ਫ਼ਤਹਿਗੜ੍ਹ ਸਾਹਿਬ – “ਇਥੋਂ ਦੇ ਹੁਕਮਰਾਨ ਭਾਵੇ ਉਹ ਬੀਜੇਪੀ ਨਾਲ ਸੰਬੰਧਤ ਹੋਣ, ਭਾਵੇ ਕਾਂਗਰਸ ਨਾਲ ਜਾਂ ਕਿਸੇ ਹੋਰ ਜਮਾਤ ਨਾਲ ਅਕਸਰ ਹੀ ਇਹ ਦਾਅਵੇ ਕਰਦੇ ਹਨ ਕਿ ਇਥੇ ਵੱਸਣ ਵਾਲੀ ਘੱਟ ਗਿਣਤੀ ਸਿੱਖ ਕੌਮ ਦੀ ਜਾਨ-ਮਾਲ ਨੂੰ ਕੋਈ ਖ਼ਤਰਾ ਨਹੀਂ ਅਤੇ ਉਨ੍ਹਾਂ ਨੂੰ ਸੱਭ ਤਰ੍ਹਾਂ ਦੇ ਹੱਕ-ਹਕੂਕ ਪ੍ਰਾਪਤ ਹਨ । ਪਰ ਜਦੋਂ ਅਮਲੀ ਰੂਪ ਵਿਚ ਇਥੋਂ ਦੀ ਸਥਿਤੀ ਉਤੇ ਨਜ਼ਰ ਮਾਰੀ ਜਾਵੇ ਤਾਂ ਵੱਖ-ਵੱਖ ਸੂਬਿਆਂ ਵਿਚ ਵੱਸਣ ਵਾਲੀਆ ਸਿੱਖ ਬਸਤੀਆ ਅਤੇ ਸਿੱਖਾਂ ਉਤੇ ਸਾਜਿਸ਼ਾਂ ਅਧੀਨ ਫਿਰਕੂ ਹਮਲੇ ਹੁੰਦੇ ਆ ਰਹੇ ਹਨ । ਬੀਤੇ 2 ਦਿਨ ਪਹਿਲੇ ਮੇਘਾਲਿਆ ਦੀ ਰਾਜਧਾਨੀ ਸਿਲਾਗ ਵਿਚ ਜਿਥੇ ਸਿੱਖਾਂ ਦੀ ਵੱਡੀ ਗਿਣਤੀ ਵੱਸਦੀ ਹੈ ਅਤੇ ਪੰਜਾਬੀ ਸਿੱਖ ਬਸਤੀ ਦੇ ਨਾਮ ਨਾਲ ਮਸ਼ਹੂਰ ਹੈ, ਉਥੇ ਮੁਤੱਸਵੀ ਸਿੱਖ ਵਿਰੋਧੀ ਜਮਾਤਾਂ ਅਤੇ ਬਦਮਾਸਾਂ ਵੱਲੋਂ ਹਮਲੇ ਜਾਰੀ ਹਨ । ਇਹ ਹੋਰ ਵੀ ਦੁੱਖ ਤੇ ਅਫ਼ਸੋਸ ਵਾਲੇ ਅਮਲ ਹਨ ਕਿ ਮੇਘਾਲਿਆ ਦੀ ਸੰਗਮਾ ਹਕੂਮਤ ਅਤੇ ਮੇਘਾਲਿਆ ਪੁਲਿਸ ਇਸ ਅਤਿ ਨਾਜੁਕ ਸਮੇਂ ਵੀ ਆਪਣੀਆ ਜਿੰਮੇਵਾਰੀਆ ਨੂੰ ਪੂਰਨ ਕਰਨ ਤੋਂ ਟਾਲਾ ਵੱਟਦੀ ਨਜਰ ਆ ਰਹੀ ਹੈ ਅਤੇ ਉਥੋਂ ਦੇ ਸਿੱਖਾਂ ਦੇ ਜਾਨ-ਮਾਲ ਦੀ ਹਿਫਾਜਤ ਦੀ ਜਿ਼ੰਮੇਵਾਰੀ ਨਹੀਂ ਨਿਭਾਈ ਜਾ ਰਹੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦੋ ਦਿਨਾਂ ਤੋਂ ਮੇਘਾਲਿਆ ਵਿਚ ਸਿੱਖਾਂ ਉਤੇ ਸਾਜਿਸ਼ ਅਧੀਨ ਹੋ ਰਹੇ ਹਮਲਿਆ ਅਤੇ ਉਨ੍ਹਾਂ ਦੇ ਜਾਨ-ਮਾਲ ਦੇ ਖੜ੍ਹੇ ਹੋ ਚੁੱਕੇ ਵੱਡੇ ਖ਼ਤਰੇ ਉਪਰੰਤ ਵੀ ਸਰਕਾਰ ਅਤੇ ਪੁਲਿਸ ਵੱਲੋਂ ਕੁੰਭਕਰਨੀ ਨੀਂਦ ਸੁੱਤੇ ਰਹਿਣ ਦੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਸੰਗਮਾ ਹਕੂਮਤ ਨੂੰ ਇਸ ਮੁੱਦੇ ਉਤੇ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੱਲ੍ਹ ਰਾਤ 9 ਵਜੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਬੁਲਾਰੇ, ਸਿਆਸੀ ਤੇ ਮੀਡੀਆ ਸਲਾਹਕਾਰ ਸ. ਇਕਬਾਲ ਸਿੰਘ ਟਿਵਾਣਾ ਨੂੰ 3-4 ਸੂਝਵਾਨ ਸਿੱਖਾਂ ਦੇ ਮੇਘਾਲਿਆ ਤੋਂ ਸ਼ਿਲਾਂਗ ਵਿਚ ਹੋ ਰਹੇ ਫਿਰਕੂ ਦੰਗਿਆਂ ਸੰਬੰਧੀ ਜਦੋਂ ਫੋਨ ਆਇਆ ਤਾਂ ਸ. ਟਿਵਾਣਾ ਨੇ ਤੁਰੰਤ ਮੇਘਾਲਿਆ ਦੇ ਸੀ.ਐਮ. ਸ੍ਰੀ ਕੋਨਾਰਡ ਸੰਗਮਾ ਦੇ ਦਫ਼ਤਰ ਨਾਲ ਟੈਲੀਫੋਨ ਉਤੇ ਇਸ ਗੰਭੀਰ ਸਥਿਤੀ ਸੰਬੰਧੀ ਸੰਪਰਕ ਕੀਤਾ ਤਾਂ ਫੋਨ ਅਟੈਡ ਕਰਨ ਵਾਲੇ ਸ੍ਰੀ ਡੈਨੀਅਲ ਨੂੰ ਸੀ.ਐਮ ਨਾਲ ਗੱਲ ਕਰਵਾਉਣ ਦੀ ਬੇਨਤੀ ਕੀਤੀ ਤਾਂ ਉਨ੍ਹਾਂ ਵੱਲੋਂ ਮੀਟਿੰਗ ਵਿਚ ਹੋਣ ਤੇ ਸੰਪਰਕ ਨਾ ਹੋ ਸਕਿਆ ਲੇਕਿਨ ਸ੍ਰੀ ਡੈਨੀਅਲ ਨੇ ਸ. ਟਿਵਾਣਾ ਤੋਂ ਪੂਰੀ ਸਥਿਤੀ ਦੀ ਜਾਣਕਾਰੀ ਲੈਦੇ ਹੋਏ ਕਿਹਾ ਕਿ ਸਭ ਪਾਸੇ ਫ਼ੌਜ ਲਗਾ ਦਿੱਤੀ ਗਈ ਹੈ ਅਤੇ ਪੁਲਿਸ ਆਪਣੀ ਜਿੰਮੇਵਾਰੀ ਨਿਭਾਅ ਰਹੀ ਹੈ । ਇਸ ਉਪਰੰਤ ਸ. ਟਿਵਾਣਾ ਨੇ ਮੇਘਾਲਿਆ ਦੇ ਡੀਜੀਪੀ ਸ੍ਰੀ ਐਸ.ਬੀ. ਸਿੰਘ ਦੇ ਨਿੱਜੀ ਮੋਬਾਇਲ ਨੰਬਰ 9856002003 ਉਤੇ ਗੱਲਬਾਤ ਕਰਦੇ ਹੋਏ ਸਿੱਖਾਂ ਦੇ ਜਾਨ-ਮਾਲ ਦੀ ਹਿਫਾਜਤ ਲਈ ਤੁਰੰਤ ਪ੍ਰਬੰਧ ਕਰਨ ਦੀ ਬੇਨਤੀ ਕੀਤੀ ਤਾਂ ਸ੍ਰੀ ਐਸ.