ਲੁਧਿਆਣਾ – ਭਾਰਤੀ ਭੂਮੀ ਵਿਗਿਆਨ ਸੰਸਥਾ (ਆਈਐਸਐਸਐਸ) ਦੀ ਲੁਧਿਆਣਾ ਇਕਾਈ ਨੇ ਭੂਮੀ ਵਿਗਿਆਨ ਦੇ ਸਭ ਤੋਂ ਵੱਡੇ ਮਾਹਿਰਾਂ ਵਿੱਚੋਂ ਇੱਕ ਡਾ. ਦੇਵ ਰਾਜ ਭੁੰਬਲਾ ਨੂੰ ਸਨਮਾਨਿਤ ਕੀਤਾ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਡਾ. ਭੁੰਬਲਾ ਦੇ ਖੇਤੀ ਅਤੇ ਵਿਸ਼ੇਸ਼ ਤੌਰ ਤੇ ਭੂਮੀ ਵਿਗਿਆਨ ਦੇ ਖੇਤਰ ਵਿੱਚ ਕੀਤੇ ਕਾਰਜਾਂ ਨੂੰ ਸਨਮਾਨ ਦਿੰਦਿਆਂ ਬੱਲੋਵਾਲ ਸੌਂਖੜੀ ਵਿੱਚ ਕੰਢੀ ਖੇਤਰ ਦੇ ਖੇਤਰੀ ਖੋਜ ਕੇਂਦਰ ਦਾ ਨਾਂ ‘ਡਾ. ਡੀ ਆਰ ਭੁੰਬਲਾ ਰਿਜ਼ਨਲ ਰਿਸਰਚ ਸਟੇਸ਼ਨ ਫਾਰ ਕੰਢੀ ਏਰੀਆ, ਬੱਲੋਵਾਲ ਸੌਂਖੜੀ’ ਰੱਖਿਆ ਹੈ। ਇਸ ਸਮਾਗਮ ਵਿੱਚ ਭੂਮੀ ਵਿਗਿਆਨ ਦੇ ਬਹੁਤ ਵੱਡੇ ਮਾਹਿਰ ਵਿਗਿਆਨੀ ਸ਼ਾਮਿਲ ਹੋਏ ਜਿਨ੍ਹਾਂ ਵਿੱਚੋਂ ਆਈਐਸਐਸਐਸ ਦੇ ਸਾਬਕਾ ਪ੍ਰਧਾਨ ਡਾ. ਜੀ ਦੇਵ, ਪੀਏਯੂ ਦੇ ਸਾਬਕਾ ਨਿਰਦੇਸ਼ਕ ਖੋਜ ਡਾ. ਐਮ ਐਸ ਬਾਜਵਾ ਬੱਲੋਵਾਲ ਸੌਂਖੜੀ ਖੇਤਰੀ ਖੋਜ ਕੇਂਦਰ ਦੇ ਸਾਬਕਾ ਨਿਰਦੇਸ਼ਕ ਡਾ. ਐਚ ਐਸ ਸੁਰ, ਭੂਮੀ ਵਿਗਿਆ ਵਿਭਾਗ ਦੇ ਸਾਬਕਾ ਮੁਖੀ ਡਾ. ਜੀ ਐਸ ਹੀਰਾ, ਡਾ. ਐਮ ਐਸ ਪਸਰੀਚਾ, ਡਾ. ਵਿਰਾਜ ਬੇਰੀ, ਡਾ. ਯਾਦਵਿੰਦਰ ਸਿੰਘ, ਡਾ. ਯੂ ਐਸ ਸਿਡਾਨਾ ਅਤੇ ਐਚ ਐਸ ਥਿੰਦ ਪ੍ਰਮੁੱਖ ਸਨ।
