ) ਅਤੇ ਗੁਰੂ ਤੇਗ ਬਹਾਦਰ ਪਾਲੀਟੈਕਨੀਕ ਇੰਸਟੀਟਿਊਟ (ਜੀ.ਟੀ.ਬੀ.ਆਈ.ਟੀ.) ਨੂੰ ਵਿੱਦਿਅਕ ਵਰੇ੍ਹ 2018-19 ਲਈ ਲਗਭਗ 1100 ਸੀਟਾਂ ਮਿਲਣ ਦੇ ਬਾਅਦ ਅੱਜ ਕਮੇਟੀ ਪ੍ਰਬੰਧਕਾਂ ਨੇ ਵਿਰੋਧੀ ਦਲ ’ਤੇ ਅਦਾਰਿਆਂ ’ਚ ਮੌਜੂਦ ਖਾਮੀਆਂ ਨੂੰ ਲੈ ਕੇ ਨਿਸ਼ਾਨਾ ਲਾਇਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦੋਨਾਂ ਕਾਲਜਾਂ ਨੂੰ ਸੀਟਾਂ ਮਿਲਣ ਤੇ ਖੁਸ਼ੀ ਜਤਾਉਂਦੇ ਹੋਏ ਇਸਨੂੰ ਕਮੇਟੀ ਪ੍ਰਬੰਧਕਾਂ ਦੀ ਵੱਡੀ ਕਾਮਯਾਬੀ ਦੱਸਿਆ। ਜੀ.ਕੇ. ਨੇ ਕਿਹਾ ਕਿ ਸਾਡਾ ਕੌਮ ਦੇ ਬੱਚਿਆਂ ਦੇ ਨਾਲ ਵਾਇਦਾ ਸੀ ਕਿ ਉਨ੍ਹਾਂ ਦਾ ਭਵਿੱਖ ਰੁਲਣ ਨਹੀਂ ਦਿਆਂਗੇ। ਅਸੀਂ ਪੂਰੀ ਤਨਦੇਹੀ ਨਾਲ ਆਪਣੇ ਵਾਇਦੇ ਨੂੰ ਨਾ ਸਿਰਫ਼ ਨਿਭਾਇਆ ਹੈ ਸਗੋਂ ਬੰਦ ਪਏ ਪੌਲੀਟੈਕਨਿਕ ਨੂੰ ਸ਼ੁਰੂ ਕਰਕੇ ਬੱਚਿਆਂ ਲਈ ਨਵੇਂ ਰਾਹ ਖੋਲ ਦਿੱਤੇ ਹਨ।
ਜੀ.ਕੇ. ਨੇ ਦਾਅਵਾ ਕੀਤਾ ਕਿ ਅਦਾਰਿਆਂ ਦੇ ਖਿਲਾਫ਼ ਸ਼ਿਕਾਇਤਾਂ ਕਰਨ ਲਈ ਬਕਾਇਦਾ 2 ਧਿਰਾਂ ਲੱਗੀਆ ਹੋਈਆਂ ਸਨ। ਜਿਸ ’ਚ ਪਹਿਲੀ ਧਿਰ ਸਿਆਸੀ ਆਗੂਆਂ ਦੀ ਤੇ ਦੂਜ਼ੀ ਧਿਰ ਦਿੱਲੀ ਦੇ ਨਿਜ਼ੀ ਤਕਨੀਕੀ ਕਾਲਜਾਂ ਦੇ ਏਜੰਟਾਂ ਦੀ ਸੀ। ਦੋਨਾਂ ਧਿਰਾਂ ਨੂੰ ਕਾਲਜ ਬੰਦ ਹੋਣ ਨਾਲ ਸਿਆਸੀ ਜਾਂ ਮਾਲੀ ਫਾਇਦਾ ਹੋਣ ਦੀ ਆਸ ਸੀ ਪਰ ਅਦਾਰਿਆਂ ਦੇ ਚੇਅਰਮੈਨ ਅਵਤਾਰ ਸਿੰਘ ਹਿਤ ਅਤੇ ਜੀ.ਟੀ.ਬੀ.ਆਈ.ਟੀ. ਦੀ ਡਾਈਰੈਕਟਰ ਡਾ. ਰੋਮਿੰਦਰ ਰੰਧਾਵਾਂ ਤੇ ਕਮੇਟੀ ਦੀ ਟੀਮ ਨੇ ਪੂਰੀ ਮਜਬੂਤੀ ਨਾਲ ਸਾਰੇ ਸਾਜਿਸ਼ਕਰਤਾਵਾਂ ਨੂੰ ਧੂੜ ਚਟਾ ਦਿੱਤੀ।
