ਦੁਨੀਆਂ ਭਰ ਵਿੱਚ ਲੋਕਾਂ ਨੂੰ ਵਾਤਾਵਰਣ ਦੀ ਮਹੱਤਤਾ ਤੋਂ ਜਾਣੂੰ ਕਰਵਾਉਣ ਅਤੇ ਇਸ ਦੀ ਸਾਂਭ ਸੰਭਾਲ ਪ੍ਰਤੀ ਜਨ-ਜਾਗਰੂਕਤਾ ਲਈ ਵਿਆਪਕ ਪੱਧਰ ਤੇ ਹਰ ਸਾਲ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਵਰ੍ਹੇ ਅੰਤਰ-ਰਾਸ਼ਟਰੀ ਪੱਧਰ ਤੇ ਵਿਸ਼ਵ ਵਾਤਾਵਰਨ ਦਿਵਸ ਦੀ ਮੇਜਬਾਨੀ ਭਾਰਤ ਕਰ ਰਿਹਾ ਹੈ ਅਤੇ ਵਿਸ਼ਵ ਵਾਤਾਵਰਣ ਦਿਵਸ 2018 ਦਾ ਵਿਸ਼ਾ ਪਲਾਸਟਿਕ ਪ੍ਰਦੂਸ਼ਣ ਦੀ ਸਮਾਪਤੀ ਹੈ।
ਜ਼ਮੀਨ ਜਾਂ ਪਾਣੀ ਵਿੱਚ ਪਲਾਸਟਿਕ ਉਤਪਾਦਾਂ ਦੇ ਢੇਰ ਜਾਂ ਪਲਾਸਟਿਕ ਉਤਪਾਦਾਂ ਦੀ ਰਹਿੰਦ ਖੂੰਹਦ ਆਦਿ ਨੂੰ ਪਲਾਸਟਿਕ ਪ੍ਰਦੂਸ਼ਣ ਕਿਹਾ ਜਾਂਦਾ ਹੈ ਜਿਸ ਨਾਲ ਵਾਤਾਵਰਣ, ਮਨੁੱਖ ਅਤੇ ਹੋਰ ਜੀਵਾਂ ਤੇ ਮਾੜਾ ਪ੍ਰਭਾਵ ਪੈਂਦਾ ਹੈ। ਜ਼ਿਆਦਾਤਰ ਪਲਾਸਟਿਕ ਸਾਮਾਨ ਜਿਵੇਂ ਲਿਫਾਫੇ ਜਾਂ ਬੈਗ, ਬੋਤਲਾਂ, ਸਟਾਇਰੋਫੋਮ ਅਤੇ ਥਰਮੋਕੋਲ ਦੇ ਡਿਸਪੋਜਲ ਆਦਿ ਨੂੰ ਇੱਕ ਵਾਰ ਵਰਤ ਕੇ ਕੂੜੇ ਦੇ ਰੂਪ ਵਿੱਚ ਸੁੱਟ ਦਿੱਤਾ ਜਾਂਦਾ ਹੈ। ਸੰਸਾਰ ਭਰ ਵਿੱਚ 1 ਮਿੰਟ ਵਿੱਚ ਤਕਰੀਬਨ 10 ਲੱਖ ਪਲਾਸਟਿਕ ਬੋਤਲਾਂ ਖਰੀਦੀਆਂ ਜਾ ਰਹੀਆਂ ਹਨ। ਪਲਾਸਟਿਕ ਗਲਦੀ ਨਹੀਂ, ਵਰਤੋਂ ਤੋਂ ਬਾਦ ਸੁੱਟੀ ਗਈ ਪਲਾਸਟਿਕ ਪਸ਼ੂਆਂ, ਪਾਣੀ ਵਿੱਚ ਰਹਿਣ ਵਾਲੇ ਜੀਵ ਜੰਤੂਆਂ ਲਈ ਬਹੁਤ ਵੱਡਾ ਖ਼ਤਰਾ ਹੈ।