ਬੀ. ਸਿੰਘ ਨੇ ਕਿਹਾ ਕਿ ਪੁਲਿਸ ਤੇ ਫੌ਼ਜ ਕੰਮ ਕਰ ਰਹੀ ਹੈ ਕੋਈ ਚਿੰਤਾ ਵਾਲੀ ਗੱਲ ਨਹੀਂ । ਸਭ ਕੰਟਰੋਲ ਵਿਚ ਹੈ । ਪਰ ਇਸਦੇ ਬਾਵਜੂਦ ਵੀ ਸਾਨੂੰ ਉਥੋਂ ਦੇ ਸਿੱਖਾਂ ਵੱਲੋਂ ਅੱਜ ਵੀ ਫੋਨ ਆ ਰਹੇ ਹਨ ਕਿ ਸੰਗਮਾ ਹਕੂਮਤ ਅਤੇ ਮੇਘਾਲਿਆ ਪੁਲਿਸ ਵੱਲੋਂ ਬਣਦੇ ਪ੍ਰਬੰਧ ਨਹੀਂ ਕੀਤੇ ਜਾ ਰਹੇ ਅਤੇ ਦੰਗਾਕਾਰੀ ਅੱਜ ਵੀ ਸਿੱਖ ਘਰਾਂ ਤੇ ਬਸਤੀਆ ਵਿਚ ਦਨਦਨਾਉਦੇ ਫਿਰਦੇ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮੇਘਾਲਿਆ ਦੀ ਹਕੂਮਤ ਅਤੇ ਸੈਂਟਰ ਦੀ ਮੋਦੀ ਹਕੂਮਤ ਨੂੰ ਕੌਮਾਂਤਰੀ ਪੱਧਰ ਤੇ ਪੁੱਛਣਾ ਚਾਹੇਗਾ ਕਿ ਸਿੱਖ ਕੌਮ ਦੇ ਜਾਨ-ਮਾਲ ਦੀ ਹਿਫਾਜਤ ਕੀ ਕੋਈ ਬਾਹਰੋ ਕਰਨ ਆਵੇਗਾ ? ਸ. ਮਾਨ ਨੇ ਮੁੱਖ ਮੰਤਰੀ ਮੇਘਾਲਿਆ ਅਤੇ ਡੀਜੀਪੀ ਮੇਘਾਲਿਆ ਨੂੰ ਜੋਰਦਾਰ ਇਨਸਾਨੀਅਤ ਨਾਤੇ ਅਪੀਲ ਕੀਤੀ ਕਿ ਮੇਘਾਲਿਆ ਵਿਚ ਜਿਥੇ ਵੀ ਸਿੱਖ ਵਸੋਂ ਵੱਸਦੀ ਹੈ, ਉਥੇ ਤੁਰੰਤ ਫ਼ੌਜ ਤੇ ਸੀ.ਆਰ.ਪੀ.ਐਫ. ਦੀਆਂ ਟੁਕੜੀਆ ਸਿੱਖਾਂ ਦੀ ਹਿਫਾਜਤ ਲਈ ਲਗਾਈਆ ਜਾਣ, ਕਾਨੂੰਨੀ ਤੌਰ ਤੇ ਸਖਤੀ ਤੋਂ ਕੰਮ ਲਿਆ ਜਾਵੇ । ਤਾਂ ਕਿ ਮੇਘਾਲਿਆ ਦੇ ਸਿੱਖਾਂ ਦੇ ਜਾਨ-ਮਾਲ ਦੀ ਹਿਫਾਜਤ ਹੋ ਸਕੇ । ਵਰਨਾ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਮੇਘਾਲਿਆ ਹਕੂਮਤ ਤੇ ਸੈਂਟਰ ਦੀ ਮੋਦੀ ਹਕੂਮਤ ਸਿੱਧੇ ਤੌਰ ਤੇ ਜਿੰਮੇਵਾਰ ਹੋਵੇਗੀ ।