ਭੋਪਾਲ – ਮੱਧਪ੍ਰਦੇਸ਼ ਵਿੱਚ ਜਿਵੇ-ਜਿਵੇਂ ਚੋਣਾਂ ਨਜ਼ਦੀਕ ਆ ਰਹੀਆਂ ਹਨ, ਤਿਵੇਂ-ਤਿਵੇਂ ਰਾਜਨੀਤਕ ਸਰਗਰਮੀਆਂ ਵੀ ਵੱਧਦੀਆਂ ਜਾ ਰਹੀਆਂ ਹਨ। ਮੱਧਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕਮਲ ਨਾਥ ਦੀ ਅਗਵਾਈ ਵਿੱਚ ਪਾਰਟੀ ਨੇਤਾਵਾਂ ਨੇ ਚੋਣ ਕਮਿਸ਼ਨ ਕੋਲ ਪਹੁੰਚ ਕੇ ਫਰਜ਼ੀ ਵੋਟਰਾਂ ਸਬੰਧੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਾਜ ਵਿੱਚ 60 ਲੱਖ ਤੋਂ ਵੱਧ ਨਕਲੀ ਵੋਟਰਾਂ ਦੇ ਨਾਮ ਵੋਟਿੰਗ ਸੂਚੀ ਵਿੱਚ ਦਰਜ਼ ਹਨ।
ਕਾਂਗਰਸ ਨੇ ਆਰੋਪ ਲਗਾਇਆ ਹੈ ਕਿ ਇਹ ਨਕਲੀ ਨਾਮ ਜਾਣਬੁੱਝ ਕੇ ਦਰਜ਼ ਕੀਤੇ ਗਏ ਹਨ ਅਤੇ ਇਸ ਦੇ ਪਿੱਛੇ ਬੀਜੇਪੀ ਦਾ ਹੱਥ ਹੈ। ਕਮਲ ਨਾਥ ਨੇ ਕਿਹਾ, ‘ ਅਸਾਂ ਚੋਣ ਕਮਿਸ਼ਨ ਨੂੰ ਸਬੂਤ ਦੇ ਦਿੱਤੇ ਹਨ ਕਿ ਲਗਭਗ 60 ਲੱਖ ਨਕਲੀ ਵੋਟਰਾਂ ਦੇ ਨਾਮ ਵੋਟਰ ਸੂਚੀ ਵਿੱਚ ਦਰਜ਼ ਕੀਤੇ ਗਏ ਹਨ। ਇਹ ਨਾਮ ਜਾਣਬੁੱਝ ਕੇ ਸੂਚੀ ਵਿੱਚ ਸ਼ਾਮਿਲ ਕੀਤੇ ਗਏ ਹਨ। ਇਹ ਪ੍ਰਸ਼ਾਸਨਿਕ ਲਾਪ੍ਰਵਾਹੀ ਨਹੀਂ, ਪ੍ਰਸ਼ਾਸਨਿਕ ਦੁਰਉਪਯੋਗ ਹੈ।’
ਜੋਤੀਰਾਦਿਤਿਆ ਸਿੰਧੀਆ ਨੇ ਵੀ ਬੀਜੇਪੀ ਤੇ ਆਰੋਪ ਲਗਾਉਂਦੇ ਹੋਏ ਕਿਹਾ, ‘ ਇਹ ਬੀਜੇਪੀ ਦਾ ਕੀਤਾ ਕਰਾਇਆ ਹੈ। ਇਹ ਕਿਸ ਤਰ੍ਹਾਂ ਸੰਭਵ ਹੈ ਕਿ 10 ਸਾਲ ਵਿੱਚ ਜਨਸੰਖਿਆ ਸਿਰਫ਼ 24 ਫੀਸਦੀ ਵੱਧੀ ਹੈ ਜਦੋਂ ਕਿ ਵੋਟਰਾਂ ਦੀ ਸੰਖਿਆ 40 ਫੀਸਦੀ ਵੱਧ ਗਈ? ਅਸਾਂ ਹਰ ਵਿਧਾਨਸਭਾ ਖੇਤਰ ਵਿੱਚ ਸੂਚੀਆਂ ਦੀ ਜਾਂਚ ਕੀਤੀ। ਇੱਕ ਹੀ ਵੋਟਰ ਦਾ ਨਾਮ 26 ਸੂਚੀਆਂ ਵਿੱਚ ਦਰਜ਼ ਹੈ। ਕਈਆਂ ਖੇਤਰਾਂ ਵਿੱਚ ਇਸ ਤਰ੍ਹਾਂ ਹੋਇਆ ਹੈ।’