ਇਸ ਮਾਮਲੇ ਦੇ ਪਿੱਛੋਕੜ ਬਾਰੇ ਬੋਲਦੇ ਹੋਏ ਜੀ.ਕੇ. ਨੇ ਕਿਹਾ ਕਿ ਫਰਜ਼ੀ ਪ੍ਰਬੰਧ ਬਨਾਮ ਕਾਬਲ ਪ੍ਰਬੰਧ ਦੇ ਵਿੱਚਕਾਰ ਦੀ ਲੜਾਈ ਨੂੰ ਜਿੱਤ ਕੇ ਕਮੇਟੀ ਨੇ ਦੱਸ ਦਿੱਤਾ ਹੈ ਕਿ ਕਿਸਨੂੰ ਕੌਮ ਦੇ ਹਿੱਤ ਪਿਆਰੇ ਹਨ ਤੇ ਕਿਸ ਨੂੰ ਨਿਜ਼ੀ ਹਿੱਤ। ਜੀ.ਕੇ. ਨੇ ਖੁਲਾਸਾ ਕੀਤਾ ਕਿ ਦੋਨਾਂ ਕਾਲਜਾਂ ’ਚ ਮੌਜੂਦ ਢਾਂਚਾਗਤ ਖਾਮੀਆਂ ਨੂੰ ਸੰਜੀਦਗੀ ਨਾਲ ਦੂਰ ਕਰਨ ਦੀ ਬਜਾਏ ਪੁਰਾਣੇ ਪ੍ਰਬੰਧਕਾਂ ਨੇ ਬਨਾਵਟੀ ਤਰੀਕੇ ਨਾਲ ਹਲ ਕਰਨ ’ਚ ਰੁਚੀ ਦਿਖਾਈ ਸੀ। ਦੋਨਾਂ ਅਦਾਰਿਆਂ ਦੀ ਮਾਨਤਾ ਨੂੰ ਬਚਾਉਣ ਲਈ ਡੀ.ਡੀ.ਏ. ਦੀ ਝੂਠੀ ਐਨ.ਓ.ਸੀ. ਬਣਵਾਉਣ ਦੇ ਦੋਸ਼ਾਂ ’ਚ ਦੋਨਾਂ ਅਦਾਰਿਆਂ ਦੇ ਚੇਅਰਮੈਨ ਦੇ ਨਾਲ ਹੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਦੇ ਖਿਲਾਫ਼ ਧੋਖਾਧੜੀ ਦੇ ਮਾਮਲੇ ’ਚ 2 ਐਫ.ਆਈ.ਆਰ. ਦਰਜ ਹੋਈਆਂ ਸਨ।
ਜੀ.ਕੇ. ਨੇ ਦੱਸਿਆ ਕਿ ਅਦਾਰਿਆਂ ਨੂੰ ਖਾਮੀਆਂ ਦੇ ਨਾਲ ਮਿਲੀ ਜਨਮਜਾਤ ਬੀਮਾਰੀ ਨੂੰ ਦੂਰ ਕਰਨ ਲਈ ਮੌਜੂਦਾ ਕਮੇਟੀ ਨੇ ਜੰਗੀ ਪੱਧਰ ਤੇ ਲੜਾਈ ਲੜੀ। ਜਿਸਦੇ ਲਈ ਸਭਤੋਂ ਪਹਿਲਾ ਇੰਜੀਨੀਅਰਿੰਗ ਕਾਲਜ ਦੀ ਜਮੀਨ ਦਾ ਲੈਂਡ ਯੂਜ਼ ਡੀ.ਡੀ.ਏ. ਤੋਂ ਬਦਲਵਾਇਆ ਗਿਆ। ਹਰਿਤ ਪੱਟੀ ਦੀ ਜਮੀਨ ਨੂੰ ਵਿਦਿਅਕ ਅਦਾਰੇ ਦੀ ਜਮੀਨ ’ਚ ਬਦਲਣ ਤੋਂ ਬਾਅਦ ਦਿੱਲੀ ਨਗਰ ਨਿਗਮ ਤੋਂ ਬਿਲਡਿੰਗ ਦਾ ਨਕਸ਼ਾ ਪਾਸ ਕਰਵਾਇਆ ਗਿਆ। ਦਿੱਲੀ ਫਾਇਰ ਸਰਵਿਸ ਤੋਂ ਅੱਗਨੀਸ਼ਮਨ ਦੀ ਮਨਜੂਰੀ ਲੈਣ ਦੇ ਨਾਲ ਹੀ ਪਲਾਟ ’ਚ ਪਾਣੀ, ਸੀਵਰੇਜ਼ ਆਦਿਕ ਦੀ ਵਿਵਸਥਾ ਕਰਵਾਈ ਗਈ। ਨਾਲ ਹੀ ਮਨਮੋਹਨ ਸਿੰਘ ਬਲਾਕ ਅਤੇ ਭਾਈ ਵੀਰ ਸਿੰਘ ਬਲਾਕ ਦੀ ਛੱਤਾਂ ਦੀ ਮੁਰੱਮਤ ਕਰਨ ਦੇ ਨਾਲ ਹੀ ਇੱਕ ਨਵੇਂ ਸ਼ਾਨਦਾਰ ਤੇ ਹਵਾਦਾਰ ਲਾਈਬ੍ਰੇਰੀ ਭਵਨ ਦਾ ਨਿਰਮਾਣ ਕੀਤਾ ਗਿਆ। ਜੋ ਕਿ ਪਹਿਲਾ ਬੇਸਮੈਂਟ ’ਚ ਚਲਦੀ ਸੀ। ਜੀ.