ਪਲਾਸਟਿਕ ਮੁੱਖ ਰੂਪ ਵਿੱਚ ਪੈਟ੍ਰੋਲੀਅਮ ਪਦਾਰਥਾਂ ਤੋਂ ਉਤਸਰਜਿਤ ਸਿੰਥੈਟਿਕ ਰੇਜਿਨ ਤੋਂ ਬਣਿਆ ਹੈ। ਪਲਾਸਟਿਕ ਵਿੱਚ ਕਲੋਰੀਨ, ਫਲੋਰੀਨ, ਕਾਰਬਨ, ਹਾਈਡ੍ਰੋਜਨ, ਨਾਈਟ੍ਰੋਜਨ, ਆਕਸੀਜਨ ਅਤੇ ਸਲਫਰ ਦੇ ਅਣੂ ਸ਼ਾਮਲ ਹਨ। ਪਲਾਸਟਿਕ ਸੁੱਟਣਾ ਅਤੇ ਜਲਾਉਣਾ ਦੋਨੋਂ ਹੀ ਰੂਪਾਂ ਵਿੱਚ ਹਾਨੀਕਾਰਕ ਹੈ। ਪਲਾਸਟਿਕ ਰਹਿੰਦ ਖੂੰਹਦ ਨੂੰ ਜਲਾਉਣ ਨਾਲ ਆਮ ਤੌਰ ਤੇ ਕਾਰਬਨ ਡਾਈਆਕਸਾਇਡ ਅਤੇ ਕਾਰਬਨ ਮੋਨੋਆਕਸਾਇਡ ਗੈਸਾਂ ਪੈਦਾ ਹੁੰਦੀਆਂ ਹਨ ਜੋ ਕਿ ਸਾਹ ਨਲੀ, ਚਮੜੀ ਸੰਬੰਧੀ ਰੋਗਾਂ ਦਾ ਕਾਰਨ ਹੋ ਸਕਦਾ ਹੈ। ਪੌਲੀਸਟਾਇਨ ਪਲਾਸਟਿਕ ਦੇ ਜਲਣ ਤੇ ਕਲੋਰੋ ਫਲੋਰੋ ਕਾਰਬਨ ਪੈਦਾ ਹੁੰਦੀ ਹੈ ਜੋ ਕਿ ਵਾਯੂਮੰਡਨ ਦੀ ਉਜੋਨ ਪਰਤ ਲਈ ਹਾਨੀਕਾਰਕ ਹੈ। ਇਹ ਕੋਈ ਅੱਤਕੱਥਨੀ ਨਹੀਂ ਕਿ ਪਲਾਸਟਿਕ ਉਤਪਾਦਨ ਜਾਂ ਜਲਾਉਣ ਸਮੇਂ ਜੋ ਜਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ, ਉਹ ਕੈਂਸਰ ਅਤੇ ਹੋਰ ਭਿਆਨਕ ਬਿਮਾਰੀਆਂ ਨੂੰ ਖੁੱਲ੍ਹਾ ਸੱਦਾ ਹੈ।
ਦੁਨੀਆਂ ਭਰ ਚ ਮੌਜੂਦ ਪਲਾਸਟਿਕ ਦੇ ਪੰਜਵੇਂ ਹਿੱਸੇ ਤੋਂ ਵੀ ਘੱਟ ਪਲਾਸਟਿਕ ਨੂੰ ਰੀਸਾਇਕਲ ਕੀਤਾ ਜਾਂਦਾ ਹੈ। ਪਲਾਸਟਿਕ ਰੀਸਾਇਕਲਿੰਗ ਨੂੰ 1970 ਵਿੱਚ ਪਹਿਲੀ ਵਾਰ ਕੈਲੇਫੋਰਨੀਆ ਫਰਮ ਦੁਆਰਾ ਤਿਆਰ ਕੀਤਾ ਗਿਆ। ਰੀਸਾਇਕਲਿੰਗ ਪ੍ਰਕਿਰਿਆ ਕਾਫੀ ਮਹਿੰਗੀ ਹੈ ਅਤੇ ਪਲਾਸਟਿਕ ਰੀਸਾਇਕਲ ਜਿਆਦਾ ਸੁਰੱਖਿਅਤ ਵੀ ਨਹੀਂ ਮੰਨਿਆ ਜਾਂਦਾ ਹੈ ਕਿਉਂਕਿ ਪਲਾਸਟਿਕ ਰੀਸਾਇਕਲ ਸਮੇਂ ਵੀ ਜਿਆਦਾ ਪ੍ਰਦੂਸ਼ਣ ਫੈਲਦਾ ਹੈ।