ਵਿਭਾਗ ਦੇ ਕਈ ਹੋਰ ਸੇਵਾ ਮੁਕਤ ਮੈਂਬਰ ਇਸ ਸਮਾਗਮ ਵਿੱਚ ਸ਼ਾਮਿਲ ਹੋਏ । ਲੁਧਿਆਣਾ ਇਕਾਈ ਦੇ ਸਕੱਤਰ ਡਾ. ਧਰਮਿੰਦਰ ਸਿੰਘ ਨੇ ਲੁਧਿਆਣਾ ਇਕਾਈ ਦੀਆਂ ਗਤੀਵਿਧੀਆਂ ਬਾਰੇ ਸੰਖੇਪ ਵਿੱਚ ਚਰਚਾ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਭੂਮੀ ਵਿਗਿਆਨ ਵਿਭਾਗ ਦੇ ਕਾਰਜਾਂ ਬਾਰੇ ਵੀ ਗੱਲ ਕੀਤੀ। ਭਾਰਤੀ ਭੂਮੀ ਵਿਗਿਆਨ ਸੰਸਥਾ ਦੀ ਲੁਧਿਆਣਾ ਇਕਾਈ ਦੇ ਪ੍ਰਧਾਨ ਡਾ. ਓ ਪੀ ਚੌਧਰੀ ਨੇ ਡਾ. ਡੀ ਆਰ ਭੁੰਬਲਾ ਦੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਡਾ. ਦੇਵ ਅਤੇ ਡਾ. ਬਾਜਵਾ ਸਮੇਤ ਲੁਧਿਆਣਾ ਇਕਾਈ ਦੇ ਸਾਰੇ ਕਾਰਜਕਾਰੀ ਮੈਂਬਰਾਂ ਨੇ ਸਮੂਹਿਕ ਰੂਪ ਵਿੱਚ ਡਾ. ਭੁੰਬਲਾ ਦੇ ਸਨਮਾਨ ਵਿੱਚ ਇਕ ਸੋਵੀਨਰ ਜਾਰੀ ਕੀਤਾ ।
ਡਾ. ਭੁੰਬਲਾ ਨੇ ਆਪਣੇ ਅਕਾਦਮਿਕ ਸਫ਼ਰ ਬਾਰੇ ਗੱਲ ਕਰਦਿਆਂ ਆਪਣੀ ਗੰਭੀਰਤਾ ਅਤੇ ਸਮਰਪਣ ਦੀਆਂ ਕੁਝ ਗੱਲਾਂ ਕੀਤੀਆਂ। ਉਹਨਾਂ ਨੇ ਭੂਮੀ ਵਿਗਿਆਨ ਵਿਭਾਗ ਅਤੇ ਪੀਏਯੂ ਦਾ ਇਸ ਸਨਮਾਨ ਲਈ ਧੰਨਵਾਦ ਕੀਤਾ ਅਤੇ ਭਾਰਤੀ ਭੂਮੀ ਵਿਗਿਆਨ ਸੰਸਥਾਂ ਦੇ ਬਹੁਤੇ ਵਿਗਿਆਨੀਆਂ ਨਾਲ ਆਪਣੇ ਸੰਬੰਧਾਂ ਨੂੰ ਯਾਦ ਕੀਤਾ ।
ਇਸ ਮੌਕੇ ਡਾ. ਐਸ ਐਸ ਕੁੱਕਲ ਨੂੰ ਡੀਨ ਕਾਲਜ ਆਫ਼ ਐਗਰੀਕਲਚਰ ਅਤੇ ਡਾ. ਡੀ ਐਸ ਭੱਟੀ ਨੂੰ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਦੇ ਅਹੁਦਿਆਂ ਦਾ ਮਾਣ ਵਧਾਉਣ ਲਈ ਸਨਮਾਨਿਤ ਕੀਤਾ। ਅੰਤ ਤੇ ਲੁਧਿਆਣਾ ਇਕਾਈ ਦੇ ਜਨਰਲ ਸਕੱਤਰ ਡਾ. ਬੀ ਐਸ ਸੇਖੋਂ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।