ਕੇ. ਨੇ ਦੱਸਿਆ ਕਿ ਛੇਤੀ ਹੀ ਪੌਲੀਟੈਕਨਿਕ ਕਾਲਜ ਨੂੰ ਵੀ ਵਸੰਤ ਵਿਹਾਰ ਨਾਲ ਰਾਜੌਰੀ ਗਾਰਡਨ ਲਿਆਇਆ ਜਾਵੇਗਾ।
ਹਿਤ ਨੇ ਲੜੀ ਗਈ ਲੜਾਈ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪੁਰਾਣੇ ਪ੍ਰਬੰਧਕਾਂ ਦੇ ਕਥਿਤ ਮਾਫੀਆ ਰਾਜ ਨੇ ਕਾਲਜਾਂ ਨੂੰ ਬੰਦ ਕਰਨ ਵੱਲ ਤੋਰ ਦਿੱਤਾ ਸੀ। ਪਰ ਅਸੀਂ ਹਿੱਮਤ ਹਾਰੇ ਬਿਨਾਂ ਡੱਟ ਕੇ ਅਦਾਰਿਆਂ ’ਚ ਸਹੂਲਤਾਂ ਅਤੇ ਲੋੜਾਂ ਨੂੰ ਪੂਰਾ ਕੀਤਾ। ਹਿਤ ਨੇ ਦੋਸ਼ ਲਗਾਇਆ ਕਿ ਸ਼ੰਟੀ ਨੇ ਜੀ.ਟੀ.ਬੀ.ਆਈ.ਟੀ. ’ਚ ਕੰਪਿਊਟਰ ਖਰੀਦ ਲਈ ਕਿਸੇ ਫਰਜੀ ਕੰਪਨੀ ਨੂੰ 15 ਲੱਖ ਰੁਪਏ ਦਾ ਐਡਵਾਂਸ ਭੁਗਤਾਨ ਕੀਤਾ ਸੀ। ਜੋ ਕਿ ਵਾਪਸ ਨਹੀਂ ਆਇਆ। ਇਸ ਦੀ ਸ਼ਿਕਾਇਤ ਦਿੱਲੀ ਪੁਲਿਸ ਕੋਲ ਅਦਾਰੇ ਵੱਲੋਂ ਹੋਈ ਹੈ। ਹਿਤ ਨੇ ਸਾਬਕਾ ਪ੍ਰਬੰਧਕਾਂ ਖਿਲਾਫ਼ ਹੋਈਆਂ ਠੱਗੀ ਦੀਆਂ ਐਫ.ਆਈ.ਆਰ. ਦਾ ਹਵਾਲਾ ਦਿੰਦੇ ਹੋਏ ਸਰਨਾ ਅਤੇ ਸ਼ੰਟੀ ਦੇ ਜੇਲ੍ਹ ਜਾਣ ਦੀ ਸੰਭਾਵਨਾ ਜਤਾਈ।
ਹਿਤ ਨੇ ਖੁਲਾਸਾ ਕੀਤਾ ਕਿ ਸਰਨਾ ਨੇ ਪੌਲੀਟੈਕਨਿਕ ’ਚ 3 ਨਵੇਂ ਕਮਰੇ ਬਣਾਉਣ ਦੀ ਥਾਂ ਕਾਲਜ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਸਨ। ਜਿਸ ਨੂੰ ਛੇਤੀ ਹੀ ਸੰਗਤਾਂ ਸਾਹਮਣੇ ਨਸ਼ਰ ਕੀਤਾ ਜਾਵੇਗਾ। ਇਸ ਮੌਕੇ ਹਿਤ ਅਤੇ ਰੰਧਾਵਾ ਦਾ ਸਨਮਾਨ ਵੀ ਕੀਤਾ ਗਿਆ। ਰੰਧਾਵਾ ਨੂੰ ਕਮੇਟੀ ਵੱਲੋਂ 3 ਲੱਖ ਰੁਪਏ ਦਾ ਚੈਕ ਇਨਾਮ ਵੱਜੋਂ ਦਿੱਤਾ ਗਿਆ।