ਪਲਾਸਟਿਕ ਪ੍ਰਦੂਸ਼ਣ ਦੀ ਸਮਾਪਤੀ ਵੱਲ ਸਿੱਕਮ ਸੂਬੇ ਨੇ ਸ਼ਲਾਘਯੋਗ ਉਪਰਾਲਾ ਕੀਤਾ ਹੈ। 1998 ਵਿੱਚ ਉਪਯੋਗ ਤੋਂ ਬਾਦ ਸੁੱਟ ਦਿੱਤੇ ਜਾਣ ਵਾਲੇ ਪਲਾਸਟਿਕ ਬੈਗ ਤੇ ਪਾਬੰਦੀ ਲਾਉਣ ਵਾਲਾ ਸਿੱਕਮ ਪਹਿਲਾ ਸੂਬਾ ਬਣਿਆ। ਜ਼ਹਿਰੀਲੇ ਪਲਾਸਟਿਕ ਨੂੰ ਘਟਾਉਣ ਅਤੇ ਵੱਧਦੀ ਕੂੜੇ ਕਰਕਟ ਦੀ ਸਮੱਸਿਆ ਨਾਲ ਨਜਿੱਠਣ ਲਈ ਸਿੱਕਮ ਨੇ 2016 ਵਿਚ ਦੋ ਹੋਰ ਅਹਿਮ ਫੈਸਲੇ ਲਏ ਜਿਸ ਵਿੱਚ ਸਰਕਾਰੀ ਦਫਤਰਾਂ ਅਤੇ ਸਰਕਾਰੀ ਪ੍ਰੋਗਰਾਮਾਂ ਵਿਚ ਪੈਕ ਕੀਤੇ ਪੀਣ ਵਾਲੇ ਪਾਣੀ ਦੇ ਇਸਤੇਮਾਲ ‘ਤੇ ਪਾਬੰਦੀ ਅਤੇ ਰਾਜ ਭਰ ਵਿਚ ਸਟਾਇਰੋਫੋਮ ਅਤੇ ਥਰਮੋਕੋਲ ਦੇ ਡਿਸਪੋਜ਼ੈਬਲ ਪਲੇਟ ਅਤੇ ਕਟਲਰੀ ਤੇ ਪਾਬੰਦੀ ਸ਼ਾਮਲ ਹੈ। ਮੌਜੂਦਾ ਸਮੇਂ ਦੌਰਾਨ ਭਾਰਤ ਦੇ ਹੋਰ ਖੇਤਰਾਂ ਵਿੱਚ ਵੀ ਪਲਾਸਟਿਕ ਬੈਗ ਤੇ ਪਾਬੰਦੀ ਲਾਈ ਗਈ ਹੈ।
ਸਮੇਂ ਦੀ ਜ਼ਰੂਰਤ ਹੈ ਕਿ ਵਿਵਸਥਾ ਵੀ ਪਲਾਸਟਿਕ ਪ੍ਰਦੂਸ਼ਣ ਨੂੰ ਨਜਿੱਠਣ ਲਈ ਸੰਜੀਦਗੀ ਨਾਲ ਲੋਂੜੀਦੇ ਕਦਮ ਪੁੱਟੇ ਅਤੇ ਇੱਕ ਸਜਗ ਨਾਗਰਿਕ ਹੋਣ ਦੇ ਨਾਤੇ ਲੋਕਾਂ ਨੂੰ ਵੀ ਪਲਾਸਟਿਕ ਸਾਮਾਨ ਦੀ ਵਰਤੋਂ ਨੂੰ ਘੱਟ ਕਰਨਾ ਚਾਹੀਦਾ ਹੈ ਅਤੇ ਪਲਾਸਟਿਕ ਸਾਮਾਨ ਦੀ ਥਾਂ ਹੋਰ ਵਾਤਾਵਰਣ ਪੱਖੀ ਵਿਕਲਪਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ।